ਪੁੱਤਾਂ ਦੇ ਸੱਥਰ ਭੁੱਲ ਕੇ ਪਾਰਟੀਆਂ ਦੀ ਭੀੜ ਨਾ ਬਣਿਓ!

ਪੁੱਤਾਂ ਦੇ ਸੱਥਰ ਭੁੱਲ ਕੇ ਪਾਰਟੀਆਂ ਦੀ ਭੀੜ ਨਾ ਬਣਿਓ!

ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੇ ਪੰਜਾਬ ਦੇ ਸੁੱਤੇ ਜ਼ਮੀਰ ਨੂੰ ਝੰਜੋੜਿਆ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਹਨ ਤੇ ਸੀਨਿਆਂ ਵਿੱਚ ਰੋਹ ਤੇ ਰੋਸ ਵੀ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉੱਠੀ ਆਵਾਜ਼ ਨਾਲ ਅੱਜ ਹਜ਼ਾਰਾਂ ਆਵਾਜ਼ਾਂ ਜੁੜ ਰਹੀਆਂ ਹਨ। ਲੋਕਾਂ ਦੀ ਇਹ ਇਕਜੁੱਟਤਾ ਜੇ ਕਾਇਮ ਰਹੀ ਤਾਂ ਨਸ਼ਿਆਂ ਦੇ ਜਾਲ ਨੂੰ ਤੋੜਿਆ ਜਾ ਸਕਦਾ ਹੈ। 
ਪਰ ਅਸਲ ਪਰਖ ਕੁਝ ਦਿਨਾਂ ਬਾਅਦ ਹੋਣੀ ਹੈ, ਜਦੋਂ ਸਿਆਸੀ ਪਾਰਟੀਆਂ ਫਿਰ ਝੰਡੇ ਲਹਿਰਾਉਣਗੀਆਂ, ਲਾਰੇ ਲਾਉਣਗੀਆਂ ਤੇ ਸਾਨੂੰ ਆਪਣੀਆਂ ਰੈਲੀਆਂ ਦੀ ਭੀੜ ਬਣਾਉਣ ਲਈ ਬੁਲਾਉਣਗੀਆਂ। ਓਦੋਂ ਵੇਖਣਾ ਹੋਵੇਗਾ ਕਿ ਸਾਨੂੰ ਝੋਟਾ ਯਾਦ ਰਹਿੰਦਾ ਹੈ ਜਾਂ ਸਿਆਸੀ ਆਗੂਆਂ ਨਾਲ ਪੁਰਾਣੀ ਯਾਰੀ ਜਾਗ ਪੈਂਦੀ ਹੈ। ਕਿਤੇ ਇਉਂ ਨਾ ਹੋਵੇ ਕਿ ਅੱਜ ਝੋਟੇ ਲਈ ਇਨਸਾਫ਼ ਮੰਗਣ ਵਾਲੇ ਹੱਥ ਕੱਲ੍ਹ ਮੁੜ ਬਾਦਲਾਂ, ਕਾਂਗਰਸੀਆਂ, ਭਾਜਪਾਈਆਂ ਤੇ ਭਗਵੰਤ ਮਾਨ ਲਈ ਤਾੜੀਆਂ ਮਾਰਨ ਲੱਗ ਪੈਣ। ਜਿਨ੍ਹਾਂ ਕੋਲੋਂ ਅੱਜ ਆਪਣੇ ਪੁੱਤਾਂ ਦੀ ਜਾਨ ਦਾ ਹਿਸਾਬ ਮੰਗ ਰਹੇ ਹਾਂ, ਕੱਲ੍ਹ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾਉਣ ਤੁਰ ਪਈਏ! ਤਾਂ ਸਾਡਾ ਅੱਜ ਦਾ ਰੋਹ ਫਿਰ ਕਿਸ ਕੰਮ ਦਾ ? 
