ਜੁਲਾਈ 1955 ਅਤੇ ਜੂਨ 1984 ਘੱਲੂਘਾਰਾ ਇੱਕੋ ਕੜੀ ਦਾ ਹਿੱਸਾ ਹਨ : ਆਵਾਜ਼-ਏ-ਕੌਮ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 4 ਜੁਲਾਈ ,ਜੁਗਰਾਜ ਸਿੰਘ ਸਰਹਾਲੀ
ਆਵਾਜ਼ ਏ ਕੌਮ ਜਥੇਬੰਦੀ ਵੱਲੋਂ ਜੁਲਾਈ 1955 ਨੂੰ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਜੀ 'ਤੇ ਹਮਲੇ ਦੀ ਯਾਦ ਮਨਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਕੀਰਤਨ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਜੁਲਾਈ 1955 ਮੌਕੇ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਜੀ 'ਤੇ ਕੀਤੇ ਹਮਲੇ ਦੀ ਦਾਸਤਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸਨੂੰ ਸੰਗਤਾਂ ਬੜੇ ਚਾਅ ਨਾਲ ਦੇਖਣਾ ਕੀਤਾ।
ਆਵਾਜ਼ ਏ ਕੌਮ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਕਰਤਾਰਪੁਰ ਨੇ ਬੋਲਦਿਆਂ ਕਿਹਾ ਕਿ 1947 ਵਾਲੇ ਵਰਤਾਰੇ ਤੋਂ ਬਾਅਦ ਸਿੱਖ ਹਾਲੇ ਤੱਕ ਤਾਂ ਉੱਠ ਵੀ ਨਹੀਂ ਸਕੇ ਸਨ, ਸਿੱਖਾਂ ਦੇ ਕੱਪੜਿਆਂ ਤੋਂ 1947 ਵਾਲੀ ਘਟਨਾ ਦੇ ਲਹੂ ਦੇ ਦਾਗ਼ ਵੀ ਨਹੀਂ ਸਨ ਲੱਥੇ ਕਿ ਭਾਰਤੀ ਹਕੂਮਤ ਨੇ ਜੁਲਾਈ 1955 ਵਾਲੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ 1955 ਵਾਲੀ ਘਟਨਾ ਨੂੰ ਗੰਭੀਰਤਾ ਅਤੇ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਖ਼ਾਲਸਾ ਪੰਥ 'ਤੇ 1978 ਦਾ ਨਿਰੰਕਾਰੀ ਕਾਂਡ ਅਤੇ ਜੂਨ 1984 ਦਾ ਘੱਲੂਘਾਰਾ ਨਾ ਵਾਪਰਦਾ।
ਉਨ੍ਹਾਂ ਕਿਹਾ ਕਿ ਜੁਲਾਈ 1955 ਅਤੇ ਜੂਨ 1984 ਘੱਲੂਘਾਰਾ ਇੱਕੋ ਕੜੀ ਦਾ ਹਿੱਸਾ ਹਨ ਅਤੇ ਇਨ੍ਹਾਂ ਦੋਨੋਂ ਹਮਲਿਆਂ ਨੂੰ ਵੱਖੋ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।
ਅਵਾਜ਼ ਏ ਕੌਮ ਦੇ ਆਗੂ ਨੋਬਲਜੀਤ ਸਿੰਘ ਬੁੱਲ੍ਹੋਵਾਲ ਨੇ ਬੋਲਦਿਆਂ ਕਿਹਾ ਕਿ 4 ਜੁਲਾਈ 1955 ਦੇ ਸਾਕੇ ਤੋਂ ਬਆਦ ਅਕਾਲੀ ਲੀਡਰਸ਼ਿਪ ਭਾਰਤੀ ਹਕੂਮਤ ਦੀ ਅਸਲ ਨੀਤੀ ਨੂੰ ਸਮਝ ਨਾ ਸਕੀ। ਅਕਾਲੀ ਦਲ ਦੀ ਲੰਬੀ ਜੱਦੋ-ਜਹਿਦ ਤੋ ਬਾਅਦ ਵੀ ਸਿੱਖ ਆਪਣਾ ਪੂਰਾ ਸੂਬਾ ਨਾ ਲੈ ਸਕੇ। ਪੈਰ ਪੈਰ ਤੇ ਹੁੰਦੇ ਧੋਖਿਆਂ ਦੇ ਬਾਵਜੂਦ ਵੀ ਅਕਾਲੀ ਦਲ ਭਾਰਤੀ ਹਕੂਮਤ ਦੇ ਖ਼ਿਲਾਫ਼ ਕੋਈ ਸਪੱਸ਼ਟ ਸਟੈਂਡ ਨਾ ਲੈ ਸਕਿਆ। ਸਮਾਂ ਬੀਤਣ 'ਤੇ ਅਕਾਲੀ ਆਗੂਆਂ ਦੀ ਪੰਥ ਨਾਲ ਪ੍ਰੀਤ ਘਟਦੀ ਗਈ ਅਤੇ ਨਿੱਜ-ਪ੍ਰਸਤੀ ਵੱਧਦੀ ਚਲੀ ਗਈ। ਪਰ ਦੂਸਰੇ ਪਾਸੇ ਭਾਰਤੀ ਹਕੂਮਤ ਵਲੋਂ ਸਿੱਖਾਂ ਖ਼ਿਲਾਫ਼ ਬਹੁਤ ਸਾਰੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਗਿਆ। 1978 ਦਾ ਸਾਕਾ ,1984 ਦਾ ਘੱਲੂਘਾਰਾ , ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਲਗਾਤਾਰਤਾ ਨੇ ਸਿੱਖਾਂ ਨੂੰ ਆਪਣੇ ਕੌਮੀ ਘਰ ਦੀ ਜ਼ਰੂਰਤ ਨੂੰ ਮਹਿਸੂਸ ਕਰਵਾਇਆ ਹੈ।
ਇਸ ਮੌਕੇ ਭਾਈ ਪ੍ਰਭਜੋਤ ਸਿੰਘ ਨਵਾਂਸ਼ਹਿਰ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਗੁਰਪ੍ਰੀਤ ਸਿੰਘ ਖੁੱਡਾ, ਭਾਈ ਰਣਵੀਰ ਸਿੰਘ ਬੈਂਸਤਾਨੀ, ਭਾਈ ਕਰਨੈਲ ਸਿੰਘ ਘੋੜੇਬਾਹਾ, ਜਥੇਦਾਰ ਭੁਪਿੰਦਰ ਸਿੰਘ ਜੀ ਤਰਨਾ ਦਲ, ਭਾਈ ਗੁਰਦੀਪ ਸਿੰਘ ਗੜ੍ਹਦੀਵਾਲਾ, ਅਮਰਜੀਤ ਸਿੰਘ ਨਿੱਝਰ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਜਸਵੀਰ ਸਿੰਘ ਸੀਕਰੀ, ਸੁਖਵਿੰਦਰ ਸਿੰਘ ਹਰਿਆਣਾ ਆਦਿ ਹਾਜ਼ਰ ਸਨ।