ਸਿੱਖ ਕੌਮ ਦੇ ਦੋ ਤਖ਼ਤਾਂ 'ਤੇ ਕਾਬਜ ਹੋ ਚੁੱਕੀ ਭਾਜਪਾ...

ਸਿੱਖ ਕੌਮ ਦੇ ਦੋ ਤਖ਼ਤਾਂ 'ਤੇ ਕਾਬਜ ਹੋ ਚੁੱਕੀ ਭਾਜਪਾ...

ਸਿੱਖ ਕੌਮ ਦੇ ਗੁਰਧਾਮਾਂ ਅਤੇ ਤਖ਼ਤਾਂ 'ਤੇ ਸਰਕਾਰਾਂ ਦੀ ਦਖ਼ਲ-ਅੰਦਾਜੀ ਐਨੀ ਵੱਧ ਚੁੱਕੀ ਹੈ ਕਿ ਜੋ ਸਿੱਖ ਕੌਮ ਦੀ ਖ਼ੁਆਰੀ ਦਾ ਕਾਰਨ ਬਣੀ ਹੋਈ ਹੈ। ਇਹਨਾਂ ਗੁਰਦੁਆਰਿਆਂ, ਗੁਰਧਾਮਾਂ ਤੇ ਤਖ਼ਤਾਂ ਤੋਂ ਸਿੱਖੀ ਪ੍ਰਚਾਰ, ਪੰਥ ਦੀ ਅਗਵਾਈ ਤੇ ਸਿੱਖ ਸੰਘਰਸ਼ ਦੀ ਗੱਲ ਚੱਲਣੀ ਸੀ ਪਰ ਹਕੂਮਤਾਂ, ਸਰਕਾਰਾਂ ਤੇ ਸਿਆਸੀ ਆਗੂਆਂ ਨੇ ਇਹਨਾਂ ਨੂੰ ਅਸਿੱਧੇ ਢੰਗ ਨਾਲ ਆਪਣੇ ਅਧੀਨ ਕਰ ਲਿਆ ਹੈ। ਪੰਜ ਤਖ਼ਤਾਂ ਵਿੱਚੋਂ ਪੰਜਾਬ ਵਿਚਲੇ ਤਿੰਨ ਤਖ਼ਤਾਂ (ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ) 'ਤੇ ਬਾਦਲ ਜੁੰਡਲੀ ਕਾਬਜ ਹੈ ਅਤੇ ਮਹਾਂਰਾਸ਼ਟਰ 'ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਬਿਹਾਰ 'ਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ/ਆਰ.ਐਸ.ਐਸ. ਹਾਵੀ ਹੋਈ ਪਈ ਹੈ।
ਇਹਨਾਂ ਤਖ਼ਤਾਂ ਤੋਂ ਸਿਆਸੀ ਪ੍ਰਭਾਵ ਅਧੀਨ ਸਮੇਂ-ਸਮੇਂ ਉੱਤੇ ਕੁਝ ਅਜਿਹੀਆਂ ਕਾਰਵਾਈਆਂ, ਸੰਦੇਸ਼, ਬਿਆਨ, ਹੁਕਮਨਾਮੇ ਅਤੇ ਹੋਰ ਸਰਗਰਮੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਸੰਗਤ ਹੱਕੀ-ਬੱਕੀ ਤੇ ਹੈਰਾਨ-ਪ੍ਰੇਸ਼ਾਨ ਹੋ ਜਾਂਦੀ ਹੈ। ਪੰਥਪ੍ਰਸਤ, ਖ਼ਾਲਸਾਈ ਵਿਚਾਰਧਾਰਾ ਦੇ ਪਹਿਰੇਦਾਰ ਅਤੇ ਖ਼ਾਲਿਸਤਾਨੀ ਸਿੰਘ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ ਅਤੇ ਤਖ਼ਤਾਂ ਦੀ ਸ਼ਾਨ, ਮਰਯਾਦਾ, ਸਿਧਾਂਤ, ਸਰਵਉੱਚਤਾ, ਅਜ਼ਾਦ ਹੋਂਦ-ਹਸਤੀ ਅਤੇ ਨਿਆਰੇਪਨ ਨੂੰ ਬਚਾਉਣ ਦਾ ਪੂਰਾ ਯਤਨ ਕਰਦੇ ਹਨ ਪਰ ਤਖ਼ਤਾਂ 'ਤੇ ਸੇਵਾ ਨਿਭਾ ਰਹੇ ਧਾਰਮਿਕ ਆਗੂਆਂ, ਜਥੇਦਾਰਾਂ ਅਤੇ ਹੋਰ ਪ੍ਰਬੰਧਕਾਂ ਵੱਲੋਂ ਪੰਥ ਦੀ ਗੱਲ ਸੁਣਨ ਦੀ ਬਜਾਏ ਸਰਕਾਰਾਂ ਦੀ 'ਜੀ-ਹਜ਼ੂਰੀ' ਕੀਤੀ ਜਾਂਦੀ ਹੈ ਜਿਸ ਨੂੰ ਕੋਈ ਵੀ ਸੱਚਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ।
ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ ਕਿ ਬਾਦਲਕਿਆਂ ਨੇ ਆਪਣੀ ਸਿਆਸਤ ਚਮਕਾਉਣ ਲਈ ਜਥੇਦਾਰਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਿੰਨੀ ਦੁਰਵਰਤੋਂ ਕੀਤੀ, ਜਥੇਦਾਰ ਦੇ ਅਹੁਦੇ ਦਾ ਸਤਿਕਾਰ ਰੋਲ ਦਿੱਤਾ, ਹੁਕਮਨਾਮਿਆਂ ਦੀ ਮਹਾਨ ਪ੍ਰੰਪਰਾ ਨੂੰ ਸੱਟ ਮਾਰੀ ਅਤੇ ਇਲਾਹੀ ਸੰਦੇਸ਼-ਫੁਰਮਾਨ ਨੂੰ ਆਪਣੀ ਚੰਡੀਗੜ੍ਹ ਕੋਠੀ ਤੋਂ ਆਇਆ ਸਿਆਸੀ ਹੁਕਮ ਬਣਾ ਦਿੱਤਾ ਸੀ। ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣੀ ਅਤੇ ਪੰਥਪ੍ਰਸਤ ਗੁਰਸਿੱਖਾਂ ਨੂੰ ਸ਼ਰਾਰਤੀ ਦੱਸਣਾ ਇਹ ਬਾਦਲਾਂ ਦੇ ਕਾਰੇ ਸਨ ਜਿਸ ਦੇ ਖ਼ਿਲਾਫ਼ ਪੰਥ ਨੂੰ ਕਈ ਵਾਰ ਸੜਕਾਂ 'ਤੇ ਉੱਤਰਨਾ ਪਿਆ ਤੇ ਖ਼ਾਲਸਈ ਜਜ਼ਬੇ ਨੇ ਬਾਦਲਾਂ ਤੇ ਜਥੇਦਾਰਾਂ ਨੂੰ ਝੁਕਣ ਲਈ ਮਜਬੂਰ ਕੀਤਾ। ਬਾਦਲਾਂ ਨੇ ਹਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲੋਕ ਬਾਦਲਾਂ ਦਾ ਜਥੇਦਾਰ ਆਖਦੇ ਹਨ।
ਪੰਥ ਨੂੰ ਲੱਗਦਾ ਸੀ ਕਿ ਇੱਥੇ ਤਿੰਨ ਤਖ਼ਤਾਂ ਉੱਤੇ ਤਾਂ ਬਾਦਲਕੇ ਅਜਗਰ ਵਾਂਗ ਲਪੇਟੇ ਮਾਰ ਕੇ ਆਪਣੀ ਧੌਂਸ ਜਮਾਈ ਬੈਠੇ ਹਨ ਤੇ ਪੰਜਾਬ ਤੋਂ ਬਾਹਰ ਦੋਨਾਂ ਤਖ਼ਤਾਂ ਤੋਂ ਠੰਢੀ ਹਵਾ ਦੇ ਬੁੱਲੇ ਆਉਣਗੇ, ਪੰਥ ਨੂੰ ਨਰੋਈ ਸੇਧ ਮਿਲੇਗੀ, ਖ਼ਾਲਸਈ ਸਿਧਾਂਤਾਂ ਦੀ ਗੱਲ ਚੱਲੇਗੀ ਪਰ ਓਥੇ ਤਾਂ ਬਾਦਲਾਂ ਨਾਲੋਂ ਵੀ ਚਾਰ ਰੱਤੀਆਂ ਵੱਧ ਭਾਜਪਾਈ ਡੇਰੇ ਲਾਈ ਬੈਠੇ ਹਨ ਜੋ ਵੱਖਰੀ ਸਿੱਖ ਕੌਮ ਨੂੰ ਹਿੰਦੂਤਵ ਵਿੱਚ ਜਜ਼ਬ ਕਰਨਾ ਚਾਹੁੰਦੇ ਹਨ। ਭਾਜਪਾ ਦਾ ਜ਼ੋਰ ਲੱਗਿਆ ਪਿਆ ਹੈ ਕਿ ਸਿੱਖ ਕੌਮ ਦੇ ਭਗਤੀ-ਸ਼ਕਤੀ ਦੇ ਪ੍ਰਤੀਕ ਇਹਨਾਂ ਸਭ ਤਖ਼ਤਾਂ ਨੂੰ ਕੇਵਲ ਪੂਜਾ ਸਥਾਨਾਂ ਤਕ ਹੀ ਸੀਮਿਤ ਰੱਖਣਾ ਹੈ ਤੇ ਇੱਥੇ ਕੁਝ ਅਜਿਹੀਆਂ ਸਰਗਰਮੀਆਂ ਅਤੇ ਤਕਰੀਰਾਂ ਕਰਵਾ ਕੇ ਸਮੁੱਚੀ ਸਿੱਖ ਕੌਮ ਨੂੰ ਸੰਤਾਪ ਦੇਣਾ ਹੈ ਤੇ ਦੱਸਣਾ ਹੈ ਕਿ ਸਿੱਖੋ ਤੁਸੀਂ ਘਿਰ ਚੁੱਕੇ ਹੋ, ਸਾਡੇ ਈਨ ਮੰਨ ਲਵੋ, ਨਹੀਂ ਤਾਂ ਫਿਰ ਇਹਨਾਂ ਤਖ਼ਤਾਂ ਤੋਂ ਹੀ ਤੁਹਾਡੇ ਵਿਰੁੱਧ ਹੁਕਮਨਾਮੇ ਅਤੇ ਹੋਰ ਕਾਰਵਾਈਆਂ ਕਰਵਾਵਾਂਗੇ।
ਪਿਛਲੇ ਮਹੀਨੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਉਹਨਾਂ ਪੰਥਪ੍ਰਸਤ ਸਿੱਖਾਂ ਖ਼ਿਲਾਫ਼ ਸੰਦੇਸ਼ ਜਾਰੀ ਕਰਵਾਇਆ ਸੀ ਜੋ ਭਾਜਪਾ ਅਤੇ ਹਿੰਦੂ ਕਰਮ-ਕਾਂਡਾਂ ਦਾ ਵਿਰੋਧ ਕਰਦੇ ਸਨ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਘਰਸ਼ ਤੇ ਦਮਦਮੀ ਟਕਸਾਲ ਦੀ ਸ਼ਾਨ ਬਚਾਉਣ ਦਾ ਦਰਦ ਰੱਖਦੇ ਸਨ। ਬਾਦਲਾਂ ਵਾਂਗ ਹੀ ਬਾਬਾ ਧੁੰਮਾਂ ਵੱਲੋਂ ਤਖ਼ਤ ਸਾਹਿਬ ਦੀ ਦੁਰਵਰਤੋਂ ਕੀਤੀ ਗਈ ਸੀ ਤੇ ਸੰਦੇਸ਼ ਰਾਹੀਂ ਪੰਥ ਦਰਦੀ ਗੁਰਸਿੱਖਾਂ ਦੀਆਂ ਜ਼ੁਬਾਨਾਂ ਬੰਦ ਕਰਵਾਉਣ ਦੇ ਯਤਨ ਕੀਤੇ ਗਏ ਸਨ ਜਿਸ ਦੇ ਸਿੱਟੇ ਹੁਣ ਬੇਹੱਦ ਘਾਤਕ ਨਿਕਲ ਰਹੇ ਹਨ। ਮਿਤੀ 15 ਅਪ੍ਰੈਲ 2026 ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ਼ਾਮ ਨੂੰ ਕਥਾ ਕਰਦਿਆਂ ਕਥਾਵਾਚਕ ਗਿਆਨੀ ਸਤਨਾਮ ਸਿੰਘ ਨੇ ਬੀਜੇਪੀ ਸਰਕਾਰ ਦੇ ਪੂਰੇ ਸੋਹਿਲੇ ਗਾਏ ਹਨ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ਼ ਕੀਤੀ ਹੈ ਅਤੇ ਭਾਜਪਾ ਦੀ ਹਕੂਮਤ ਸਦਾ ਕਾਇਮ ਰਹੇ ਦੀਆਂ ਅਰਦਾਸਾਂ ਵੀ ਕੀਤੀਆਂ ਹਨ ਤੇ ਭਾਜਪਾ ਆਗੂਆਂ ਦੇ ਨਮਿੱਤ ਜੈਕਾਰੇ ਵੀ ਛੱਡੇ ਹਨ।
