ਖਾਲਸਾ ਪੰਚਾਇਤ ਵਾਲੇ ਰਾਜਿੰਦਰ ਸਿੰਘ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਕੀਤੀ ਬਿਆਨਬਾਜ਼ੀ ਅਤਿ ਨਿੰਦਣਯੋਗ-ਪੰਜੋਲੀ

ਖਾਲਸਾ ਪੰਚਾਇਤ ਵਾਲੇ ਰਾਜਿੰਦਰ ਸਿੰਘ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਕੀਤੀ ਬਿਆਨਬਾਜ਼ੀ ਅਤਿ ਨਿੰਦਣਯੋਗ-ਪੰਜੋਲੀ

ਰਾਜਿੰਦਰ ਸਿੰਘ ਆਪਣੀ ਇਸ ਗਲਤੀ ਦੀ ਤੁਰੰਤ ਮੁਆਫ਼ੀ ਮੰਗੇ’

ਫਤਹਿਗੜ੍ਹ ਸਾਹਿਬ, 20 ਮਈ ,ਨਜ਼ਰਾਨਾ ਟਾਈਮਜ ਬਿਊਰੋ - ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਖਾਲਸਾ ਪੰਚਾਇਤ ਵਾਲੇ ਰਾਜਿੰਦਰ ਸਿੰਘ ਵਲੋਂ ਸਵਰਗੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਉਤੇ ਭ੍ਰਿਸ਼ਟ ਢੰਗ ਤਰੀਕਿਆਂ ਨਾਲ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਰਹਿਣ ਦੇ ਦੋਸ਼ ਲਾਉਣ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਚੰਦ ਉਤੇ ਥੁੱਕਣ ਵਾਲੀ ਹਰਕਤ ਦਸਿਆ 

