ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਵਿਆਨਾ ਤੋਂ ਟਕਸਾਲੀ ਸਿੰਘਾਂ ਨੇ ਭਾਈ ਧੁੰਮੇ 'ਤੇ ਕਾਰਵਾਈ ਲਈ ਜਥੇਦਾਰ ਨੂੰ ਲਿਖਿਆ ਪੱਤਰ

ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਵਿਆਨਾ ਤੋਂ ਟਕਸਾਲੀ ਸਿੰਘਾਂ ਨੇ ਭਾਈ ਧੁੰਮੇ 'ਤੇ ਕਾਰਵਾਈ ਲਈ ਜਥੇਦਾਰ ਨੂੰ ਲਿਖਿਆ ਪੱਤਰ

ਜਥੇਦਾਰ ਜੀ! ਕਿਹੜੇ ਦਬਾਅ ਹੇਠ ਕਰ ਰਹੇ ਹੋ ਦੇਰੀ ? : ਵਿਦਿਆਰਥੀ ਦਮਦਮੀ ਟਕਸਾਲ 


ਚੰਡੀਗੜ੍ਹ, 14 ਮਾਰਚ , ਕੰਵਰ ਪ੍ਰਤਾਪ ਸਿੰਘ 
ਨਿੱਤ ਨਵੇਂ ਵਿਵਾਦਾਂ ਕਰਕੇ ਬਾਬਾ ਹਰਨਾਮ ਸਿੰਘ ਧੁੰਮਾ ਕਸੂਤੇ ਫਸਦੇ ਜਾ ਰਹੇ ਹਨ। ਭਾਈ ਧੁੰਮਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਂਚ ਲਗਾਉਣ, ਸਿੱਖਾਂ ਨੂੰ ਸਨਾਤਨੀ ਅਖਵਾਉਣ, ਹਿੰਦੂ ਕਰਮ-ਕਾਂਡ ਕਰਨ ਅਤੇ ਪੰਥ ਵਿਰੁੱਧ ਹੋਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਖਿਲਾਫ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਵਿਆਨਾ ਤੋਂ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅੱਜ ਦੁਬਾਰਾ ਪੱਤਰ ਲਿਖਿਆ ਹੈ ਜਿਸ ਵਿੱਚ ਬਾਬੇ ਧੁੰਮੇ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕਰਨ ਅਤੇ ਖਾਲਸਾ ਪੰਥ ਵਿੱਚੋਂ ਛੇਕਣ ਦੀ ਅਪੀਲ ਕੀਤੀ ਹੈ। 
ਜਥੇਦਾਰ ਨੂੰ ਲਿਖੇ ਪੱਤਰ 'ਚ ਸਮੂਹ ਵਿਦਿਆਰਥੀਆਂ ਨੇ ਸਾਂਝੇ ਰੂਪ 'ਚ ਕਿਹਾ ਕਿ ਅਸੀਂ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹਿਲਾਂ ਵੀ ਲਿਖਤੀ ਸ਼ਿਕਾਇਤ ਈਮੇਲ ਰਾਹੀਂ ਅਤੇ ਹੱਥ-ਦਸਤੀ ਸੌਂਪ ਚੁੱਕੇ ਹਾਂ ਜਿਸ ਵਿੱਚ ਜ਼ਿਕਰ ਕੀਤਾ ਸੀ ਕਿ ਭਾਈ ਧੁੰਮਾਂ ਨੇ ਭਾਜਪਾ/ਆਰ ਐਸ ਐਸ ਨਾਲ ਮਿਲ ਕੇ ਮਹਾਂਰਾਸ਼ਟਰ ਦੇ ਨਾਗਪੁਰ 'ਚ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਭਾਈ ਧੁੰਮਾ ਤੇ ਕੁਝ ਹੋਰ ਆਗੂ ਗੁਰ-ਮਰਯਾਦਾ ਅਨੁਸਾਰ ਚੌਂਕੜਾ ਮਾਰ ਕੇ ਬੈਠਣ ਦੀ ਬਜਾਏ ਬੈਂਚਾਂ ਉਤੇ ਲੱਤਾਂ ਲਮਕਾ ਕੇ ਬੈਠੇ ਹੋਏ ਸਨ ਜਦ ਕਿ ਹੁਕਮਨਾਮੇ ਅਨੁਸਾਰ "ਗੁਰੂ ਦਰਬਾਰ ਅਤੇ ਲੰਗਰ ਹਾਲ 'ਚ ਕੁਰਸੀਆਂ ਅਤੇ ਬੈਂਚ ਨਾ ਲਗਾਏ ਜਾਣ ਦਾ ਆਦੇਸ਼ ਹੈ ਕਿਉਂਕਿ ਇਹ ਸਤਿਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਵੱਡੀ ਕੁਤਾਹੀ ਹੈ।" ਭਾਈ ਧੁੰਮਾ ਤੇ ਹੋਰਾਂ ਵੱਲੋਂ ਇਹ ਵੱਡੀ ਅਵੱਗਿਆ, ਉਲੰਘਣਾ ਅਤੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਗਈ ਹੈ ਜੋ ਪੰਥ ਲਈ ਨਾ ਬਰਦਾਸ਼ਤ-ਯੋਗ ਹੈ ਤੇ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। 


