ਤਰਨ ਤਾਰਨ ਚੋਣ: ਭਾਈ ਸੰਦੀਪ ਸਿੰਘ ਸੰਨੀ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ

ਤਰਨ ਤਾਰਨ ਚੋਣ: ਭਾਈ ਸੰਦੀਪ ਸਿੰਘ ਸੰਨੀ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ

ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਨੂੰ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਐਲਾਨ ਕੇ ਭਾਰੀ ਬਹੁਮੱਤ ਨਾਲ ਜਿਤਾਇਆ ਜਾਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 24 ਸਤੰਬਰ ਜੁਗਰਾਜ ਸਿੰਘ ਸੰਧੂ

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਨੇ ਸਿੱਖ ਕੌਮ ਦੇ ਦੁਸ਼ਮਣ ਫ਼ਿਰਕੂ ਹਿੰਦੂਤਵੀ ਸੁਧੀਰ ਸੂਰੀ ਅਤੇ ਬੁੱਚੜ ਥਾਣੇਦਾਰ ਸੂਬਾ ਸਰਹੰਦ ਨੂੰ ਸੋਧ ਕੇ ਜੋ ਮਹਾਨ ਸੇਵਾ ਨਿਭਾਈ ਹੈ, ਇਸ ਘਾਲਣਾ ਦਾ ਸਤਿਕਾਰ ਕਰਦਿਆਂ ਸਿੱਖ ਕੌਮ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਭਾਈ ਸੰਦੀਪ ਸਿੰਘ ਸੰਨੀ ਨੂੰ ਮੈਦਾਨ ਵਿੱਚ ਉਤਾਰ ਕੇ ਭਾਰੀ ਬਹੁਮੱਤ ਨਾਲ ਜਿਤਾਉਣਾ ਚਾਹੀਦਾ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਵੇਂ ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣਾ ਉਮੀਦਵਾਰ ਭਾਈ ਹਰਪਾਲ ਸਿੰਘ ਬਲੇਰ ਨੂੰ ਵਾਪਸ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਦਿੱਤੀ ਸੀ ਅਤੇ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਭਾਰੀ ਬਹੁਮੱਤ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸੀ। ਇਸੇ ਤਰ੍ਹਾਂ ਹੁਣ ਚਾਹੀਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆਪਣਾ ਕੋਈ ਹੋਰ ਉਮੀਦਵਾਰ ਖੜ੍ਹਾ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਸੰਨੀ ਨੂੰ ਹੀ ਸਮਰਥਨ ਦੇਣ।

ਉਹਨਾਂ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਵਿੱਚ ਬਣਿਆ ਨਵਾਂ ਸ਼੍ਰੋਮਣੀ ਅਕਾਲੀ ਦਲ ਵੀ ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਨਿੱਤਰੇ ਅਤੇ ਯੂਨਾਈਟਿਡ ਅਕਾਲੀ ਦਲ, ਮਿਸਲ ਸਤਲੁਜ ਤੇ ਹੋਰ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਇਕੱਠੇ ਮਿਲ ਕੇ ਖ਼ਾਲਸਾ ਪੰਥ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਆਜ਼ਾਦ ਉਮੀਦਵਾਰ ਵਜੋਂ ਐਲਾਨਣ।

ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਤਰਨ ਤਾਰਨ ਦੀ ਚੋਣ ਨਾ ਲੜਨ ਦਾ ਫੈਸਲਾ ਲੈ ਕੇ ਵੱਡਾ ਜਿਗਰਾ ਕੀਤਾ ਹੈ ਹਾਲਾਂਕਿ ਉਹਨਾਂ ਦੇ ਹੱਕ ਵਿੱਚ ਵੱਡੀ ਲਹਿਰ ਬਣੀ ਹੋਈ ਹੈ। ਪਰ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਵੇਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਕਿੰਗ ਮੇਕਰ ਵਜੋਂ ਭੂਮਿਕਾ ਨਿਭਾਈ, ਇਸੇ ਤਰ੍ਹਾਂ ਹੁਣ ਭਾਈ ਸੰਦੀਪ ਸਿੰਘ ਸੰਨੀ ਦੀ ਚੋਣ ਮੁਹਿੰਮ ਨੂੰ ਵੀ ਸਾਂਭਿਆ ਜਾਵੇ।