ਫਿਰ ਆਗੂ ਵੀ ਇਹੋ ਸਮਝਣਗੇ ਕਿ ਪੰਜਾਬ ਦੇ ਲੋਕ ਕੁਝ ਦਿਨ ਰੋਂਦੇ ਹਨ, ਨਾਅਰੇ ਮਾਰਦੇ ਹਨ, ਧਰਨੇ ਲਾਉਂਦੇ ਹਨ, ਸੜਕਾਂ ਰੋਕਦੇ ਹਨ, ਅਖ਼ਬਾਰਾਂ 'ਚ ਬਿਆਨ ਅਤੇ ਸਟੇਜਾਂ ਉੱਤੇ ਭਾਸ਼ਣ ਦਿੰਦੇ ਹਨ ਤੇ ਫਿਰ ਹਫ਼ਤੇ ਜਾਂ ਮਹੀਨੇ ਵਿੱਚ ਸਭ ਕੁਝ ਭੁੱਲ ਜਾਂਦੇ ਹਨ। ਇਹ ਧਾਰਨਾ ਸਾਨੂੰ ਆਪਣੇ ਅਮਲਾਂ ਨਾਲੋਂ ਤੋੜਨੀ ਪਵੇਗੀ।
ਭਾਈ ਪਰਵਿੰਦਰ ਸਿੰਘ ਝੋਟੇ ਦੀ ਕੁਰਬਾਨੀ ਦਾ ਮੁੱਲ ਦੋ ਦਿਨਾਂ ਦਾ ਗੁੱਸਾ, ਚਾਰ ਦਿਨਾਂ ਦੀਆਂ ਪੋਸਟਾਂ ਤੇ ਇੱਕ ਸ਼ਰਧਾਂਜਲੀ ਸਮਾਗਮ ਨਹੀਂ ਹੋ ਸਕਦਾ। ਉਸ ਦੀ ਮਾਂ, ਪਤਨੀ ਅਤੇ ਬੱਚਿਆਂ ਦਾ ਦੁੱਖ ਰੈਲੀਆਂ ਦੇ ਢੋਲ ਹੇਠ ਨਹੀਂ ਦੱਬਣਾ ਚਾਹੀਦਾ। ਜਿਹੜਾ ਪੁੱਤ ਮਾਂ ਦੀਆਂ ਅੱਖਾਂ ਸਾਹਮਣੇ ਮੁੜ ਨਹੀਂ ਆਉਣਾ, ਉਸ ਦਾ ਘਾਟਾ ਕੋਈ ਬਿਆਨ ਪੂਰਾ ਨਹੀਂ ਕਰ ਸਕਦਾ। ਉਸ ਪਰਿਵਾਰ ਦੇ ਨਾਲ ਖੜ੍ਹਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਝੋਟੇ ਵੱਲੋਂ ਲੜੀ ਜਾ ਰਹੀ ਲੜਾਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਨਸ਼ਿਆਂ ਰਾਹੀਂ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਦੀ ਸੀ। 
ਹੁਣ ਹਰ ਪਾਰਟੀ ਦੇ ਆਗੂ ਤੋਂ ਖੁੱਲ੍ਹੇ ਇਕੱਠ ਵਿੱਚ ਸਵਾਲ ਪੁੱਛੋ ਕਿ ਨਸ਼ੇ ਕਿਉਂ ਵਿਕਦੇ ਹਨ ? ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਦੀ ਸੁਰੱਖਿਆ ਕੌਣ ਕਰੇਗਾ ? ਸ਼ਿਕਾਇਤਾਂ ਉੱਤੇ ਕੀ ਕਾਰਵਾਈ ਹੁੰਦੀ ਹੈ ? ਚੋਣਾਂ ਵੇਲੇ ਕੀਤੇ ਵਾਅਦਿਆਂ ਦਾ ਹਿਸਾਬ ਕਿੱਥੇ ਹੈ ? ਨਸ਼ਾ ਕਦੋਂ ਖਤਮ ਹੋਵੇਗਾ ? 
ਬਾਦਲਾਂ ਦੀਆਂ ਸਰਕਾਰਾਂ ਵਿੱਚ ਸਭ ਤੋਂ ਵੱਧ ਨਸ਼ਾ ਪੰਜਾਬ ਵਿੱਚ ਆਇਆ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ "ਨਸ਼ੇ ਦਾ ਲੱਕ ਤੋੜਾਂਗਾ" ਪਰ ਕੱਖ ਨਹੀਂ ਸਵਾਰਿਆ, ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕਿਹਾ ਸੀ ਕਿ "24 ਘੰਟਿਆਂ ਵਿੱਚ ਬੇਅਦਬੀਆਂ ਦਾ ਇਨਸਾਫ਼ ਦਿਆਂਗੇ ਅਤੇ ਮਹੀਨਿਆਂ 'ਚ ਹੀ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰ ਦਿਆਂਗੇ" ਪਰ ਅਜੋਕੀ ਸਰਕਾਰ ਦੇ ਸਾਢੇ ਚਾਰ ਸਾਲਾਂ ਵਿੱਚ ਵੀ ਨਸ਼ਿਆਂ ਨਾਲ ਪੰਜਾਬ ਦੇ ਪੁੱਤ ਮਰਦੇ ਰਹੇ। ਸਾਨੂੰ ਜਵਾਨ ਪੁੱਤਾਂ ਦੀਆਂ ਲਾਸ਼ਾਂ ਨਹੀਂ ਬਲਕਿ ਆਪਣੇ ਘਰਾਂ ਵਿੱਚ ਜਿਉਂਦੇ ਤੇ ਤੰਦਰੁਸਤ ਪੁੱਤ ਚਾਹੀਦੇ ਹਨ।
ਪਿੰਡਾਂ ਵਿੱਚ ਇਕੱਠੇ ਬੈਠੋ, ਨੌਜਵਾਨਾਂ ਦੀ ਗੱਲ ਸੁਣੋ ਅਤੇ ਨਸ਼ਿਆਂ ਵਿੱਚ ਫਸੇ ਬੱਚਿਆਂ ਨੂੰ ਇਲਾਜ ਤੱਕ ਪਹੁੰਚਾਉਣ ਲਈ ਸਹਾਰਾ ਬਣੋ। ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਕਿਸੇ ਬੰਦੇ ਨੂੰ ਇਕੱਲਾ ਨਾ ਪੈਣ ਦਿਓ। ਸ਼ਾਂਤਮਈ ਸੰਘਰਸ਼ ਨੂੰ ਲਗਾਤਾਰ ਚਲਾਓ ਅਤੇ ਸਿਆਸੀ ਆਗੂਆਂ ਤੋਂ ਹਰ ਵਾਅਦੇ ਦਾ ਜਵਾਬ ਮੰਗੋ। ਜੇ ਅਸੀਂ ਆਪੋ-ਆਪਣੀਆਂ ਪਾਰਟੀਆਂ ਪਿੱਛੇ ਵੰਡੇ ਰਹੇ ਤਾਂ ਸਾਡੀ ਸਾਂਝੀ ਪੀੜ ਵੀ ਵੋਟਾਂ ਦੇ ਹਿਸਾਬ ਵਿੱਚ ਵੰਡੀ ਜਾਵੇਗੀ।
ਇਸ ਲਈ ਪੰਜਾਬ ਦੇ ਜਾਇਓ! ਆਪਣੀ ਪਾਰਟੀ ਦੇ ਆਗੂ ਨੂੰ ਸਵਾਲ ਕਰਦਿਆਂ ਵੀ ਓਹੀ ਹੌਸਲਾ ਰੱਖੋ, ਜਿਹੜਾ ਦੂਜੀ ਪਾਰਟੀ ਨੂੰ ਸਵਾਲ ਕਰਦਿਆਂ ਰੱਖਦੇ ਹੋ। ਆਪਣੇ ਆਗੂ ਦੀ ਨਾਕਾਮੀ ਉੱਤੇ ਚੁੱਪ ਰਹਿ ਕੇ ਪੰਜਾਬ ਦਾ ਭਲਾ ਨਹੀਂ ਹੋਣਾ। ਜੇ ਹਰ ਵਾਰ ਆਪਣੀ ਪਾਰਟੀ ਦੀ ਲਾਜ ਰੱਖਦਿਆਂ ਆਪਣੇ ਘਰਾਂ ਦਾ ਦੁੱਖ ਲੁਕਾਉਂਦੇ ਰਹੇ ਤਾਂ ਇਹਨਾਂ ਸਿਆਸੀ ਬਟੇਰਿਆਂ ਤੋਂ ਹਿਸਾਬ ਕੌਣ ਮੰਗੇਗਾ ?
ਝੋਟੇ ਨੂੰ ਯਾਦ ਰੱਖਣਾ ਹੈ ਤਾਂ ਉਸ ਦੇ ਪਰਿਵਾਰ ਨੂੰ ਇਕੱਲਾ ਨਾ ਛੱਡੋ ਅਤੇ ਉਸ ਦੀ ਨਸ਼ਾ ਵਿਰੋਧੀ ਲੜਾਈ ਨਾਲ ਡਟੇ ਰਹੋ, ਉਸ ਦੇ ਮਿਸ਼ਨ ਨੂੰ ਮੰਜ਼ਿਲ ਤਕ ਪਹੁੰਚਾਓ। ਪੰਜਾਬ ਦੀਆਂ ਮਾਵਾਂ ਦੇ ਹੰਝੂਆਂ ਦੀ ਕਦਰ ਕਰੋ। ਜਿਹੜਾ ਆਗੂ ਤੁਹਾਡੀ ਪੀੜ ਸੁਣਨ ਨਹੀਂ ਆਉਂਦਾ, ਉਸ ਦੀ ਰੈਲੀ ਭਰਨ ਦੀ ਤੁਹਾਨੂੰ ਕਿਹੜੀ ਕਾਹਲ ਹੈ ? ਪੰਜਾਬ ਦੇ ਪੁੱਤਾਂ ਦੀ ਜਾਨ ਨਾਲੋਂ ਕਿਸੇ ਪਾਰਟੀ ਦਾ ਝੰਡਾ ਵੱਡਾ ਨਹੀਂ! ਪੰਜਾਬ ਦੇ ਪੁੱਤਾਂ ਦੇ ਸੱਥਰ ਭੁਲਾ ਕੇ ਸਿਆਸੀ ਰੈਲੀਆਂ ਦੀ ਭੀੜ ਨਾ ਬਣਿਓ! 
 ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.