ਤੇ ਹੁਣ ਕੁਝ ਦਿਨ ਪਹਿਲਾਂ ਮੁੰਬਈ 'ਚ ਕਰਵਾਏ ਸਮਾਗਮ ਦੌਰਾਨ ਧੁੰਮਾਂ ਵੱਲੋਂ ਸਿੱਖਾਂ ਦੀ ਵੱਖਰੀ ਹੋਂਦ-ਹਸਤੀ ਉੱਤੇ ਮਾਰੂ ਹਮਲੇ ਕੀਤੇ ਗਏ ਹਨ, ਬਾਗੇਸ਼ਵਰ ਧਾਮ ਵਾਲੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਓਥੇ ਬੋਲਦਿਆਂ ਕਿਹਾ ਕਿ "ਸਿੱਖ ਹਿੰਦੂਆਂ ਨਾਲੋਂ ਵੱਖਰੇ ਨਹੀਂ ਹਨ, ਸਿੱਖ ਆਪਣੇ ਹੱਥ 'ਚ ਗੀਤਾ ਰੱਖਣ ਤੇ ਅਬ ਤਨਾਤਨੀ ਵਾਲੇ ਸਿੱਖ ਵੀ ਸਨਾਤਨੀ ਬਣ ਰਹੇਂ ਹੈ" ਜਿਸ ਉੱਤੇ ਭਾਈ ਧੁੰਮੇ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟਾਈ ਤੇ ਉਸਦੇ ਬੋਲਾਂ ਦੀ ਸ਼ਲਾਘਾ ਕੀਤੀ ਜੋ ਸਿੱਖ ਕੌਮ, ਮੌਜੂਦਾ ਸਿੱਖ ਸੰਘਰਸ਼ ਤੇ ਸਾਡੇ ਸ਼ਹੀਦਾਂ-ਯੋਧਿਆਂ ਦਾ ਅਪਮਾਨ ਹੈ ਜਿਸ ਦਾ ਜਵਾਬ ਸ੍ਰੀ ਕੇਸਗੜ੍ਹ ਸਾਹਿਬ ਦੀ ਸਟੇਜ ਤੋਂ ਜਥੇਦਾਰ ਗੜਗੱਜ ਸਾਬ੍ਹ ਆਪ ਜੀ ਨੇ ਬਾਖੂਬੀ ਦਿੱਤਾ ਹੈ। 
ਭਾਈ ਧੁੰਮਾਂ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਵੀ ਕੀਤਾ ਗਿਆ ਜਿਸ ਨੇ ਪਾਰਲੀਮੈਂਟ 'ਚ ਭਾਸ਼ਣ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਜੇਲ੍ਹ 'ਚ ਬੰਦ ਕਰਨ ਦੀ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਕਹੀ ਜਿਸ ਉਪਰੰਤ ਸ਼੍ਰੋਮਣੀ ਕਮੇਟੀ ਨੇ ਅਮਿਤ ਸ਼ਾਹ ਖ਼ਿਲਾਫ਼ ਮਤਾ ਵੀ ਪਾਇਆ। ਵਿਦੇਸ਼ਾਂ 'ਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਨ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਵਿੱਚ ਵੀ ਅਮਿਤ ਸ਼ਾਹ ਦੋਸ਼ੀ ਹੈ। ਬਾਬੇ ਧੁੰਮੇ ਵੱਲੋਂ ਸਮਾਗਮਾਂ ਦੀ ਆੜ ਹੇਠ ਸਿੱਖ ਵਿਰੋਧੀ ਅਨਸਰਾਂ ਅਤੇ ਫ਼ਿਰਕੂ ਹਿੰਦੂਤਵੀਆਂ ਦਾ ਪ੍ਰਚਾਰ, ਹਿੰਦੂ ਕਰਮਕਾਂਡਾਂ ਨੂੰ ਬੜਾਵਾ ਅਤੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। 
