ਚੰਦਰੀ ਚੌਧਰ ਦਾ ਸਵਾਲ?

ਚੰਦਰੀ ਚੌਧਰ ਦਾ ਸਵਾਲ?

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੀ ਭਰਵੀਂ ਸ਼ਲਾਘਾ ਵੀ ਹੋ ਰਹੀ ਹੈ ਅਤੇ ਕੁੱਝ ਅਵਾਜਾਂ ਵਿਰੋਧ ਦੀਆਂ ਵੀ ਆ ਰਹੀਆਂ ਹਨ।ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਕਾਨੂੰਨ ਦੇ ਕੀਤੇ ਜਾ ਰਹੇ ਵਿਰੋਧ ਵਿੱਚ ਕਈ ਕਾਨੂੰਨੀ ਘਾਟਾਂ/ਖਦਸ਼ਿਆਂ ਤੋਂ ਇਲਾਵਾ ਵੱਡੇ ਜੋਰ ਸ਼ੋਰ ਨਾਲ ਇਹ ਕਾਰਨ ਵੀ ਉਭਾਰਿਆ ਜਾ ਰਿਹਾ ਹੈ ਕਿ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਅਰੰਭ ਕਰਨ ਵੇਲੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਾਹਬ ਨੇ ਇਸ ਕਾਨੂੰਨ ਦੇ ਬਣਦੇ ਸਾਰ ਸ਼੍ਰੋਮਣੀ ਸੰਸਥਾ ਵਲੋਂ ਪਹਿਲਾਂ ਕੀਤੀ ‘ਪੁਰਜ਼ੋਰ ਸ਼ਲਾਘਾ’ ਅਤੇ ਪੰਜਾਬ ਸਰਕਾਰ ਦੇ ਕੀਤੇ ਗਏ ‘ਧੰਨਵਾਦ’ ਦੀ, ਹਫਤੇ ਕੁ ਮਗਰੋਂ ਮੁਆਫੀ ਮੰਗਦਿਆਂ ਵਿਰੋਧ ਦਾ ਇਹ ਕਾਰਨ ਉਚੇਚ ਨਾਲ ਦੁਹਰਾਇਆ ਕਿ ਸਿੱਖ ਪੰਥ ਦੇ ਇਸ਼ਟ ਸਬੰਧੀ ਇਹ ਕਾਨੂੰਨ ਬਣਾਉਣ ਵੇਲੇ ਰਾਏ ਦੇਣ ਦੇ ਅਸੀਂ ‘ਪ੍ਰਥਮ ਹੱਕਦਾਰ’ ਸਾਂ ਪਰ ਮਾਨ ਸਰਕਾਰ ਨੇ ਸਾਨੂੰ ਅਣਗੌਲ਼ਿਆ ਕਰ ਦਿੱਤਾ।ਵੈਸੇ ਮੇਰਾ ਮੰਨਣਾ ਹੈ ਕਿ ਜੇ ਏਹੀ ਕਾਨੂੰਨ ਸੁਖਬੀਰ ਸਿੰਘ ਬਾਦਲ ਦੇ ਰਾਜ-ਭਾਗ ਵਿੱਚ ਬਣਿਆਂ ਹੁੰਦਾ ਤਾਂ ਧਾਮੀ ਸਾਹਬ ਨੇ ਸਾਰੇ ਇਤਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਸੁਖਬੀਰ ਬਾਦਲ ਨੂੰ ਸੱਦ ਸੱਦ ਕੇ ਉਹਦੀ ਗਰਦਣ ਸਿਰੋਪਿਆਂ ਨਾਲ਼ ਭਰ ਦੇਣੀ ਸੀ!
ਚਲੋ ਖੈਰ ਕਾਨੂੰਨੀ ਬਰੀਕੀਆਂ ਦੀ ਕੋਈ ਚੀਰ-ਫਾੜ ਕਰਨ ਦੀ ਬਜਾਇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਧਾਮੀ ਜੀ ਦੇ ਉਕਤ ਹਿਰਖ ਬਾਰੇ ਮੈਨੂੰ ਪੇਂਡੂ ਪਿਛੋਕੜ ਵਾਲ਼ੀ ਇਕ ਲੋਕ-ਵਾਰਤਾ ਚੇਤੇ ਆ ਗਈ ਜੋ ਇਸ ਘਟਨਾਕ੍ਰਮ ਨਾਲ ਕਾਫੀ ਢੁਕਦੀ ਹੈ-
ਕਹਿੰਦੇ ਕਿਸੇ ਪੇਂਡੂ ਘਰ ਵਿੱਚ ਨਵੀਂ ਨਵੀਂ ਆਈ ਵਹੁਟੀ ਨੇ ਆਪਣੇ ਸਹੁਰਾ ਪ੍ਰਵਾਰ ਦੇ ਜੀਆਂ ਦੀ ਫਿਤਰਤ ਬਾਰੇ ਜਾਣ ਲਿਆ ਕਿ ਇਹ ਏਨੇ ਕੰਜੂਸ ਹਨ ਕਿ ਦਰ ਆਏ ਕਿਸੇ ਮੰਗਤੇ ਫਕੀਰ ਨੂੰ ਖ਼ੈਰ ਵੀ ਨਹੀਂ ਪਾਉਂਦੇ!
ਇਕ ਦਿਨ ਕੀ ਹੋਇਆ ਕਿ ਵਹੁਟੀ ਝਾੜੂ-ਬਹਾਰੂ ਕਰਕੇ ਜਿਉਂ ਹੀ ਕੂੜਾ ਸੁੱਟਣ ਦਰਵਾਜਿਉਂ ਬਾਹਰ ਨਿਕਲ਼ੀ ਤਾਂ ਇਕ ਮੰਗਤੇ ਨੇ ਅਲਖ ਜਗਾਈ।ਵਹੁਟੀ ਨੇ ਹੱਥ ਦਾ ਇਸ਼ਾਰਾ ਕਰਦਿਆਂ ਦੱਬਵੀਂ ਜ਼ੁਬਾਨੇ ਮੰਗਤੇ ਨੂੰ ਕਹਿ’ਤਾ ਕਿ ਭਾਈ ਅਗਲੇ ਘਰ ਚਲਾ ਜਾਹ ਇੱਥੋਂ ਕੁੱਝ ਨਹੀਂ ਮਿਲਣਾ ਤੈਨੂੰ!
ਮੰਗਤਾ ਤਾਂ ਇਹ ਘਰ ਛੱਡਕੇ ਗਲ਼ੀ ਓ ਗਲ਼ੀ ਅਗਲੇ ਘਰ ਨੂੰ ਤੁਰ ਪਿਆ ਪਰ ਓਧਰ ਘਰ ਵਿੱਚ ਤੁਰੀ ਫਿਰਦੀ ਸੱਸ ਨੇ ਸੁਣ ਲਿਆ ਕਿ ਵਹੁਟੀ ਨੇ ਦਰ ਆਏ ਮੰਗਤੇ ਨੂੰ ‘ਕੁੱਝ ਕਿਹਾ’ ਹੈ।ਸੋ ਉਹ ‘ਮੌਕਾ ਦੇਖਣ ਵਾਲ਼ਿਆਂ’ ਵਾਂਗ ਦਰਵਾਜੇ ਵੱਲ੍ਹ ਨੂੰ ਦੌੜੀ ਆਈ ਤੇ ਇਹ ਘਰ ਛੱਡ ਕੇ ਅਗਲੇ ਘਰ ਵੱਲ੍ਹ ਤੁਰੇ ਜਾਂਦੇ ਮੰਗਤੇ ਨੂੰ ‘ਵਾਜ ਮਾਰ ਕੇ ਪਿੱਛੇ ਨੂੰ ਮੋੜ ਲਿਆ।
ਕਹਿੰਦੀ-ਵੇ ਭਾਈ,ਸਾਡੇ ਘਰ ਮੰਗਣ ਆਏ ਨੂੰ ਤੈਨੂੰ ਵਹੁਟੀ ਨੇ ਕੀ ਕਹਿ ਦਿੱਤਾ ?
ਨਿਮਾਣਾ ਜਿਹਾ ਹੁੰਦਿਆਂ ਮੰਗਤਾ ਕਹਿੰਦਾ ਜੀ ਬੀਬੀ ਨੇ ਏਹੀ ਕਿਹਾ ਕਿ ਇਸ ਘਰੋਂ ਤੈਨੂੰ ਖ਼ੈਰ ਨਹੀਂ ਮਿਲਣੀ…….!
ਸੱਸ ਮਾਤਾ ਉਹਨੂੰ ਵਿੱਚੋਂ ਹੀ ਟੋਕਦਿਆਂ ਬੋਲੀ-
“ਉਹ ਕੌਣ ਹੁੰਦੀ ਐ ਤੈਨੂੰ ਜਵਾਬ ਦੇਣ ਵਾਲ਼ੀ! ਕੱਲ੍ਹ ਆ ਕੇ 'ਪ੍ਰਧਾਨ’ ਬਣ ਗਈ ਐ? ਜਵਾਬ ਤਾਂ ਤੈਨੂੰ ਮੈਂ ਦੇਣਾ ਸੀ ! ….. ਜਾਹ ਭਾਈ ਭੱਜ ਜਾ ਇੱਥੋਂ !”
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
[email protected]

Tarlochan Singh Dupalpur
Tarlochan Singh Dupalpur
0014089055517
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.