ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਪਾਲ ਭਵਨ ਵੱਲ ਕੌਮੀ ਇਨਸਾਫ ਮੋਰਚੇ ਦੇ ਮਾਰਚ ਨੂੰ ਰੋਕਣ ਦੀ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ
- ਰਾਜਨੀਤੀ
- 16 Aug, 2026 10:14 PM (Asia/Kolkata)
ਚੰਡੀਗੜ੍ਹ, 16 ਅਗਸਤ (ਕੁਲਵਿੰਦਰ ਸਿੰਘ ਚੰਦੀ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਮੋਹਾਲੀ ਤੋਂ ਚੰਡੀਗੜ੍ਹ ਰਾਜਪਾਲ ਭਵਨ ਵੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ-ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਸੀ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉੱਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ, ਡਰੋਨ ਨਾਲ ਗੋਲੇ ਸੁੱਟ ਕੇ, ਲਾਠੀਚਾਰਜ ਕਰਕੇ ਅਤੇ ਅਨੇਕਾਂ ਸਿੰਘਾਂ-ਸਿੰਘਣੀਆਂ ਨੂੰ ਗ੍ਰਿਫ਼ਤਾਰ ਕਰਕੇ ਬੇਹੱਦ ਧੱਕੇਸ਼ਾਹੀ ਅਤੇ ਜ਼ੁਲਮ ਕੀਤਾ ਹੈ। ਉਹਨਾਂ ਕਿਹਾ ਕਿ 15 ਅਗਸਤ 1947 ਸਿੱਖਾਂ ਦਾ ਲਈ ਅਜ਼ਾਦੀ ਨਹੀਂ ਬਲਕਿ ਬਰਬਾਦੀ, ਉਜਾੜਾ ਅਤੇ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਾਲਾ ਦਿਨ ਸੀ ਜਿਸ ਨੂੰ ਭਾਰਤ ਸਰਕਾਰ ਨੇ ਅੱਜ 15 ਅਗਸਤ ਵਾਲੇ ਦਿਨ ਸਿੱਖਾਂ ਉੱਤੇ ਅੱਤਿਆਚਾਰ ਕਰਕੇ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਦੀ ਭਾਰਤ ਵਿੱਚ ਕੋਈ ਸੁਣਵਾਈ ਨਹੀਂ ਤੇ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਵੀ ਵੱਡਾ ਜੁਰਮ ਹੈ। ਉਹਨਾਂ ਕਿਹਾ ਕਿ ਮੋਰਚੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇੜੇ ਅਤੇ ਲੰਗਰ ਛਕਦੀਆਂ ਸੰਗਤਾਂ ਉੱਤੇ ਪੁਲਿਸ ਵੱਲੋਂ ਗੋਲੇ ਸੁੱਟ ਦੇਣੇ ਇਹ ਸਿੱਖ ਕੌਮ ਹਰਗਿਜ਼ ਨਹੀਂ ਸਹਾਰੇਗੀ। ਉਹਨਾਂ ਕਿਹਾ ਕਿ ਮਾਰਚ ਵਿੱਚ ਹਾਜ਼ਰ ਸੰਗਤਾਂ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਜਹਿਰੀਲੀਆਂ ਗੈਸਾਂ ਛੱਡਣੀਆਂ ਤੇ ਸੰਗਤਾਂ ਨੂੰ ਅੱਗੇ ਵਧਣ ਤੋਂ ਰੋਕਣਾ ਇਹ ਪੁਲਿਸ ਦਾ ਸ਼ਰਮਨਾਕ ਵਤੀਰਾ ਹੈ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਸਿੱਖ ਵਹਿਮ ਜਰੂਰ ਕੱਢਣਗੇ, ਹਾਰਨਗੇ ਨਹੀਂ ਤੇ ਆਪਣੇ ਬੰਦੀ ਸਿੰਘ ਰਿਹਾਅ ਕਰਵਾ ਕੇ ਹੀ ਦਮ ਲੈਣਗੇ।
Leave a Reply