ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ

ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ

ਸ ਕਰਨੈਲ ਸਿੰਘ ਪੰਜੋਲੀ ਦੇ ਨਾਮ ਖੁੱਲਾ ਖੱਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਤੁਹਾਡੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਦੇ ਬੱਚੇ ਦੇ ਅਨੰਦ ਕਾਰਜ ਸਮਾਗਮ ਵਿੱਚ ਸ਼ਾਮਿਲ ਹੋਣ ਸਮੇਂ , ਉਹਨਾਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਉਹਨਾਂ ਦੀ ਨਿੰਦਿਆ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਹਨਾਂ ਦੇ ਦਿਲ ਵਿੱਚ ਤੁਹਾਡੇ ਪ੍ਰਤੀ ਅੰਤਾਂ ਦਾ ਸਤਿਕਾਰ ਹੋਵੇਗਾ ਕਿ ਉਨਾਂ ਨੇ ਤੁਹਾਨੂੰ ਇਸ ਸਮਾਗਮ ਲਈ ਸੱਦਾ ਪੱਤਰ ਦੇਣ ਸਮੇਂ ਸੋਚਿਆ ਵੀ ਨਹੀਂ ਹੋਣਾ ਕਿ ਇਹ ਸੱਦਾ ਪੱਤਰ ਉਹਨਾਂ ਦੀ ਨਿੰਦਿਆ ਦਾ ਕਾਰਨ ਵੀ ਬਣੇਗਾ। ਤੁਸੀਂ ਜਿਆਦਾ ਜ਼ੋਰ ਬੱਚਿਆਂ ਦੇ ਅੰਮ੍ਰਿਤ ਛਕਣ ਤੇ ਦਿੱਤਾ ਹੈ। ਅੰਮ੍ਰਿਤ ਛਕਣਾ, ਗੁਰੂ ਦੇ ਲੜ ਲੱਗਣਾ, ਬਹੁਤ ਚੰਗੀ ਗੱਲ ਹੈ । ਭਾਗਾਂ ਭਰੀ ਗੱਲ ਹੈ। ਪਰ ਕਿਸੇ ਦਾ ਅੰਮ੍ਰਿਤ ਨਾ ਛਕਿਆ ਹੋਣਾ ਵੀ ਕੋਈ ਜ਼ੁਲਮ ਜਾਂ ਪਾਪ ਨਹੀਂ। ਤੁਸੀਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੁਲਾਜ਼ਮ, ਸਕੱਤਰ , ਪ੍ਰਧਾਨ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਖਿਲਾਫ਼ ਇਹੋ ਜਿਹੇ ਟਿੱਪਣੀਆਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਕਰ ਚੁੱਕੇ ਹੋ। ਜਦੋਂ ਪਰਿਵਾਰ ਅਜੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਨਾ ਰਿਹਾ ਹੋਵੇਗਾ, ਵਿਆਹ ਨਾਲ ਸੰਬੰਧਿਤ ਕੁਝ ਕੰਮਕਾਜ ਵੀ ਨਿਪਟਾਏ ਜਾ ਰਹੇ ਹੋਣਗੇ, ਤੁਸੀਂ ਕੁਝ ਘੰਟਿਆਂ ਵਿੱਚ ਹੀ ਉਸ ਪਰਿਵਾਰ ਦੀ ਨਿੰਦਿਆ ਦਾ ਪ੍ਰਸਤਾਵ ਸੋਸ਼ਲ ਮੀਡੀਆ ਤੇ ਲੈ ਆਂਦਾ। ਤੁਸੀਂ ਆਪਣੇ ਚਾਹੁਣ ਵਾਲਿਆਂ ਤੋਂ ਘੜੀ ਦੀ ਘੜੀ ਇਹ ਗੱਲ ਤਾਂ ਅਖਵਾ ਲਈ ਹੀ ਹੋਵੇਗੀ ਕਿ ਨੇਤਾ ਜੀ ਕਿੰਨੀ ਜੁੱਰਤ ਰੱਖਦੇ ਹਨ, ਸ਼੍ਰੋਮਣੀ ਕਮੇਟੀ ਅਤੇ ਇਸ ਦੇ ਮੁਲਾਜ਼ਮਾਂ ਨੂੰ ਭੰਡਣ ਵਾਲਿਆਂ ਨੂੰ ਵੀ ਬੋਲਣ ਦਾ ਮੌਕਾ ਦੇ ਦਿੱਤਾ ਹੈ । ਇਹੋ ਜਿਹੇ ਮੌਕੇ ਤੁਸੀਂ ਅਕਸਰ ਦਿੰਦੇ ਰਹਿੰਦੇ ਹੋ , ਕਈ ਵਾਰੀ ਮੈਂ ਸੋਚਦਾ ਹਾਂ ਕਿ ਮੈਂ ਅੰਮ੍ਰਿਤ ਛਕਿਆ ਹੈ ਬੀਬਾ ਦਾੜਾ ਹੈ, ਉੱਪਰ ਦੀ ਕਿਰਪਾਨ ਵੀ ਪਾਈ ਹੈ, ਨਿਤਨੇਮ ਵੀ ਕਰਦਾ ਹਾਂ, ਪਰ ਫਿਰ ਮੈਂ ਸਾਰਾ ਦਿਨ ਗੁਰੂ ਦੀ ਗੋਲਕ ਲੁੱਟਦਾ ਹਾਂ, ਠੱਗੀਆਂ ਮਾਰਦਾ ਹਾਂ ਕਿਸੇ ਦਾ ਭਲਾ ਨਹੀਂ ਕਰਦਾ, ਹਰ ਵੇਲੇ ਮਨ ਪਾਪ ਨਾਲ ਭਰਿਆ ਰਹਿੰਦਾ ਹੈ, ਫਿਰ ਮੇਰੇ ਅੰਮ੍ਰਿਤ ਛਕਣ ਦਾ ਕੀ ਫਾਇਦਾ ਹੈ? ਪਰਮਾਤਮਾ ਤਾਂ ਤੁਹਾਡੀ ਪੂਜਾ ਕਰਨ ਦੀ ਵਿਧੀ ਨਹੀਂ ਦੇਖਦਾ, ਤੁਹਾਡੀ ਭਾਵਨਾ ਦੇਖਦਾ ਹੈ, ਮੇਰੇ ਸਾਹਮਣੇ ਬੈਠਾ ਬੇ ਅੰਮ੍ਰਿਤੀਆ ਬੰਦਾ ਮੇਰੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਹੈ। ਜੋ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਵਿੱਚ ਇੱਕ ਦਿਨ 10 ਲੱਖ ਰੁਪਆ ਇਕੱਠਾ ਪਾ ਗਿਆ।

