₹1,000 ਪ੍ਰਤੀ ਮਹੀਨਾ ਦਾ ਵਾਅਦਾ ਟੁੱਟਿਆ:₹51,000 ਬਕਾਇਆ,89 ਲੱਖ ਮਹਿਲਾਵਾਂ ਵਾਂਝੀਆਂ-ਖੋਜੇਵਾਲ
- ਰਾਜਨੀਤੀ
- 04 Jul, 2026 04:41 PM (Asia/Kolkata)
ਆਪ ਪਾਰਟੀ ਨੇ ਝੂਠੇ ਦਾਅਵਿਆਂ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਲਾ ਵਿੱਚ ਮਹਾਰਤ ਹਾਸਲ ਕਰ ਲਈ ਹੈ-ਕੌਂਸ਼ਲਰ ਰੇਖਾ
ਭਗਵੰਤ ਮਾਨ ਤੇ ਪ੍ਰਤੀ ਮਹਿਲਾ ₹51,000 ਬਕਾਇਆ;89 ਲੱਖ ਮਹਿਲਾਵਾਂ ਨੂੰ ₹1,000 ਸਹਾਇਤਾ ਵੀ ਨਹੀਂ ਮਿਲੀ-ਆਨੰਦ/ਕੁਮਰਾ
ਕਪੂਰਥਲਾ 4 ਜੁਲਾਈ ਗੌਰਵ ਮੜੀਆ
ਪੰਜਾਬ ਵਿੱਚ ਆਪ ਪਾਰਟੀ ਦੇ ਸ਼ਾਸਨ ਦੇ 51 ਮਹੀਨਿਆਂ ਦਾ ਕੁੱਲ ਬਕਾਇਆ ₹51,000 ਤੁਰੰਤ ਮਹਿਲਾਵਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਵੇ।ਇਹ ਮੰਗ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮਹਿਲਾਵਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ।ਉਨ੍ਹਾਂ ਕਿਹਾ ਕਿ ਇਹ ਰਕਮ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 21 ਨਵੰਬਰ 2021 ਨੂੰ ਮੋਗਾ ਵਿੱਚ ਆਯੋਜਿਤ ਕੇਜਰੀਵਾਲ ਦੀ ਤੀਜੀ ਗਾਰੰਟੀ,ਮਹਿਲਾਵਾਂ ਨੂੰ ਵਧਾਈਆਂ ਪ੍ਰੋਗਰਾਮ ਦੌਰਾਨ ਦਿੱਤੀ ਗਈ ਤੀਜੀ ਗਾਰੰਟੀ ਅਨੁਸਾਰ ਬਣਦੀ ਹੈ।ਖੋਜੇਵਾਲ ਨੇ ਆਮ ਆਦਮੀ ਪਾਰਟੀ ਦੇ ਰਵੱਈਏ ਨੂੰ ਪੰਜਾਬ ਦੀਆਂ ਮਹਿਲਾਵਾਂ ਨਾਲ ਇਤਿਹਾਸਕ ਵਿਸ਼ਵਾਸਘਾਤ ਕਰਾਰ ਦਿੱਤਾ ਅਤੇ ਕਿਹਾ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਮਹਿਲਾਵਾਂ ਨੂੰ ਦੋ ਪੱਧਰਾਂ ਤੇ ਧੋਖਾ ਦਿੱਤਾ ਹੈ।ਪਹਿਲਾਂ ਆਮ ਵਰਗ ਦੀਆਂ ਮਹਿਲਾਵਾਂ ਨੂੰ ਕੇਵਲ ₹1,000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ ₹1,500 ਪ੍ਰਤੀ ਮਹੀਨਾ ਦੇ ਕੇ ਮਾਨ ਸਰਕਾਰ ਨੇ ਕੇਜਰੀਵਾਲ ਦੇ ਮੂਲ ਵਾਅਦੇ ਹਰ ਯੋਗ ਮਹਿਲਾ ਨੂੰ ₹1,000 ਪ੍ਰਤੀ ਮਹੀਨਾ—ਤਹਿਤ 51 ਮਹੀਨਿਆਂ ਦੇ ₹51,000 ਬਕਾਏ ਤੋਂ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਾਂਝਾ ਕਰ ਦਿੱਤਾ ਹੈ।ਦੂਜਾ,ਕੇਜਰੀਵਾਲ ਦੀ ਗਾਰੰਟੀ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਲਈ ਸੀ, ਜਿਸ ਵਿੱਚ 1.25 ਕਰੋੜ ਤੋਂ ਵੱਧ ਮਹਿਲਾਵਾਂ ਸ਼ਾਮਲ ਸਨ।ਪਰ ਮਾਨ ਸਰਕਾਰ ਦਾ ਦਾਅਵਾ ਹੈ ਕਿ ਕੇਵਲ 36 ਲੱਖ ਮਹਿਲਾਵਾਂ ਨੂੰ ਹੀ ਇਹ ਰਕਮ ਟ੍ਰਾਂਸਫਰ ਕੀਤੀ ਗਈ ਹੈ।ਇਸ ਦਾ ਅਰਥ ਹੈ ਕਿ 89 ਲੱਖ ਤੋਂ ਵੱਧ ਮਹਿਲਾਵਾਂ ਨੂੰ ਵਾਅਦਾ ਕੀਤੀ ਗਈ ₹1,000 ਸਹਾਇਤਾ ਵੀ ਨਹੀਂ ਮਿਲੀ।