ਸੁਰੱਖਿਆ ਦੇ ਮੁੱਦੇ ’ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸ੍ਰੀ ਅਮਰਨਾਥ ਯਾਤਰਾ ਦੀ ਸਥਿਤੀ ਇਕੋ ਜਿਹੀ: ਮਾਨ
- ਰਾਸ਼ਟਰੀ
- 09 Aug, 2026 11:17 AM (Asia/Kolkata)
ਫਤਿਹਗੜ੍ਹ ਸਾਹਿਬ, 9 ਅਗਸਤ , ਨਜ਼ਰਾਨਾ ਟਾਈਮਜ ਬਿਊਰੋ - ਇੰਡੀਆ ਦੀ ਮੁਤੱਸਵੀ ਬੀ.ਜੇ.ਪੀ. ਹਕੂਮਤ ਨੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕੀਤਾ ਹੋਇਆ ਹੈ। ਉਂਝ ਅਮਰਨਾਥ ਯਾਤਰਾ ਦੌਰਾਨ ਅਤੇ ਜੰਮੂ-ਕਸ਼ਮੀਰ ਦੇ ਅੰਦਰੂਨੀ ਹਾਲਾਤਾਂ ਦੇ ਮੱਦੇਨਜ਼ਰ ਉੱਥੇ ਕਾਨੂੰਨੀ ਵਿਵਸਥਾ ਡਾਵਾਂਡੋਲ ਹੋਈ ਪਈ ਹੈ। ਜਦੋਂ ਸੁਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ’ਤੇ ਰੋਕ ਲਾਈ ਹੋਈ ਹੈ, ਇਹੋ ਸਥਿਤੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਅਤੇ ਉੱਥੇ ਸੁਰੱਖਿਆ ਦਸਤਿਆਂ ਤੇ ਕਸ਼ਮੀਰੀਆਂ ਕਾਰਨ ਬਣੀ ਹੋਈ ਹੈ।
ਇਸ ਲਈ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਉੱਥੋਂ ਦੇ ਹਾਲਾਤ ਸਹੀ ਨਹੀਂ ਹੁੰਦੇ ਤਾਂ ਦੋਵਾਂ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸ੍ਰੀ ਅਮਰਨਾਥ ਯਾਤਰਾ ਨੂੰ ਵੀ ਬੰਦ ਰੱਖਣ। ਜਦੋਂ ਹਾਲਾਤ ਸਥਿਰ ਹੋ ਜਾਣ ਤੇ ਕਸ਼ਮੀਰੀਆਂ ਦਾ ਰੋਜ਼ਾਨਾ ਹੀ ਫ਼ੌਜਾਂ ਵੱਲੋਂ ਹੋਣ ਵਾਲਾ ਕਤਲੇਆਮ ਬੰਦ ਹੋ ਜਾਵੇ ਤਾਂ ਇਨ੍ਹਾਂ ਦੋਵਾਂ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਸ੍ਰੀ ਅਮਰਨਾਥ ਯਾਤਰਾ ਨੂੰ ਖੋਲ੍ਹ ਦੇਣ।
ਅਜਿਹਾ ਅਮਲ ਹੋਣ ’ਤੇ ਕਿਸੇ ਵੀ ਕੌਮ ਤੇ ਧਰਮ ਨਾਲ ਇੱਕਤਰਫ਼ਾ ਹੋਣ ਵਾਲੇ ਵਿਤਕਰੇ ਦੀ ਗੱਲ ਖ਼ਤਮ ਹੋ ਜਾਵੇਗੀ। ਦੂਸਰਾ, ਹਾਲਾਤ ਸਥਿਰ ਹੋਣ ਤੱਕ ਮਨੁੱਖੀ ਜਾਨਾਂ ਦਾ ਕੋਈ ਨੁਕਸਾਨ ਨਹੀਂ ਹੋ ਸਕੇਗਾ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸ੍ਰੀ ਅਮਰਨਾਥ ਯਾਤਰਾ ਦੇ ਮੁੱਦਿਆਂ ਤੇ ਜੰਮੂ-ਕਸ਼ਮੀਰ ਦੀ ਸਥਿਤੀ ਉੱਤੇ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ।
Leave a Reply