ਘੜੂੰਆਂ ਪਿੰਡ ਤੋਂ ਸਾਰਾ ਪਰਿਵਾਰ ਕਲੀਨ ਸ਼ੇਵ ਬੱਚੇ ਵੀ ਕਲੀਨ ਸ਼ੇਵ ਗੁਰਦੁਆਰਾ ਸਾਹਿਬ ਲਈ ਇੰਡੋ ਫਾਰਮ ਟਰੈਕਟਰ ਦਾਨ ਵਿੱਚ ਦੇ ਗਿਆ। ਸਮੁੱਚੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿੱਚ ਸਹਿਯੋਗ ਕਰਦੀਆਂ ਸੇਵਾ ਸੋਸਾਇਟੀਆਂ ਦੇ 70% ਮੈਂਬਰ ਅੰਮ੍ਰਿਤਧਾਰੀ ਨਹੀਂ ਹਨ। ਪਰ ਹਾਂ, ਉਹ ਰੋਜ਼ਾਨਾ ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਗੁਰੂ ਵੱਲ ਪ੍ਰੇਰਤ ਹੁੰਦੇ ਨਜ਼ਰ ਆ ਰਹੇ ਹਨ । ਕਿਸੇ ਨੂੰ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦੇਣਾ ਬਹੁਤ ਵੱਡਾ ਗੁਣ ਹੈ, ਪਰ ਉਸ ਦੇ ਘਰ ਬੈਠ ਕੇ, ਕੋਈ ਗੁਰਮਤ ਸਮਾਗਮ ਕਰਵਾ ਕੇ, ਨਾ ਕਿ ਉਸ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਭੰਡ ਕੇ ਉਸ ਪਰਿਵਾਰ ਦੀ ਨਿੰਦਿਆ ਕਰਨਾ , ਉਹ ਵੀ ਉਸ ਪਰਿਵਾਰ ਦੀ, ਜਿਸ ਪਰਿਵਾਰ ਨੇ ਤੁਹਾਨੂੰ ਚਾਵਾਂ ਨਾਲ ਬੁਲਾਇਆ ਹੋਵੇ।

