ਪੰਜਾਬ ਦੇ ਦਰਿਆ ਤੇ ਸ਼ਮਸ਼ਾਨ ਘਾਟ ਸਿੱਖ ਕੌਮ 'ਤੇ ਵਾਪਰੇ ਘੱਲੂਘਾਰੇ ਅਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਨੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- 14 Jul, 2026 02:54 PM (Asia/Kolkata)
ਚੰਡੀਗੜ੍ਹ, 14 ਜੁਲਾਈ , ਮੰਗਤ ਸਿੰਘ ਸੈਦਪੁਰ -: ਅੱਜ ਸਤਲੁਜ ਦਰਿਆ ਹਰੀਕੇ ਪੱਤਣ ਦੇ ਕੰਢੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਸੱਦੇ ਉੱਤੇ ਹਜ਼ਾਰਾਂ ਸੰਗਤਾਂ ਦਾ ਭਾਰੀ ਇਕੱਠ ਹੋਇਆ ਤੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ, ਜਿਸ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਸ਼ਹੀਦ ਕਰਕੇ ਇਸੇ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਹਿੰਦੁਸਤਾਨੀ ਹਕੂਮਤ ਨੇ ਸਿੱਖ ਹੱਕਾਂ ਲਈ ਉੱਠੀਆਂ ਇਹਨਾਂ ਅਵਾਜ਼ਾਂ ਨੂੰ ਖ਼ਾਮੋਸ਼ ਕਰਨਾ ਚਾਹਿਆ ਸੀ ਪਰ ਸਾਡੇ ਸ਼ਹੀਦਾਂ ਦੀ ਗੂੰਜ ਪੂਰੀ ਦੁਨੀਆਂ ਵਿੱਚ ਪੈ ਰਹੀ ਹੈ। ਸ਼ਹੀਦਾਂ ਦੀ ਜੈ-ਜੈਕਾਰ ਸਦਾ ਹੁੰਦੀ ਰਹੇਗੀ ਤੇ ਭਾਰਤੀ ਹਕੂਮਤ ਦੇ ਬੁੱਚੜਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਹਕੂਮਤ ਨੇ ਕੇਵਲ ਪੰਜਾਬ ਦੇ ਦਰਿਆਵਾਂ ਵਿੱਚ ਵਗਦੇ ਪਾਣੀਆਂ ਨੂੰ ਹੀ ਨਹੀਂ ਲੁੱਟਿਆ ਬਲਕਿ ਇਹਨਾਂ ਦਰਿਆਵਾਂ ਨੂੰ ਸਾਡੇ ਖ਼ੂਨ ਨਾਲ਼ ਲਾਲ ਵੀ ਕੀਤਾ ਹੈ। ਇਹ ਦਰਿਆ ਅਤੇ ਸ਼ਮਸ਼ਾਨ ਘਾਟ ਸਾਡੇ ਉੱਤੇ ਵਾਪਰੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਹਨ। ਸਿੱਖਾਂ ਉੱਤੇ ਜ਼ੁਲਮ ਕਰਨ ਤੇ ਕਰਵਾਉਣ ਵਾਲੇ ਜੱਲਾਦਾਂ ਨੂੰ ਅੱਜ ਮੂੰਹ ਲੁਕਾਉਣ ਨੂੰ ਕੋਈ ਥਾਂ ਨਹੀਂ ਮਿਲ ਰਹੀ ਤੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਬਣ ਰਹੀਆਂ ਨੇ। ਇਸ ਹਰੀਕੇ ਦੇ ਕੋਲ ਹੀ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਨੂੰ ਦੋ ਜੀਪਾਂ ਪਿੱਛੇ ਬੰਨ੍ਹ ਕੇ ਵਿਚਾਲਿਓਂ ਪਾੜ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਹੋਈ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਹੁਕਮ 'ਤੇ ਬੁੱਚੜ ਪੁਲਿਸ ਅਫ਼ਸਰਾਂ ਵੱਲੋਂ ਘਰਾਂ, ਦੁਕਾਨਾਂ, ਖੇਤਾਂ ਤੇ ਗੁਰਦੁਆਰਿਆਂ 'ਚੋਂ ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਅਤੇ ਜਿਨ੍ਹਾਂ ਨੇ ਥਾਣਿਆਂ ਤੇ ਬੁੱਚੜਖਾਨਿਆਂ ਵਿੱਚ ਅਥਾਹ ਤਸ਼ੱਦਦ ਆਪਣੇ ਪਿੰਡੇ ਉੱਤੇ ਝੱਲਿਆ ਤੇ ਫਿਰ ਗੋਲ਼ੀਆਂ ਮਾਰ ਕੇ ਹਰੀਕੇ ਦਰਿਆ ਵਿੱਚ ਰੋੜ੍ਹ ਦਿੱਤੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ, ਜਿਨ੍ਹਾਂ ਦੀਆਂ ਲੰਬੇ ਸਮੇਂ ਤਕ ਜਾਂ ਅੱਜ ਤਕ ਅਰਦਾਸਾਂ ਵੀ ਨਾ ਹੋ ਸਕੀਆਂ, ਜਿਨ੍ਹਾਂ ਦੇ ਭੋਗ ਨਾ ਪਾਏ ਜਾ ਸਕੇ, ਜਿਨ੍ਹਾਂ ਬਾਰੇ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਜਿਉਂਦੇ ਵੀ ਹਨ ਜਾਂ ਮਾਰੇ ਗਏ ਹਨ, ਉਹਨਾਂ ਦੀਆਂ ਸ਼ਹਾਦਤਾਂ ਕਦੋਂ, ਕਿਵੇਂ ਤੇ ਕਿੱਥੇ ਹੋਈਆਂ, ਉਹਨਾਂ ਨਾਲ ਅਖੀਰਲੇ ਸਮੇਂ ਕੀ ਬੀਤੀ ਤੇ ਜਿਨ੍ਹਾਂ ਨੂੰ ਪਰਿਵਾਰ ਅੱਜ ਵੀ ਉਡੀਕ ਰਹੇ ਨੇ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਸੱਚ ਹੀ ਕਿਹਾ ਸੀ ਕਿ "ਸਾਨੂੰ ਮਾਰ ਕੇ ਵੀ ਹੁਣ ਪੁਲਿਸ ਤੋਂ ਸੱਚ 'ਤੇ ਪਰਦਾ ਨਹੀਂ ਪਾ ਹੋਣਾ।" ਪੁਲਿਸ ਨੇ ਜ਼ੁਲਮ ਦੇ ਹਨੇਰੇ ਵਿੱਚ ਸੱਚ ਦੀ ਰੋਸ਼ਨੀ ਲਈ ਦੀਵਾ ਲੈ ਕੇ ਆਏ ਭਾਈ ਖਾਲੜਾ ਨੂੰ ਵੀ ਭਾਵੇਂ ਲਾਵਾਰਸ ਲਾਸ਼ ਵਿੱਚ ਬਦਲ ਦਿੱਤਾ ਸੀ, ਪਰ ਭਾਈ ਖਾਲੜਾ ਅਤੇ ਸਾਡੇ ਹਜ਼ਾਰਾਂ ਸ਼ਹੀਦ ਲਾਵਾਰਿਸ ਨਹੀਂ ਹਨ, ਉਹਨਾਂ ਦਾ ਵਾਰਸ ਤਾਂ ਸਮੁੱਚਾ ਖ਼ਾਲਸਾ ਪੰਥ ਹੈ। ਤੇ ਪੰਥ ਆਪਣੇ ਸ਼ਹੀਦਾਂ ਨੂੰ ਕਦੇ ਇਕੱਲਿਆਂ ਨਹੀਂ ਛੱਡੇਗਾ, ਅਸੀਂ ਗੁਰਮਤਿ ਦੇ ਪਾਂਧੀ ਬਣ ਕੇ ਹੱਕ, ਸੱਚ, ਇਨਸਾਫ਼ ਅਤੇ ਆਪਣੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ, ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
Leave a Reply