ਕਰਤਾਰਪੁਰ ਕਾਰਿਡੋਰ ਮੁੱਦਾ ਪਾਕਿਸਤਾਨ–ਤੁਰਕੀ ਗੱਲਬਾਤ ਵਿੱਚ ਉੱਠਿਆ
- ਅੰਤਰਰਾਸ਼ਟਰੀ
- 30 Apr, 2026 08:00 AM (Asia/Kolkata)
ਲਾਹੌਰ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼
ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਤੁਰਕੀ ਦੇ ਕੌਂਸਲ ਜਨਰਲ ਮਹਮਤ ਏਮੈਨ ਸ਼ਿਮਸ਼ੇਕ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੌਕੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮਾਮਲਿਆਂ ਦੇ ਸਕੱਤਰ ਡਾ. ਉਸਮਾਨ ਅਲੀ ਖਾਨ ਵੀ ਮੌਜੂਦ ਸਨ। ਇਹ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਕਿਸੇ ਸਰਕਾਰੀ ਮੰਤਰੀ ਨਾਲ ਪਹਿਲੀ ਮੀਟਿੰਗ ਸੀ।
ਮੀਟਿੰਗ ਦੌਰਾਨ ਕੌਂਸਲ ਜਨਰਲ ਨੇ ਪੰਜਾਬ ਦੀ ਸੰਸਕ੍ਰਿਤਿਕ ਵਿਰਾਸਤ ਅਤੇ ਧਾਰਮਿਕ ਸਾਂਝ ਦੇ ਮਾਡਲ ਦੀ ਪ੍ਰਸ਼ੰਸਾ ਕੀਤੀ, ਖਾਸ ਤੌਰ ‘ਤੇ ਹਜ਼ੂਰੀ ਬਾਗ ਵਿੱਚ ਹੋਏ ਵਿਸਾਖੀ ਵਿਦਾਈ ਸਮਾਗਮ ਦੀ ਤਾਰੀਫ਼ ਕੀਤੀ। ਉਨ੍ਹਾਂ ਮੁੱਖ ਮੰਤਰੀ ਮਰਿਯਮ ਨਵਾਜ਼ ਅਤੇ ਮੰਤਰੀ ਰਮੇਸ਼ ਸਿੰਘ ਅਰੋੜਾ ਦੀਆਂ ਘੱਟ ਗਿਣਤੀ ਹਿਤੈਸ਼ੀ ਨੀਤੀਆਂ ਨੂੰ ਸਰਾਹਿਆ।
ਉਨ੍ਹਾਂ ਡਿਜ਼ਿਟਲ ਸਿੱਖਿਆ ਰਾਹੀਂ ਸਿੱਖਿਆ ਦੇ ਮੌਕੇ ਵਧਾਉਣ ਦਾ ਸੁਝਾਅ ਦਿੱਤਾ ਅਤੇ ਘੱਟ ਗਿਣਤੀ ਵਿਦਿਆਰਥੀਆਂ ਦੀ ਸੂਚੀ ਮੰਗੀ ਤਾਂ ਜੋ ਉਨ੍ਹਾਂ ਨੂੰ ਭਵਿੱਖ ਦੀਆਂ ਸਕਾਲਰਸ਼ਿਪ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਸਕੂਲਾਂ ਅਤੇ ਲਾਇਬ੍ਰੇਰੀਆਂ ਦੇ ਨਿਰਮਾਣ ਅਤੇ ਮੁੜ ਤਿਆਰੀ ਵਰਗੀਆਂ ਛੋਟੀਆਂ ਵਿਕਾਸ ਯੋਜਨਾਵਾਂ ਵਿੱਚ ਸਹਿਯੋਗ ਦੀ ਭੀ ਇੱਛਾ ਜਤਾਈ।
ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਪੰਜਾਬ ਸਰਕਾਰ ਦੀਆਂ ਘੱਟ ਗਿਣਤੀ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 2025 ਵਿੱਚ ਕਰਿਸਮਸ ਦੋ ਹਫ਼ਤੇ ਤੱਕ ਸਰਕਾਰੀ ਪੱਧਰ ‘ਤੇ ਮਨਾਇਆ ਗਿਆ ਅਤੇ ਸਿੱਖ ਭਾਈਚਾਰੇ ਲਈ ਚਾਰ ਵੱਡੇ ਸਾਲਾਨਾ ਸਮਾਗਮ ਕਰਵਾਏ ਜਾਂਦੇ ਹਨ।
ਉਨ੍ਹਾਂ ਕਰਤਾਰਪੁਰ ਕਾਰਿਡੋਰ ‘ਤੇ ਲੱਗੀਆਂ ਪਾਬੰਦੀਆਂ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਦੋ-ਪੱਖੀ ਸਮਝੌਤੇ ਅਨੁਸਾਰ ਯਾਤਰੀਆਂ ਦੀ ਆਵਾਜਾਈ ਜਾਰੀ ਰਹਿਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ “ਘੱਟ ਗਿਣਤੀ ਮੇਰਾ ਮਾਣ ਹਨ” ਦੇ ਵਿਜ਼ਨ ਹੇਠ ਇਤਿਹਾਸਕ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਹਾਊਸ ਵਿੱਚ ਪਹਿਲੀ ਵਾਰ ਦਿਵਾਲੀ ਮਨਾਉਣਾ ਵੀ ਸ਼ਾਮਲ ਹੈ। ਘੱਟ ਗਿਣਤੀਆਂ ਨੂੰ ਵਿੱਤੀ ਮਦਦ, ਗ੍ਰਾਂਟਾਂ ਅਤੇ ਸਕਾਲਰਸ਼ਿਪ ਦਿੱਤੀਆਂ ਜਾ ਰਹੀਆਂ ਹਨ, ਜਦਕਿ 17 ਗੁਰਦੁਆਰਿਆਂ ਦੀ ਮੁੜ ਤਿਆਰੀ ਹੋ ਚੁੱਕੀ ਹੈ ਅਤੇ 20 ‘ਤੇ ਕੰਮ ਜਾਰੀ ਹੈ।
ਚਰਚਾਂ, ਸ਼ਾਵਾਲਾ ਮੰਦਰ ਅਤੇ ਕ੍ਰਿਸ਼ਨਾ ਮੰਦਰ ਦੀ ਮੁੜ ਤਿਆਰੀ ਵੀ ਕੀਤੀ ਜਾ ਰਹੀ ਹੈ, ਜਦਕਿ ਧਾਰਮਿਕ ਸੈਰ-ਸਪਾਟੇ ਨੂੰ ਤਰਜੀਹ ਦਿੱਤੀ ਗਈ ਹੈ।
ਅੰਤ ਵਿੱਚ ਮੰਤਰੀ ਨੇ ਤੁਰਕੀ ਨਾਲ ਰੋਜ਼ਗਾਰ ਅਤੇ ਵਿਕਾਸ ਯੋਜਨਾਵਾਂ ਵਿੱਚ ਸਹਿਯੋਗ ਵਧਾਉਣ ਦੀ ਉਮੀਦ ਜਤਾਈ।
Leave a Reply