ਖਾਦ ਦੀ ਕਿਲਤ ਦੂਰ ਕੀਤੀ ਜਾਵੇ, ਜ਼ਬਰਦਸਤੀ ਜ਼ਮੀਨ ਐਕਵਾਇਰੀ ਬੰਦ ਕੀਤੀ ਜਾਵੇ ਅਤੇ ਡੀਜ਼ਲ-ਪੈਟਰੋਲ-ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਈ ਜਾਵੇ – ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ

ਖਾਦ ਦੀ ਕਿਲਤ ਦੂਰ ਕੀਤੀ ਜਾਵੇ, ਜ਼ਬਰਦਸਤੀ ਜ਼ਮੀਨ ਐਕਵਾਇਰੀ ਬੰਦ ਕੀਤੀ ਜਾਵੇ ਅਤੇ ਡੀਜ਼ਲ-ਪੈਟਰੋਲ-ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਈ ਜਾਵੇ – ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾਦੇਸ਼ ਦੇ ਪੰਜ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਅਰਥੀ ਫੂਕ ਮੁਜ਼ਾਹਰੇ, ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ 74 ਥਾਵਾਂ 'ਤੇ ਰੋਸ ਪ੍ਰਦਰਸ਼ਨ

ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਦੇ ਸੱਦੇ 'ਤੇ ਅੱਜ ਦੇਸ਼ ਦੇ ਪੰਜ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ ਲਗਭਗ 74 ਥਾਵਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਯੂਰੀਆ ਖਾਦ ਦਾ ਗੰਭੀਰ ਸੰਕਟ ਪੈਦਾ ਹੋ ਚੁੱਕਾ ਹੈ। ਕਿਸਾਨਾਂ ਨੂੰ ਸਰਕਾਰੀ ਦਰਾਂ 'ਤੇ ਯੂਰੀਆ ਖਾਦ ਉਪਲਬਧ ਨਹੀਂ ਹੋ ਰਹੀ, ਜਦਕਿ ਕਈ ਥਾਵਾਂ 'ਤੇ ਪ੍ਰਾਈਵੇਟ ਡੀਲਰਾਂ ਵੱਲੋਂ ਯੂਰੀਆ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਸਹਿਕਾਰੀ ਸਭਾਵਾਂ ਵਿੱਚ ਵੀ ਕਿਸਾਨਾਂ ਨੂੰ ਯੂਰੀਆ ਦੇ ਨਾਲ ਜ਼ਬਰਦਸਤੀ ਨੈਨੋ ਯੂਰੀਆ ਅਤੇ ਹੋਰ ਬੇਲੋੜਾ ਸਮਾਨ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਿਹਾ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਲੋੜ ਅਨੁਸਾਰ ਯੂਰੀਆ ਖਾਦ ਮੁਹੱਈਆ ਕਰਵਾਈ ਜਾਵੇ ਅਤੇ ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਖੇਤੀ ਦੀ ਲਾਗਤ ਅਤੇ ਆਮ ਲੋਕਾਂ ਦਾ ਘਰੇਲੂ ਖ਼ਰਚਾ ਬੇਹੱਦ ਵਧ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਨਿਗੂਣਾ ਵਾਧਾ ਕੀਤਾ ਜਾਂਦਾ ਹੈ, ਜਦਕਿ ਖੇਤੀ ਲਈ ਲੋੜੀਂਦੇ ਸਾਰੇ ਇਨਪੁੱਟਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ।
ਮੋਰਚੇ ਨੇ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਕਿਸਾਨਾਂ ਦੀ ਮਰਜ਼ੀ ਦੇ ਉਲਟ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕਰਨ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਵਿਕਾਸ ਦੇ ਨਾਂ ਹੇਠ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਉਪਜਾਊ ਖੇਤੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ, ਜਿਸ ਨਾਲ ਲੱਖਾਂ ਕਿਸਾਨ ਅਤੇ ਪੇਂਡੂ ਪਰਿਵਾਰ ਬੇਰੁਜ਼ਗਾਰੀ ਅਤੇ ਉਜਾੜੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਜ਼ਮੀਨ ਐਕਵਾਇਰ ਨਾ ਕੀਤੀ ਜਾਵੇ।
ਆਗੂਆਂ ਨੇ ਭਾਰਤ-ਅਮਰੀਕਾ ਵਪਾਰਕ ਅਤੇ ਖੇਤੀਬਾੜੀ ਡੀਲ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੀ ਇਹ ਡੀਲ ਭਾਰਤੀ ਖੇਤੀਬਾੜੀ ਲਈ ਘਾਤਕ ਸਾਬਤ ਹੋਵੇਗੀ। ਪਹਿਲਾਂ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਅਜਿਹੇ ਹਾਲਾਤਾਂ ਵਿੱਚ ਵਿਦੇਸ਼ਾਂ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ ਨਾਲ ਭਾਰਤੀ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖ਼ਰਾਬ ਹੋਵੇਗੀ। ਇਸ ਲਈ ਇਸ ਡੀਲ ਨੂੰ ਤੁਰੰਤ ਰੱਦ ਕੀਤਾ ਜਾਵੇ।
ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਗੋਲਡਨ ਗੇਟ, ਰਈਆ, ਜੰਡਿਆਲਾ ਗੁਰੂ, ਮਹਿਤਾ ਚੌਂਕ, ਕੱਥੂਨੰਗਲ ਟੋਲ ਪਲਾਜ਼ਾ, ਮਜੀਠਾ, ਖਿਆਲਾ ਕਲਾਂ, ਰਮਦਾਸ, ਗੱਗੋਮਾਹਲ ਚੌਂਕ, ਅਜਨਾਲਾ, ਲੋਪੋਕੇ ਅਤੇ ਖਾਸਾ ਸਮੇਤ 12 ਥਾਵਾਂ, ਬਰਨਾਲਾ ਵਿੱਚ 1, ਬਠਿੰਡਾ ਵਿੱਚ 3, ਫ਼ਰੀਦਕੋਟ ਵਿੱਚ 1, ਫਾਜ਼ਿਲਕਾ ਵਿੱਚ 2, ਫਿਰੋਜ਼ਪੁਰ ਵਿੱਚ 5, ਗੁਰਦਾਸਪੁਰ ਵਿੱਚ 5, ਹੁਸ਼ਿਆਰਪੁਰ ਵਿੱਚ 8, ਜਲੰਧਰ ਵਿੱਚ 3, ਕਪੂਰਥਲਾ ਵਿੱਚ 8, ਲੁਧਿਆਣਾ ਵਿੱਚ 3, ਮਲੇਰਕੋਟਲਾ ਵਿੱਚ 1, ਮਾਨਸਾ ਵਿੱਚ 1, ਮੋਗਾ ਵਿੱਚ 8, ਪਠਾਨਕੋਟ ਵਿੱਚ 3, ਪਟਿਆਲਾ ਵਿੱਚ 3, ਰੂਪਨਗਰ ਵਿੱਚ 2, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 1, ਸੰਗਰੂਰ ਵਿੱਚ 1, ਸ਼ਹੀਦ ਭਗਤ ਸਿੰਘ ਨਗਰ ਵਿੱਚ 1, ਸ੍ਰੀ ਮੁਕਤਸਰ ਸਾਹਿਬ ਵਿੱਚ 4 ਅਤੇ ਤਰਨ ਤਾਰਨ ਵਿੱਚ 1 ਥਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਮੋਰਚੇ ਨੇ ਪਟਿਆਲਾ ਵਿਖੇ ਅੰਦੋਲਨਕਾਰੀਆਂ ਉੱਤੇ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਸੰਘਰਸ਼ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਸਰਕਾਰਾਂ ਨੂੰ ਜਨਤਕ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਅੰਦੋਲਨਕਾਰੀਆਂ ਉੱਤੇ ਪੁਲਿਸ ਜਬਰ ਬੰਦ ਕਰਨਾ ਚਾਹੀਦਾ ਹੈ।
ਇਸ ਮੌਕੇ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅਨਿਲ ਕੁਮਾਰ ਸਿੰਘ (ਭਾਰਤੀ ਕਿਸਾਨ ਮਜ਼ਦੂਰ ਵਿਕਾਸ ਸੰਗਠਨ, ਬਿਹਾਰ), ਪਰਮਜੀਤ ਸਿੰਘ (ਮੱਧ ਪ੍ਰਦੇਸ਼), ਰਾਮ ਚੰਦਰ ਆਜ਼ਾਦ (ਪ੍ਰਗਤੀਸ਼ੀਲ ਕਿਸਾਨ ਸੰਗਠਨ, ਬਿਹਾਰ), ਅਸ਼ੋਕ ਸਿੰਘ ਤੋਮਰ (ਰਾਸ਼ਟਰੀ ਕਿਸਾਨ ਸਭਾ, ਮੱਧ ਪ੍ਰਦੇਸ਼), ਬਿਲਾਸ ਮਾਝੀ (ਕਿਸਾਨ ਮਜ਼ਦੂਰ ਮੋਰਚਾ, ਗਯਾ, ਬਿਹਾਰ), ਮਹਾਂਵੀਰ ਗੁੱਜਰ ਅਤੇ ਦੀਪਕ ਬਾਲੀਅਨ (ਰਾਜਸਥਾਨ ਕਿਸਾਨ ਮਜ਼ਦੂਰ ਨੌਜਵਾਨ ਸਭਾ, ਰਾਜਸਥਾਨ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰ ਫਰੰਟ, ਤਾਮਿਲਨਾਡੂ), ਗੁਰਅਮਨੀਤ ਸਿੰਘ ਮਾਂਗਟ (ਪ੍ਰੋਗਰੈਸਿਵ ਫਾਰਮਰ ਫਰੰਟ, ਉੱਤਰ ਪ੍ਰਦੇਸ਼), ਮਨਜੀਤ ਸਿੰਘ ਰਾਏ (ਭਾਰਤੀ ਕਿਸਾਨ ਯੂਨੀਅਨ ਦੁਆਬਾ), ਦਿਲਬਾਗ ਸਿੰਘ ਹਰੀਗੜ੍ਹ (ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ), ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ), ਬਲਦੇਵ ਸਿੰਘ ਜ਼ੀਰਾ (ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ), ਅਮਰਜੀਤ ਸਿੰਘ ਮੌਹੜੀ (ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ, ਹਰਿਆਣਾ), ਗੁਰਧਿਆਨ ਸਿੰਘ (ਭਾਰਤੀ ਕਿਸਾਨ ਯੂਨੀਅਨ ਭਟੇੜੀ), ਬਲਕਾਰ ਸਿੰਘ ਬੈਂਸ (ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਪੰਜਾਬ), ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ, ਪੰਜਾਬ) ਅਤੇ ਬਲਵੰਤ ਸਿੰਘ ਬਹਿਰਾਮ ਕੇ (ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਪੰਜਾਬ) ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਵੇਗਾ।
ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਖਾਦ ਦੀ ਕਮੀ, ਮਹਿੰਗਾਈ, ਜ਼ਮੀਨ ਐਕਵਾਇਰੀ ਅਤੇ ਕਿਸਾਨ-ਮਜ਼ਦੂਰਾਂ ਨਾਲ ਸਬੰਧਤ ਹੋਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.