ਫੈਡਰੇਸ਼ਨ ਆਗੂ ਨੇ ਇਹ ਵੀ ਕਿਹਾ ਕਿ ਇਸ ਤਰਨ ਤਾਰਨ ਇਲਾਕੇ ਵਿੱਚ ਸ਼ਹੀਦ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਬਹੁਤ ਸਿੱਖੀ ਸੇਵਕੀ ਹੈ, ਉਹਨਾਂ ਦੇ ਸ਼ਰਧਾਲੂ ਵੀ ਯਕੀਨਨ ਭਾਈ ਸੰਦੀਪ ਸਿੰਘ ਦਾ ਸਾਥ ਦੇਣਗੇ। ਬਾਬਾ ਚਰਨ ਸਿੰਘ ਨੂੰ ਵੀ ਥਾਣੇਦਾਰ ਸੂਬਾ ਸਰਹੰਦ ਨੇ ਸ਼ਹੀਦ ਕੀਤਾ ਸੀ ਅਤੇ ਇਸ ਥਾਣੇਦਾਰ ਦੇ ਬਹੁਤ ਸਾਰੇ ਸਤਾਏ ਅਤੇ ਸ਼ਿਕਾਰ ਹੋਏ ਲੋਕ ਵੀ ਇਸੇ ਹਲਕੇ ਵਿੱਚ ਆਉਂਦੇ ਹਨ। ਸਿੱਖ ਸੰਘਰਸ਼ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਇਲਾਕੇ ਮਾਝੇ ਵਿੱਚ ਹੋਈਆਂ ਤੇ ਇਹ ਸਾਰੇ ਸ਼ਹੀਦਾਂ ਦੇ ਪਰਿਵਾਰ ਤੇ ਹੋਰ ਸੰਘਰਸ਼ੀ ਗੁਰਸਿੱਖ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਭਾਈ ਸੰਦੀਪ ਸਿੰਘ ਸੰਨੀ ਦਾ ਸਾਥ ਦੇਣਗੀਆਂ।

ਉਹਨਾਂ ਇਹ ਵੀ ਕਿਹਾ ਕਿ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਚਮਨ ਲਾਲ ਦਾ ਪੁੱਤਰ ਗੁਲਸ਼ਨ ਕੁਮਾਰ ਜੋ ਪੁਲਿਸ ਨੇ ਕੋਹ-ਕੋਹ ਕੇ ਸ਼ਹੀਦ ਕੀਤਾ ਸੀ ਤੇ ਸੂਬੇ ਬੁੱਚੜ ਨੂੰ ਮਾਰ ਕੇ ਭਾਈ ਸੰਦੀਪ ਸਿੰਘ ਸੰਨੀ ਨੇ ਮਨੁੱਖੀ ਹੱਕਾਂ ਦੀ ਲੜਾਈ ਲੜੀ ਹੈ, ਇਸ ਲਈ ਹਿੰਦੂ ਭਾਈਚਾਰੇ ਨੂੰ ਵੀ ਭਾਈ ਸੰਦੀਪ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।

ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਕਾਂਗਰਸ, ਭਾਜਪਾ ਅਤੇ ਬਾਦਲ ਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਝਾੜੂ ਪਾਰਟੀ ਨੂੰ ਅੱਗੇ ਲਿਆਂਦਾ ਸੀ ਤੇ ਇਹ ਵੀ ਬਾਕੀ ਸਿਆਸੀ ਪਾਰਟੀਆਂ ਵਾਂਗ ਬੇਕਾਰ ਨਿਕਲੀ ਤੇ ਰਵਾਇਤੀ ਸਿਆਸੀ ਦਲਾਂ ਵਿੱਚੋਂ ਆਸ ਦੀ ਕੋਈ ਕਿਰਨ ਬਾਕੀ ਨਹੀਂ ਬਚੀ। ਜਿਵੇਂ ਪਿਛਲੀ ਵਾਰ ਕਿਹਾ ਜਾਂਦਾ ਸੀ ਕਿ ਪਾਰਲੀਮੈਂਟ ਵਿੱਚ ਇੰਦਰਾ ਗਾਂਧੀ ਦੇ ਪੋਤਰੇ ਰਾਹੁਲ ਗਾਂਧੀ ਦੇ ਸਾਹਮਣੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸਪੁੱਤਰ ਸਰਬਜੀਤ ਸਿੰਘ ਬੈਠਾ ਹੋਵੇ ਤੇ ਹੁਣ ਵੀ ਦੁਨੀਆਂ ਭਰ ਵਿੱਚ ਇਹ ਸੁਨੇਹਾ ਜਾਵੇ ਕਿ ਹਿੰਦੂ ਕੱਟੜਵਾਦ ਜਾਂ ਖ਼ਾਕੀ ਵਰਦੀ ਪਾ ਕੇ ਜੇਕਰ ਕੋਈ ਬੁੱਚੜਪੁਣਾ ਕਰਦਾ ਹੈ ਤਾਂ ਕੋਈ ਗੁਰੂ ਕਾ ਸਿੱਖ ਜਦੋਂ ਉਸ ਦੇ ਵਿਰੁੱਧ ਡੱਟ ਜਾਂਦਾ ਹੈ ਤਾਂ ਕੌਮ ਉਸ ਨੂੰ ਹੋਰ ਮਾਣ-ਸਤਿਕਾਰ ਦੇ ਨਾਲ-ਨਾਲ ਐੱਮ ਐੱਲ ਏ ਅਤੇ ਐੱਮ ਪੀ ਵੀ ਬਣਾ ਦਿੰਦੀ ਹੈ।

ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਬਾਦਲ ਦਲ ਨੇ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਵਿਰਸਾ ਸਿੰਘ ਵਲਟੋਹਾ ਨੂੰ ਖੜ੍ਹਾ ਕਰਕੇ ਸਿੱਖ ਵੋਟ ਵੰਡੀ ਤੇ ਭਾਰੀ ਗਲਤੀ ਕੀਤੀ ਸੀ। ਹੁਣ ਬਾਦਲਕਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਵਾਪਸ ਲੈ ਦੇਣ ਕਿਉਂਕਿ ਅੱਗੇ ਹੀ ਵਲਟੋਹਾ ਨੂੰ ਹਰਵਾ ਕੇ ਬਾਦਲਾਂ ਨੇ ਆਪਣਾ ਚਾਅ ਲਾਹ ਲਿਆ ਸੀ ਤੇ ਹੁਣ ਭਾਈ ਸੰਦੀਪ ਸਿੰਘ ਸੰਨੀ ਵੇਲੇ ਬਾਦਲਕੇ ਪੰਥ ਨਾਲ ਖੜ੍ਹ ਕੇ ਆਪਣੀ ਗ਼ਲਤੀ ਸੁਧਾਰਨ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਜੋ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਤਾਉਣ ਲਈ ਇਸ ਇਲਾਕੇ ਦੇ ਸਾਰੇ ਮਹਾਂਪੁਰਸ਼ ਬਾਬਾ ਬਿਧੀ ਚੰਦ ਦਲ, ਤਰਨਾ ਦਲ, ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਸੁੱਖਾ ਸਿੰਘ ਸਰਹਾਲੀ ਅਤੇ ਹੋਰ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਤੇ ਪਾਰਟੀਆਂ ਨੂੰ ਮਿਲ ਕੇ ਜ਼ਿੰਮੇਵਾਰੀ ਨਿਭਾਉਣਗੇ। ਉਹਨਾਂ ਕਿਹਾ ਕਿ ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਵਿਸ਼ੇਸ਼ ਇਕੱਠ ਸੱਦ ਕੇ ਤਰਨ ਤਾਰਨ ਦੀ ਜ਼ਿਮਨੀ ਚੋਣ ਬਾਰੇ ਫੈਸਲਾ ਲੈਣਾ ਚਾਹੀਦਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.