ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਸੰਸਥਾ ਹੈ, ਇਸ ਲਈ ਇਸ ਸੰਸਥਾ ਦੇ ਆਦਰਸ਼ਕ ਪ੍ਰਬੰਧ ਲਈ ਵਿਧੀ ਵਿਧਾਨ ਜ਼ਰੂਰੀ :ਮਿਸ਼ਨਰੀ ਕਾਲਜ
- ਧਾਰਮਿਕ/ਰਾਜਨੀਤੀ
- (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਸੰਸਥਾ ਹੈ, ਇਸ ਲਈ ਇਸ ਸੰਸਥਾ ਦੇ ਆਦਰਸ਼ਕ ਪ੍ਰਬੰਧ ਲਈ ਵਿਧੀ ਵਿਧਾਨ ਜ਼ਰੂਰੀ ਮਿਸ਼ਨਰੀ ਕਾਲਜ
ਲੁਧਿਆਣਾ 25 ਮਾਰਚ ,ਗੁਰਜੀਤ ਸਿੰਘ ਆਜ਼ਾਦ
ਅੱਜ ਮਿਤੀ 25 ਮਾਰਚ 2025 ਨੂੰ ਮਿਸ਼ਨਰੀ ਕਾਲਜਾਂ ਦੀ ਮੀਟਿੰਗ, ਸੈਕਟਰ 39, ਲੁਧਿਆਣਾ ਵਿੱਖੇ ਹੋਈ, ਜਿਸ ਵਿਚ ਮਜੂਦਾ ਪੰਥ ਮਸਲਿਆਂ ਤੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਦੌਰਾਨ ਚਰਚਾ ਹੋਈ ਕਿ
ਸ੍ਰੀ ਅਕਾਲ ਤਖ਼ਤ ਸਾਹਿਬ ‘ਨਾਨਕ ਨਿਰਮਲ ਪੰਥ' ਦੀ ‘ ਨਿਰਮਲ ਵਿਚਾਰਧਾਰਾ' ਦੀ ਇੱਕ ਮਹੱਤਵਪੂਰਨ ਸੰਸਥਾ ਹੈ।ਇਸ ਸੰਸਥਾ ਨੇ ਸਿੱਖ ਧਰਮ ਦੇ ਵਿਕਾਸ ਤੇ ਸਥਾਪਤੀ ਲਈ ਮੀਲ ਪੱਥਰ ਦਾ ਕਾਰਜ ਕੀਤਾ ਹੈ। ਸ੍ਰੀ ਅਕਾਲ ਤਖ਼ਤ ਦਾ ਕਾਰਜ ਖੇਤਰ ਸਮੂੰਹ ਸਿੱਖਾਂ ਦੇ ਸੰਸਾਰ ਵਿਆਪੀ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਰੋਕਾਰਾਂ ਨਾਲ ਹੈ, ਕੇਵਲ ਪੰਜਾਬ ਦੇ ਸਿੱਖਾਂ ਦੇ ਇੱਕ ਵਰਗ ਦੇ ਵਕਤੀ ਸਰੋਕਾਰਾਂ ਤੱਕ ਮਹਿਦੂਦ ਨਹੀਂ। ਸਿਧਾਂਤ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਗੁਰੂ ਪੰਥ' ਦੀ ਪ੍ਰਤੀਨਿਧ ਸੰਸਥਾ ਹੈ, ਜਿਸ ' ਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦਾ ਅਧਿਕਾਰ ਨਹੀਂ ਹੈ।

ਪਰ ਪਿਛਲੇ ਕੁਝ ਸਾਲਾਂ ਤੋਂ ਜਿਸ ਤਰੀਕੇ ਨਾਲ ਐਸ.ਜੀ.ਪੀ.ਸੀ.