ਸਿੱਖ ਕੌਮ ਲਈ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਜਿਨ੍ਹਾਂ ਤਖ਼ਤ ਸਾਹਿਬਾਨਾਂ ਤੋਂ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਸਾ ਰਾਜ (ਖ਼ਾਲਿਸਤਾਨ) ਦੀ ਸਿਰਜਣਾ ਲਈ ਅਰਦਾਸਾਂ ਹੋਣੀਆਂ ਚਾਹੀਦੀਆਂ ਸਨ, ਪੰਥ ਦੋਖੀ ਭਾਜਪਾ ਅਤੇ ਆਰ.ਐਸ.ਐਸ. ਖ਼ਿਲਾਫ਼ ਹੁਕਮਨਾਮੇ ਜਾਰੀ ਹੋਣੇ ਚਾਹੀਦੇ ਸਨ, ਸਰਕਾਰਾਂ ਦੇ ਜ਼ੁਲਮ ਖ਼ਿਲਾਫ਼ ਆਵਾਜ਼ ਉੱਠਣੀ ਚਾਹੀਦੀ ਸੀ, ਸਿੱਖ ਕੌਮ ਉੱਤੇ ਹੋ ਰਹੇ ਸਿਧਾਂਤਕ ਅਤੇ ਸਰੀਰਕ ਹਮਲਿਆਂ ਦਾ ਜਵਾਬ ਦੇਣਾ ਚਾਹੀਦਾ ਸੀ, ਪੰਥ-ਪ੍ਰਸਤ ਸਿੱਖ ਆਗੂਆਂ ਨੂੰ ਸਨਮਾਨ ਮਿਲਣਾ ਚਾਹੀਦਾ ਸੀ ਓਥੇ ਤਾਂ ਇਸਦੇ ਬਿਲਕੁਲ ਉਲਟ ਭਾਜਪਾ/ਹਿੰਦੂਤਵ ਦੀ ਬੋਲੀ ਬੋਲੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਸਾਡੇ ਤਖ਼ਤਾਂ ਉੱਤੇ ਭਾਜਪਾ ਹੁਣ ਸਿੱਧਮ-ਸਿੱਧਾ ਕਬਜਾ ਕਰ ਚੁੱਕੀ ਹੈ ਇਹ ਸਿੱਖ ਕੌਮ ਉੱਤੇ ਜੂਨ 1984 ਦੇ ਘੱਲੂਘਾਰੇ ਵਾਂਗ ਹੀ ਇੱਕ ਹਮਲਾ ਹੈ ਓਦੋਂ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਬਜਾ ਜਮਾਇਆ ਸੀ ਤੇ ਹੁਣ ਭਾਜਪਾ ਸਰਕਾਰ/ਭਗਵੇਂ ਬ੍ਰਿਗੇਡ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜੂਰ ਸਾਹਿਬ ਉੱਤੇ ਸਿਆਸੀ ਅਤੇ ਸਿਧਾਂਤਕ ਹੱਲਾ ਕਰਕੇ ਸਿੱਖ ਕੌਮ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਖ਼ਾਲਸਾ ਪੰਥ ਸੁਚੇਤ ਅਤੇ ਹੋਸ਼ਿਆਰ ਹੋਵੇ, ਜੇ ਇਸ ਖ਼ਿਲਾਫ਼ ਝੰਡਾ ਨਾ ਚੁੱਕਿਆ ਤਾਂ ਇਹ ਸਾਡੇ ਤਖ਼ਤਾਂ ਨੂੰ ਮੰਦਰਾਂ ਵਿੱਚ ਤਬਦੀਲ ਕਰ ਦੇਣਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.