ਵਿਦਿਆਰਥੀਆਂ ਨੇ ਲਿਖਿਆ ਕਿ ਸਮੁੱਚੀਆਂ ਪੰਥਕ ਧਿਰਾਂ, ਜਥੇਬੰਦੀਆਂ, ਆਗੂਆਂ ਤੇ ਸੰਗਤਾਂ ਵੱਲੋਂ ਧੁੰਮੇ ਦੇ ਪੰਥ ਵਿਰੋਧੀ ਵਿਚਾਰਾਂ ਤੇ ਗਤੀਵਿਧੀਆਂ ਖਿਲਾਫ ਸਟੇਜਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ਉਤੇ ਰੋਹ ਤੇ ਰੋਸ ਜਤਾਇਆ ਜਾ ਰਿਹਾ ਹੈ ਤੇ ਉਸਨੂੰ ਦਮਦਮੀ ਟਕਸਾਲ ਦੇ ਆਪੂੰ ਬਣੇ ਮੁਖੀ ਦੇ ਅਹੁਦੇ ਤੋਂ ਤੁਰੰਤ ਹਟਾਉਣ ਅਤੇ ਪੰਥ ਵਿੱਚੋਂ ਛੇਕਣ ਦੀ ਆਵਾਜ਼ ਉੱਠ ਰਹੀ ਹੈ ਜਿਸ ਬਾਰੇ ਅਸੀਂ ਵੀ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਧੁੰਮੇ ਨੂੰ ਤੁਰੰਤ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਜੋ ਕੋਈ ਹੋਰ ਪੰਥ ਦੋਖੀ ਅਜਿਹੀ ਹਰਕਤ ਨਾ ਕਰ ਸਕੇ। 
ਵਿਦਿਆਰਥੀਆਂ ਨੇ ਪੱਤਰ 'ਚ ਜਥੇਦਾਰ ਤੋਂ ਇਹ ਵੀ ਪੁੱਛਿਆ ਕਿ ਧੁੰਮੇ ਉੱਤੇ ਕਾਰਵਾਈ ਕਰਨ ਤੋਂ ਰੋਕਣ ਲਈ ਉਸ ਨਾਲ ਗੂੜ੍ਹੀ ਸਾਂਝ ਰੱਖਣ ਵਾਲੇ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੋਈ ਹੋਰ ਮੈਂਬਰ, ਜਥੇਬੰਦੀ ਜਾਂ ਆਗੂ ਦਾ ਆਪ ਉੱਤੇ ਦਬਾਅ ਹੈ ? ਜੇ ਨਹੀਂ ਤਾਂ ਫਿਰ ਆਪ ਜੀ ਦੇਰੀ ਕਿਉਂ ਕਰ ਰਹੇ ਹੋ ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਅਜ਼ਾਦ ਹਸਤੀ ਅਤੇ ਪ੍ਰਭੂਸੱਤਾ ਨੂੰ ਮੁੱਖ ਰੱਖਦਿਆਂ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਆਪ ਜੀ ਕਾਰਵਾਈ ਜ਼ਰੂਰ ਕਰੋ। 
ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਨਾਮ ਹੇਠ ਜਾਰੀ ਕੀਤੇ ਗਏ ਪੱਤਰ ਵਿੱਚ ਭਾਈ ਦਵਿੰਦਰ ਸਿੰਘ ਲਾਡੀ ਕੈਰੋਂ (ਡਰਾਈਵਰ ਸੰਤ ਬਾਬਾ ਠਾਕੁਰ ਸਿੰਘ ਜੀ), ਭਾਈ ਠਾਹਰਾ ਸਿੰਘ, ਭਾਈ ਜਸਵਿੰਦਰ ਸਿੰਘ ਨਿਹੰਗ, ਭਾਈ ਬਲਜੀਤ ਸਿੰਘ ਘੋਲੀਆ, ਭਾਈ ਦਲਜੀਤ ਸਿੰਘ, ਗਿਆਨੀ ਸਤਨਾਮ ਸਿੰਘ ਭੰਗੂ, ਰਾਗੀ ਗੁਰਮੀਤ ਸਿੰਘ ਬੁੱਟਰ, ਰਾਗੀ ਬਲਜੀਤ ਸਿੰਘ, ਭਾਈ ਨਿਰਮਲ ਸਿੰਘ ਵਡਾਲਾ, ਗਿਆਨੀ ਯਾਦਵਿੰਦਰ ਸਿੰਘ, ਭਾਈ ਤਰਨਦੀਪ ਸਿੰਘ ਟਾਟਾ, ਭਾਈ ਲਖਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਰਾਗੀ ਦਿਲਬਾਗ ਸਿੰਘ ਕਾਹਲਵਾਂ, ਹਰਪ੍ਰੀਤ ਸਿੰਘ ਪੰਮਾ, ਭਾਈ ਰਣਜੀਤ ਸਿੰਘ ਕੈਨੇਡਾ, ਭਾਈ ਬਾਵਾ ਸਿੰਘ, ਭਾਈ ਗੁਰਮੁਖ ਸਿੰਘ ਮੋਂਟਰੀਅਲ, ਭਾਈ ਖਜਾਨ ਸਿੰਘ ਅਮਰੀਕਾ, ਰਾਗੀ ਹਰਜੀਤ ਸਿੰਘ ਕੋਟਾ ਆਦਿ ਨਾਮ ਸ਼ਾਮਲ ਹਨ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.