ਤੇ ਕਾਬਜ਼ ਧਿਰ ਵਲੋਂ ਇਸ ਸੰਸਥਾ ਨੂੰ ਆਪਣੇ ਲਾਭ ਲੈਣ ਲਈ ਵਰਤਿਆ ਹੈ ਉਸ ਨਾਲ ਇਸ ਸੰਸਥਾ ਦੇ ਵਕਾਰ ਨੂੰ ਵੱਡੀ ਠੇਸ ਵੱਜੀ ਹੈ। ਇਸ ਸਰਬਉੱਚ ਸੰਸਥਾ ਦੇ ਜਥੇਦਾਰ ਦੀ ਨਿਯੁਕਤੀ, ਕਾਰਜਵਿਧੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਨਾ ਹੋਣ ਕਰਕੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਲਾਉਣਾ ਤੇ ਫਿਰ ਜ਼ਲੀਲ ਕਰਕੇ ਅਹੁਦਿਆਂ ਤੋਂ ਹਟਾਉਣ ਦਾ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।
ਮੌਜੂਦਾ ਸਮੇਂ ਵਿੱਚ ਜਥੇਦਾਰਾਂ ਸੰਬੰਧੀ ਚੱਲ ਰਹੇ ਵਾਦ-ਵਿਵਾਦ ਦਾ ਮੂਲ ਕਾਰਨ ਵਿਧੀ ਵਿਧਾਨ ਦਾ ਨਾ ਹੋਣਾ ਹੀ ਹੈ। ਇਹ ਮਸਲਾ ਕਿਸੇ ਜਥੇਦਾਰ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਧਰਨੇ ਦੇਣ ਨਾਲ ਹੱਲ ਨਹੀਂ ਹੋਣਾ ਸਗੋਂ ਭਵਿੱਖ ਲਈ ਜਥੇਦਾਰਾਂ ਦੀ ਨਿਯੁਕਤੀ, ਕਾਰਜ-ਵਿਧੀ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਾਉਣ ਨਾਲ ਹੱਲ ' ਹੋਵੇਗਾ। ਅਸੀਂ ਸਾਰੇ ਪੰਥ ਦਰਦੀ ਵਿਅਕਤੀਆਂ, ਸੰਸਥਾਵਾਂ ਤੇ ਗੁਰਸਿੱਖ ਵਿਦਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਮਿਲ ਬੈਠ ਕੇ ਕੋਈ ਠੋਸ ਨਿਯਮਾਵਲੀ ਤਿਆਰ ਕਰੀਏ ਤਾਂਕਿ ਇਸ ਸਰਬ ਉੱਚ ਸੰਸਥਾ ‘ਗੁਰੂ ਗ੍ਰੰਥ' ਤੇ 'ਗੁਰੂ ਪੰਥ'ਦੇ ਰੂਪ ਵਿੱਚ ਸਾਰੇ ਸੰਸਾਰ ਨੂੰ ਸੇਧ ਦੇ ਸਕੇ।

ਅੱਜ ਦੀ ਮੀਟਿੰਗ ਦੌਰਾਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ - ਭੋਗਪੁਰ ਕਾਲਜ ਦੇ ਨੁਮਾਇੰਦੇਆਂ ਨੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਸੇ ਧਿਆਨ ਦੇਣ ਲਈ ਆਖਿਆ।
ਇਸ ਮੀਟਿੰਗ ਵਿਚ ਅਮਰਜੀਤ ਸਿੰਘ ਵਾਇਸ ਚੇਅਰਮੈਨ, ਅਵਤਾਰ ਸਿੰਘ, ਰਾਣਾ ਇੰਦਰਜੀਤ ਸਿੰਘ ਚੇਅਰਮੈਨ , ਪਰਮਜੀਤ ਸਿੰਘ ਚੰਡੀਗੜ੍ਹ, ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਪ੍ਰਿੰ: ਚਰਨਜੀਤ ਸਿੰਘ ਅਨੰਦਪੁਰ ਸਾਹਿਬ, ਪ੍ਰਿੰ: ਮਨਿੰਦਰਪਾਲ ਸਿੰਘ ਰੋਪੜ, ਜਸਪਾਲ ਸਿੰਘ ਨਾਭਾ, ਕੁਲਵੰਤ ਸਿੰਘ ਡਾਇਰੈਕਟਰ , ਡਾਕਟਰ ਕਮਲਜੀਤ ਕੌਰ ਅਤੇ ਕਾਲਜਾਂ ਦੇ ਹੋਰ ਪ੍ਰਬੰਧਕ ਹਾਜ਼ਰ ਸਨ
Leave a Reply