ਜਥੇਦਾਰ ਪੰਜੋਲੀ ਨੇ ਕਿਹਾ ਕਿ ਰਜਿੰਦਰ ਸਿੰਘ ਹੋਰਾਂ ਨੂੰ ਇਹ ਸੋਝੀ ਹੀ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਖੋਲ੍ਹਣ, ਮਾਇਆ ਗਿਣਨ ਅਤੇ ਬੈਂਕਾਂ ਵਿਚ ਜਮ੍ਹਾਂ ਕਰਾਉਣ ਤੱਕ ਦੇ ਪੂਰੇ ਅਮਲ ਵਿਚ ਜਿਨ੍ਹੇ ਵਿਅਕਤੀ ਸ਼ਾਮਲ ਹੁੰਦੇ ਹਨ, ੳਹਨਾਂ ਵਿਚੋਂ ਕੋੲ ਚਾਹ ਕੇ ਵੀ ਇਕ ਪੈਸਾ ਇਧਰ ਉਧਰ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਉਹ ਇਹ ਦਾਅਵਾ ਨਹੀਂ ਕਰਦੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਨਹੀਂ ਹੈ ਜਾਂ ਕਦੇ ਨਹੀਂ ਸੀ, ਪਰ ਜੇ ਕੋਈ ਇਹ ਕਹੇ ਕਿ ਪੈਸੇ ਸਿੱਧੇ ਗੋਲਕਾਂ ਵਿਚੋਂ ਹੀ ਕੱਢ ਲਏ ਜਾਂਦੇ ਸਨ ਤਾਂ ਉਹ ਮੂਰਖ਼ਾਂ ਦੀ ਦੁਨੀਆਂ ਵਿਚ ਰਹਿੰਦਾ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਦੇ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਲਾਲਸਾ ਨਹੀਂ ਰਹੀ, ਸਗੋਂ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਹੜਾ ਉਹਨਾਂ ਨੂੰ ਹਰ ਸਾਲ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਪਾਰਟੀ ਉਮੀਦਵਾਰ ਬਣਾਉਂਦਾ ਸੀ। ਉਹਨਾਂ ਕਿਹਾ ਕਿ ਰਾਜਿੰਦਰ ਸਿੰਘ ਦੀ ਇਹ ਦਲੀਲ ਵੀ ਬਿਲਕੁਲ ਗਲਤ ਹੈ ਕਿ ਜਥੇਦਾਰ ਟੌਹੜਾ ਨੂੰ ਲਾਹੁਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਿਆਦਾ ਲਾਲਚ ਦੇ ਦਿਤਾ ਸੀ। ਜਥੇਦਾਰ ਪੰਜੋਲੀ ਨੇ ਕਿਹਾ ਕਿ ਦਰਅਸਲ 1996 ਦੀ ਆਮ ਚੋਣ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਦੇ ਬਹੁਗਿਣਤੀ ਮੈਂਬਰ ਪੰਥਕ ਸੋਚ ਦੇ ਧਾਰੀ ਸਨ ਜਿਨ੍ਹਾਂ ਅੰਦਰ ਪੰਥਕ ਜਜ਼ਬਾਤ ਸਨ, ਇਸ ਲਈ ਹੀ ਜਦੋਂ ਕਦੇ ਇਮਤਿਹਾਨ ਆਉਂਦਾ ਸੀ ਉਹ ਜਥੇਦਾਰ ਟੌਹੜਾ ਦੇ ਹੱਕ ਵਿਚ ਡੱਟ ਜਾਂਦੇ ਸਨ। ਪਰ 1996 ਦੀ ਚੋਣ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਬਹੁਤੀਆਂ ਟਿਕਟਾਂ ਉਹਨਾਂ ਬੰਦਿਆ ਨੂੰ ਦਿਤੀਆਂ ਜਿਨ੍ਹਾਂ ਦਾ ਪੰਥਕ ਸੋਚ, ਰਹਿਣੀ-ਬਹਿਣੀ, ਸਿਧਾਤਾਂ ਤੇ ਪ੍ਰੰਪਰਾਵਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ, ਇਸ ਲਈ ਹੀ ਉਹ 1999 ਵਿਚ ਜਥੇਦਾਰ ਟੌਹੜਾ ਨੂੰ ਸ਼ਰੋਮਣੀ ਕਮੇਟੀ ਦੇ ਅਹੁਦੇ ਤੋਂ ਲਾਂਭੇ ਕਰਨ ਵਿਚ ਸਫ਼ਲ ਹੋ ਗਿਆ ਸੀ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਮੈਂਬਰਾਂ ਨੂੰ ਸਿਰਫ਼ ਆਪਣੇ ਨਾਲ ਰੱਖਣ ਲਈ ਕਿਸੇ ਮੈਂਬਰ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕਦੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਗੁਰਦੁਆਰੇ ਵਿਚ ਮੁਲਾਜ਼ਮਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਲੋੜਵੰਦ ਮੈਂਬਰਾਂ ਦੇ ਯੋਗ ਪੁੱਤ-ਧੀਆਂ ਨੂੰ ਸਰਕਾਰ ਜਾਂ ਬੈਕਾਂ ਵਿਚ ਮੁਲਾਜ਼ਮਤ ਜ਼ਰੂਰ ਦੁਆਉਂਦੇ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਰਾਜਿੰਦਰ ਸਿੰਘ ਨੂੰ ਇਹ ਨਹੀਂ ਪਤਾ ਕਿ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਸਨ ਜਿਨ੍ਹਾਂ ਨੇ ਪ੍ਰਧਾਨ ਹੁੰਦਿਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਲਈ ਦੋ ਵਾਰੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਗਏ ਸਨ। ਉਹਨਾਂ ਇਸ ਸਬੰਧ ਵਿਚ ਹੋਰ ਵੇਰਵੇ ਦਿੰਦਿਆਂ ਦਸਿਆ ਕਿ ਇਕ ਵਾਰੀ ਨਹੀਂ ਸਗੋਂ ਬਹੁਤ ਵਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਮੱਤਭੇਦ ਹੋਣ ਕਰ ਕੇ ਆਪਣਾ ਅਸਤੀਫ਼ਾ ਦਿਤਾ ਸੀ, ਇਹ ਵੱਖਰੀ ਗੱਲ ਹੈ ਕਿ ਪਾਰਟੀ ਤੇ ਸਰਕਾਰਾਂ ਦੇ ਦਬਾਅ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਅਸਤੀਫੇ ਪ੍ਰਵਾਨ ਨਹੀਂ ਸੀ ਕੀਤੇ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਇਹ ਇਕ ਨਹੀ ਹਜ਼ਾਰਾਂ ਉਦਾਹਰਣਾਂ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਲੱਖਾਂ-ਕਰੋੜਾਂ ਰੁੱਪਈਆਂ ਦੇ ਚੋਣ ਫੰਡ ਨੂੰ ਵੀ ਇਸ ਕਰ ਕੇ ਠੋਕਰ ਮਾਰ ਦਿੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚੋਣ ਫੰਡ ਦੇਣ ਵਾਲੇ ਵਕਿਅਤੀਆ ਨੇ ਉਹਨਾਂ ਤੋ ਪੈਸੇ ਗਲਤ ਕੰਮ ਕਰਾਉਣ ਲਈ ਜ਼ੋਰ ਪਾਉਣ ਹੈ, ਜੋ ਉਹ ਕਦੇ ਵੀ ਨਹੀਂ ਸੀ ਕਰਦੇ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਦੀ ਈਮਾਨਦਾਰੀ ੳਤੇ ਸ਼ੱਕ ਕਰਨਾ ਚੰਦ ਉਤੇ ਥੁੱਕਣ ਵਾਲੀ ਹਿਮਾਕਤ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਵੀ ਹੁਣ ਇਕ ਰਿਵਾਜ਼ ਹੀ ਬਣ ਗਿਆ ਹੈ ਕਿ ਜਥੇਦਾਰ ਟੌਹੜਾ ਖ਼ੁਦ ਤਾਂ ਈਮਾਨਦਾਰ ਸਨ ,ਪਰ ਭ੍ਰਿਸ਼ਟ ਵਿਅਕਤੀਆਂ ਦੀ ਪੁਸ਼ਤਪਨਾਹੀ ਕਰਦੇ ਸਨ। ਉਹਨਾਂ ਕਿਹਾ ਕਿ ਇਹ ਵੀ ਦਿਨ ਤੂੰ ਰਾਤ ਤੇ ਰਾਤ ਨੂੰ ਦਿਨ ਕਹਿਣ ਵਾਲੀ ਗੱਲ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.