ਸ. ਸੁਖਬੀਰ ਸਿੰਘ ਬਾਦਲ ਭਲਕੇ ਪਿੰਡ ਘੜਕਾ ਅਤੇ ਮੁੰਡਾ ਪਿੰਡ ਪੁੱਜ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਸੁਨਣਗੇ ਮੁਸ਼ਕਿਲਾਂ- ਬ੍ਰਹਮਪੁਰਾ
- ਰਾਜਨੀਤੀ
- 25 Aug, 2025 07:06 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਅਗਸਤ
ਸੂਬੇ ਅੰਦਰ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਭਲਕੇ, 26 ਅਗਸਤ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਦੌਰੇ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਉਹ ਹੜ੍ਹਾਂ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣਗੇ ਅਤੇ ਪੀੜਤ ਕਿਸਾਨਾਂ-ਮਜ਼ਦੂਰਾਂ ਦਾ ਦਰਦ-ਵੰਡਾਉਣਗੇ ਅਤੇ ਉਨ੍ਹਾਂ ਦੀਆਂ ਮੁਸਕਲਾਂ ਵੀ ਸੁਨਣਗੇ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਜਾਰੀ ਕਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਤੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ਼ਾਮ 4 ਵਜੇ ਪਿੰਡ ਮੁੰਡਾ ਪਿੰਡ ਦੀ ਦਾਣਾ ਮੰਡੀ ਵਿਖੇ ਪੀੜਤਾਂ ਨਾਲ ਮੁਲਾਕਾਤ ਕਰਨਗੇ ਅਤੇ ਇਸ ਉਪਰੰਤ ਸ਼ਾਮ 4:45 ਵਜੇ ਪਿੰਡ ਘੜਕਾ ਦਾ ਦੌਰਾ ਕਰਨਗੇ।ਬ੍ਰਹਮਪੁਰਾ ਨੇ 'ਆਪ' ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਜਦੋਂ ਪਿੰਡ ਮੁੰਡਾਪਿੰਡ ਕੋਲ ਬਿਆਸ ਦਰਿਆ ਦਾ ਬੰਨ੍ਹ ਟੁੱਟਾ ਤਾਂ ਵਾਰ-ਵਾਰ ਯਾਦ ਕਰਵਾਉਣ 'ਤੇ ਵੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਆਖ਼ਰਕਾਰ ਉਨ੍ਹਾਂ ਨੂੰ ਕਿਸਾਨਾਂ ਦੀ ਮਦਦ ਨਾਲ ਨਿੱਜੀ ਤੌਰ 'ਤੇ ਡੀਜ਼ਲ ਦਾ ਪ੍ਰਬੰਧ ਕਰਕੇ ਟੁੱਟੇ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰਵਾਉਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਦੇ ਰਾਜ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਕੋਈ ਸਰਕਾਰੀ ਮਦਦ ਜਾਂ ਰਾਹਤ ਨਹੀਂ ਮਿਲ ਰਹੀ,ਸਗੋਂ ਉਨ੍ਹਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਜਿੱਥੇ 'ਆਪ' ਸਰਕਾਰ ਦਾ ਕੋਈ ਵੀ ਮੰਤਰੀ ਜਾਂ ਨੁਮਾਇੰਦਾ ਹਾਲੇ ਤੱਕ ਪੀੜਤ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਆਗੂ ਨਿੱਜੀ ਤੌਰ 'ਤੇ ਮਦਦ ਲਈ ਅੱਗੇ ਆ ਰਹੇ ਹਨ। ਇਸੇ ਕਾਰਨ,ਪੀੜਤ ਕਿਸਾਨਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੱਲ੍ਹ ਦੇ ਦੌਰੇ ਨੂੰ ਇੱਕ ਵੱਡੀ ਆਸ ਦੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ।
Leave a Reply