ਮੈਂ ਤੁਹਾਡੇ ਸਾਰਿਆਂ ਨਾਲ ਇੱਥੇ ਇੱਕ ਇਸਲਾਮ ਧਰਮ ਦੀ ਕਹਾਣੀ ਸਾਂਝੀ ਕਰਦਾ ਹਾਂ।

ਇੱਕ ਰੂਮੀ ਨਾਮ ਦਾ ਫਕੀਰ ਸੁਬਹਾ ਸਵੇਰੇ, ਹਨੇਰੇ, ਮਸਜਿਦ ਤੇ ਸਿਜਦਾ ਕਰਨ ਜਾਂਦਾ ਹੈ ਤੇ ਨਾਲ ਉਸ ਦਾ ਛੋਟਾ ਬੱਚਾ ਕੁਝ ਦਿਨਾਂ ਤੋਂ ਉਸਦੇ ਨਾਲ ਜਾਂਦਾ ਹੈ ।

ਸਿਜਦਾ ਕਰਕੇ ਵਾਪਸ ਆਉਂਦਿਆਂ ਬੱਚਾ ਆਪਣੇ ਪਾਪਾ ਦੀ ਉਂਗਲ ਫੜ ਕੇ ਪਿੰਡ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਦੇਖੋ ਪਾਪਾ, ਅਸੀਂ ਕਿੰਨੇ ਚੰਗੇ ਹਾਂ, ਸਿਜਦਾ ਕਰਕੇ ਵਾਪਸ ਵੀ ਆ ਗਏ, ਅਜੇ ਤੱਕ ਸਾਰਾ ਪਿੰਡ ਸੁੱਤਾ ਪਿਆ ਹੈ, ਕਿੰਨੇ ਪਾਪੀ ਲੋਕ ਹਨ, ਜੋ ਅਜੇ ਤੱਕ ਸੁੱਤੇ ਹਨ, ਫਕੀਰ ਡੂੰਘੀ ਚਿੰਤਾ ਵਿੱਚ ਚਲਾ ਜਾਂਦਾ ਹੈ ਕਿ ਅਜੇ ਤਾਂ ਬੱਚੇ ਨੂੰ ਮਸਜਿਦ ਜਾਂਦੇ ਨੂੰ ਹਫਤਾ ਹੀ ਹੋਇਆ ਹੈ, ਇਹ ਨਤੀਜਾ ਨਿਕਲਿਆ ਹੈ ਕਿ ਇਸ ਨੂੰ ਸਾਰਾ ਪਿੰਡ ਪਾਪੀ ਦਿਖਣ ਲੱਗ ਗਿਆ ਪਿਆ ਹੈ , ਬੱਚੇ ਤੇਰੇ ਮਸਜਿਦ ਜਾਣ ਦਾ ਕੀ ਫਾਇਦਾ ਹੈ ? ਜੇ ਇਹ ਸਾਰੇ ਲੋਕ ਤੈਨੂੰ ਪਾਪੀ ਨਜ਼ਰ ਆਉਂਦੇ ਹਨ । ਜੇ ਅੰਮ੍ਰਿਤ ਛਕੇ ਹੋਏ ਬੰਦੇ ਨੂੰ ਬੇਅਮਰਤੀਏ ਪਾਪੀ ਦਿਖਣ ਤਾਂ ਫਿਰ ਉਸਦੇ ਅੰਮ੍ਰਿਤ ਛਕਣ ਦਾ ਵੀ ਕੀ ਫਾਇਦਾ ਹੈ? ਤੁਸੀਂ ਇੱਕ ਤਰਕ ਦੇ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਇਸ ਦੇ ਮੈਂਬਰਾਂ ਦੇ ਬੱਚੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ ,ਇਹ ਠੀਕ ਹੈ। ਪਰ ਉਹਨਾਂ ਦੇ ਅੰਮ੍ਰਿਤ ਨਾ ਛਕਣ ਨੂੰ ਸ਼ੋਸ਼ਲ ਮੀਡੀਆ ਤੇ ਭੰਡਣਾ ਬੁਰੀ ਗੱਲ ਹੈ । ਜਦੋਂ ਵੀ ਪੰਜ ਪਿਆਰੇ ਸਾਹਿਬਾਨ ਕਿਤੇ ਅੰਮ੍ਰਿਤਪਾਨ ਕਰਵਾਉਂਦੇ ਹਨ, ਤਾਂ ਉਹ ਅੰਮ੍ਰਿਤਪਾਨ ਕਰਵਾਉਣ ਤੋਂ ਬਾਅਦ ਗੁਰੂ ਦੇ ਲੜ ਲੱਗਣ ਵਾਲਿਆਂ ਨੂੰ ਵਧਾਈ ਤਾਂ ਦਿੰਦੇ ਹਨ, ਪਰ ਅੰਮ੍ਰਿਤ ਨਾ ਛਕਣ ਵਾਲਿਆਂ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਜਿਹੜੇ ਪਾਪੀ ਰਹਿ ਗਏ ਹਨ, ਉਹ ਅੰਮ੍ਰਿਤ ਜਲਦੀ ਛਕ ਲੈਣ । ਨੇਤਾ ਜੀ ਤੁਸੀਂ ਕਿਸੇ ਵੱਡੇ ਅਕਾਲੀ ਲੀਡਰ ਨੂੰ ਭਰੀ ਪ੍ਰੈਸ ਦੇ ਸਾਹਮਣੇ ਗਾਲ ਕੱਢ ਦਿੱਤੀ ਸੀ, ਲੋਕਾਂ ਨੇ ਬੁਰਾ ਮਨਾਇਆ ਸੀ, ਤੁਹਾਡਾ ਵੱਡਾਪਣ ਸੀ ਕਿ ਤੁਸੀਂ ਮਾਫੀ ਮੰਗ ਲਈ ਸੀ ,ਉਹਨਾਂ ਦਾ ਵੱਡਾਪਣ ਸੀ ਕਿ ਉਹਨਾਂ ਨੇ ਮਾਫ ਕਰ ਦਿੱਤਾ ਸੀ ,ਪਰ ਅੰਮ੍ਰਿਤਧਾਰੀ ਬੰਦੇ ਕੋਲੋਂ ਇਸ ਤਰ੍ਹਾਂ ਦੀ ਗਾਲ ਸ਼ੋਭਾ ਨਹੀਂ ਸੀ ਦਿੰਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੁਲਾਜ਼ਮ ਸਿੱਖ ਸੰਘਰਸ਼ ਦੇ ਸਮੇਂ ਸ਼ਹੀਦ ਹੋਏ ਪਰਿਵਾਰਾਂ ਵਿੱਚੋਂ ਹਨ । ਆਪਣੇ ਦਸਾਂ ਨੌਹਾਂ ਦੀ ਕਿਰਤ ਕਰਦਿਆਂ, ਘੱਟ ਤਨਖਾਹ ਤੇ ਆਪਣੇ ਪਰਿਵਾਰ ਨੂੰ ਪਾਲਦਿਆਂ, ਗੁਰੂ ਦੇ ਭਾਣੇ ਵਿੱਚ ਰਹਿੰਦੇ ਹਨ। ਤੁਹਾਡਾ ਇਹ ਇਤਿਹਾਸ ਰਿਹਾ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਸੱਤਾ ਦਾ ਸੁੱਖ ਮਾਣਦਿਆਂ, ਮੁਲਾਜ਼ਮਾਂ ਲਈ ਢਾਲ ਬਣਦੇ ਰਹੇ ਹੋ। ਪਰ ਹੁਣ ਉਹੀ ਮੁਲਾਜ਼ਮ ਹਨ, ਜਿਨਾਂ ਦੀ ਇੱਕ ਗਲਤੀ ਫੜ ਕੇ ਤੁਸੀਂ ਉਹਨਾਂ ਨੂੰ ਨਿੰਦਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ । ਕਦੇ ਬੈਠ ਕੇ ਵਿਚਾਰਿਓ ਕਿ ਇਹਨਾਂ ਮੁਲਾਜ਼ਮਾਂ ਦਾ ਕੋਈ ਸੰਡੇ ਮੰਡੇ ਨਹੀਂ ਹੁੰਦਾ। ਇਹ 24 ਘੰਟੇ ਜਾਗਦੇ ਹਨ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣੀ ਦਰਿਆ ਦਿਲੀ ਦਿਖਾਉਂਦਿਆਂ, ਆਪਣੀ ਸੋਚ ਸਾਡੇ ਪ੍ਰਤੀ ਸਾਡੇ ਬੱਚਿਆਂ ਪ੍ਰਤੀ , ਜਰੂਰ ਬਦਲੋਗੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਹਰ ਮੁਲਾਜ਼ਮ ਬਹੁਤ ਇਮਾਨਦਾਰੀ ਅਤੇ ਨੇਕ ਨੀਅਤ ਨਾਲ ਆਪਣਾ ਇੱਕ ਇੱਕ ਮਿੰਟ ਗੁਰੂ ਦੇ ਲੇਖੇ ਲਾਉਂਦਾ ਹੈ। ਪਰ ਫਿਰ ਮੈਂ ਕਈ ਵਾਰੀ ਸੋਚਦਾ ਹਾਂ ਕਿ ਕਹਿਣ ਵਾਲੇ ਦਾ ਕੀ ਜਾਂਦਾ ਹੈ ? ਕਮਾਲ ਤਾਂ ਸਹਿਣ ਕਰਨ ਵਾਲੇ ਕਰ ਜਾਂਦੇ ਹਨ।


ਵੱਲੋਂ::::

ਗੁਰਦੀਪ ਸਿੰਘ ਕੰਗ

ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ।।