ਕੌਂਸ਼ਲਰ ਰੇਖਾ ਰਾਣੀ ਨੇ ਕਿਹਾ ਕਿ ਆਪ ਪਾਰਟੀ ਨੇ ਝੂਠੇ ਦਾਅਵਿਆਂ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਲਾ ਵਿੱਚ ਮਹਾਰਤ ਹਾਸਲ ਕਰ ਲਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤੇ ਗਏ 36 ਲੱਖ ਲਾਭਪਾਤਰੀਆਂ ਦੀ ਅਸਲ ਗਿਣਤੀ ਇਸ ਤੋਂ ਕਾਫ਼ੀ ਘੱਟ ਹੈ।ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਜਰਨਲ ਸਕੱਤਰ ਆਭਾ ਆਨੰਦ ਤੇ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰਿਤੂ ਕੁਮਰਾ ਨੇ ਯਾਦ ਦਿਵਾਇਆ ਕਿ ਮੋਗਾ ਰੈਲੀ ਵਿੱਚ ਕੇਜਰੀਵਾਲ ਨੇ ਕਿਹਾ ਸੀ,ਜੋ ਕੇਜਰੀਵਾਲ ਕਹਿੰਦੇ ਹਨ,ਉਹ ਕਰਕੇ ਵਿਖਾਉਂਦੇ ਹਨ।ਪਰ ਹਕੀਕਤ ਵਿੱਚ ਇਹ ਵਾਅਦਾ ਪੰਜਾਬ ਦੀਆਂ ਮਹਿਲਾਵਾਂ ਨੂੰ ਗੁੰਮਰਾਹ ਕਰਨ ਅਤੇ ਝੂਠੀਆਂ ਗਾਰੰਟੀਆਂ ਰਾਹੀਂ ਵੋਟਾਂ ਹਾਸਲ ਕਰਨ ਦਾ ਇੱਕ ਸੋਚਿਆ-ਸਮਝਿਆ ਯਤਨ ਲੱਗਦਾ ਹੈ।ਆਭਾ ਆਨੰਦ ਤੇ ਰਿਤੂ ਕੁਮਰਾ ਨੇ ਅੱਗੇ ਕਿਹਾ ਕਿ ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਸੀ ਕਿ ਇਸ ਯੋਜਨਾ ਲਈ ਪੈਸਾ ਕਿੱਥੋਂ ਆਵੇਗਾ,ਤਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੈਸਿਆਂ ਦੀ ਕੋਈ ਘਾਟ ਨਹੀਂ ਹੈ ਅਤੇ ₹20,000 ਕਰੋੜ ਦੇ ਗੈਰਕਾਨੂੰਨੀ ਰੇਤ ਖਨਨ ਨੂੰ ਰੋਕ ਕੇ ਇਸ ਯੋਜਨਾ ਨੂੰ ਫੰਡ ਕੀਤਾ ਜਾਵੇਗਾ।ਆਭਾ ਆਨੰਦ ਤੇ ਰਿਤੂ ਕੁਮਰਾ ਨੇ ਕਿਹਾ ਉਲਟ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਗੈਰਕਾਨੂੰਨੀ ਖਨਨ ਰੁਕਿਆ ਨਹੀਂ,ਸਗੋਂ ਕਈ ਗੁਣਾ ਵੱਧ ਗਿਆ ਹੈ।ਕੇਜਰੀਵਾਲ ਦੇ ਆਪਣੇ ਹੀ ਮਾਪਦੰਡਾਂ ਅਨੁਸਾਰ ਇਹ ਭਗਵੰਤ ਮਾਨ ਅਤੇ ਆਪ ਨੇਤਾਵਾਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ।ਆਭਾ ਆਨੰਦ ਤੇ ਰਿਤੂ ਕੁਮਰਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਮਹਿਲਾਵਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ,ਜਦ ਤੱਕ ਕੇਜਰੀਵਾਲ ਦੀ ਗਾਰੰਟੀ ਅਨੁਸਾਰ ਹਰ ਰੁਪਇਆ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਨਹੀਂ ਪਹੁੰਚ ਜਾਂਦਾ।
ਇਸ ਮੌਕੇ ਤੇ ਆਭਾ ਆਨੰਦ,ਰਿਤੂ ਕੁਮਰਾ,ਰੋਜ਼ੀ ਅਗਰਵਾਲ, ਦੀਪਿਕਾ ਅਗਰਵਾਲ,ਕੌਸਲਰ ਰੇਖਾ ਰਾਣੀ,ਨਰੇਸ਼ ਸਿਕੰਦ,ਸੁਨੀਤਾ ਵਾਲੀਆ,ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਰਾਜੂ,ਭਾਜਪਾ ਐੱਸਸੀ ਮੋਰਚਾ ਦੇ ਸੂਬਾ ਬੁਲਾਰੇ ਮੋਹਿੰਦਰ ਸਿੰਘ ਬਲੇਰ, ਐੱਸਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ,ਮੰਡਲ ਪ੍ਰਧਾਨ ਲੱਕੀ ਸਰਪੰਚ,ਮੰਡਲ ਪ੍ਰਧਾਨ ਕਮਲਜੀਤ ਪ੍ਰਭਾਕਰ,ਰਚਨਾ ਚੋਪੜਾ, ਬਲਜਿੰਦਰ ਸਬਰ,ਨਵਜੋਤ ਸਿੰਘ ਆਦਿ ਹਾਜ਼ਰ ਸਨ।
Leave a Reply