ਬੈਲਜ਼ੀਅਮ ਵਿਖੇ 28 ਅਪ੍ਰੈਲ ਨੂੰ ਕਰਾਇਆ ਜਾਵੇਗਾ ਵਿਸ਼ਵ ਯੁੱਧਾਂ 'ਚ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਸਮਾਗਮ
- ਅੰਤਰਰਾਸ਼ਟਰੀ
- 20 Jan, 2025 12:00 AM (Asia/Kolkata)
ਰੋਮ (ਦਲਵੀਰ ਕੈਂਥ)- ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇਗੰਢ ਮੌਕੇ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਤਿ ਇੱਕ ਵਿਸ਼ਾਲ ਧਾਰਮਿਕ ਸਮਾਗਮ ਯੂਰਪੀਅਨ ਦੇਸ਼ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸਾਸ਼ਨ, ਫਲਾਂਨਦਰਨ ਫੀਲਡ ਮਿਊਜ਼ੀਅਮ ਅਤੇ ਸਿੱਖਜ਼ ਔਨ ਦਿ ਵੈਸਟਰਨ ਫਰੰਟ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਅਤੇ ਦਸਵੰਧ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਿੱਖ ਕੌਮ ਦੀਆਂ ਮਹਾਨ ਸਖ਼ਸੀਅਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਰਵੀ ਸਿੰਘ ਖਾਲਸਾ ਮੁੱਖ ਸੇਵਾਦਾਰ ਖਾਲਸਾ ਏਡ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਭਾਈ ਮਨਧੀਰ ਸਿੰਘ, ਵਿਸ਼ਵ ਯੁੱਧਾਂ 'ਤੇ ਖੋਜ ਭਰਪੂਰ ਕਿਤਾਬਾਂ ਦੇ ਲੇਖਕ ਸਰਦਾਰ ਭੁਪਿੰਦਰ ਸਿੰਘ ਹੌਲੈਂਡ, ਲੇਖਕ ਬਲਵਿੰਦਰ ਸਿੰਘ ਚਾਹਲ ਇੰਗਲੈਂਡ, ਦਲ ਸਿੰਘ ਢੇਸੀ ਇੰਗਲੈਂਡ, ਡਾ. ਸੁਰਜੀਤ ਸਿੰਘ ਜਰਮਨੀ ਸਮੇਤ ਯੂਰਪ ਭਰ ਦੇ ਪੰਥਕ ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਈਪਰ ਦੀ ਮੇਅਰ ਅਤੇ ਮੈਂਬਰ ਪਾਰਲੀਮੈਂਟ ਇਮਲੀ ਟਾਲਪੇ ਸਮੇਤ ਕਈ ਸ਼ਹਿਰਾਂ ਦੇ ਮੇਅਰ ਅਤੇ ਕਥਾਵਾਚਕ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ 'ਤੋਂ ਇਲਾਵਾ ਸਿੱਖ ਧਰਮ ਦੀਆਂ ਹੋਰ ਵੀ ਮਹਾਨ ਸਖ਼ਸੀਅਤਾਂ ਪਹੁੰਚ ਰਹੀਆਂ ਹਨ। 26 ਅਪ੍ਰੈਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 28 ਅਪ੍ਰੈਲ ਨੂੰ ਭੋਗ ਪਾਏ ਜਾਣਗੇ। ਉਪਰੰਤ ਕਥਾ-ਕੀਰਤਨ ਦਰਬਾਰ, ਪੰਜਾਬ ਸਮੇਤ ਦੁਨੀਆ ਭਰ ਵਿੱਚੋਂ ਪਹੁੰਚੀਆਂ ਸ਼ਖਸੀਅਤਾਂ ਸੰਗਤਾਂ ਦੇ ਰੂਬਰੂ ਹੋਣਗੀਆਂ। ਦੁਪਿਹਰ 2 'ਤੋਂ 3 ਵਜੇ ਤੱਕ 'ਦੇਹ ਸਿਵਾ ਵਰ ਮੋਹਿ ਇਹੇ' ਸ਼ਬਦ ਦੀ ਧੁਨ ਇਤਿਹਾਸਿਕ ਚਰਚ ਵਿੱਚੋਂ ਵਿਸੇਸ਼ ਤੌਰ 'ਤੇ ਵਜਾਈ ਜਾਵੇਗੀ। ਦੁਪਿਹਰ ਬਾਅਦ 5 ਵਜੇ ਹੋਲੇਬੇਕੇ ਸਮਾਰਕ ( Eekhofstraat, 8902 Holebeke ) ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੀ ਵਰੇਗੰਢ ਮੌਕੇ ਅੱਧੇ ਘੰਟੇ ਦਾ ਸਮਾਗਮ ਸ਼ਹਿਰ ਦੇ ਪ੍ਰਸਾਸ਼ਨ ਅਤੇ ਫਲਾਨਦਰਨ ਫੀਲਡ ਮਿਊਜ਼ੀਅਮ ਵੱਲੋਂ ਹੋਵੇਗਾ।