ਖ਼ਾਲਿਸਤਾਨੀ ਸ਼ਹੀਦਾਂ ਦਾ ਇਤਿਹਾਸ ਲਿਖਦਿਆਂ ਕੁਝ ਦਰਦ, ਜਜ਼ਬਾਤ ਅਤੇ ਵਲਵਲ਼ੇ

ਖ਼ਾਲਿਸਤਾਨੀ ਸ਼ਹੀਦਾਂ ਦਾ ਇਤਿਹਾਸ ਲਿਖਦਿਆਂ ਕੁਝ ਦਰਦ, ਜਜ਼ਬਾਤ ਅਤੇ ਵਲਵਲ਼ੇ

ਖ਼ਾਲਿਸਤਾਨੀ ਸ਼ਹੀਦਾਂ ਦਾ ਇਤਿਹਾਸ ਲਿਖਦਿਆਂ ਕੁਝ ਦਰਦ, ਜਜ਼ਬਾਤ ਅਤੇ ਵਲਵਲ਼ੇ

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਖ਼ਾਲਿਸਤਾਨ ਦੀ ਅਜ਼ਾਦੀ ਦੇ ਅਰੰਭੇ ਸੰਘਰਸ਼ ’ਚ ਸ਼ਹਾਦਤਾਂ ਪਾਉਣ ਵਾਲ਼ੇ ਸਿੰਘਾਂ-ਸਿੰਘਣੀਆਂ ਦੀਆਂ ਜੀਵਨੀਆਂ ਵਾਲੀਆਂ ਕਿਤਾਬਾਂ ‘ਤਵਾਰੀਖ਼-ਸ਼ਹੀਦ-ਏ-ਖ਼ਾਲਿਸਤਾਨ’ (ਭਾਗ ਪਹਿਲਾ, ਦੂਜਾ, ਤੀਜਾ) ਪੰਥ ਦੀ ਝੋਲ਼ੀ ਵਿੱਚ ਪਾ ਕੇ ਦਿਲ ਵਿੱਚ ਵੈਰਾਗ ਦੀ ਭਾਵਨਾ ਹੈ। ਜਦ ਮੈਂ ਖ਼ਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਲੋਕਾਂ, ਮਾਪਿਆਂ, ਵਾਕਫ਼ਾਂ ਤੇ ਹੋਰ ਥਾਂਵਾਂ ’ਤੇ ਗਿਆ ਤਾਂ ਹਰ ਥਾਂ ਸੰਘਰਸ਼ ਨਾਲ਼ ਸੰਬੰਧਤ ਨਿਸ਼ਾਨੀਆਂ ਤੇ ਯਾਦਾਂ ਸਾਂਭੀਆਂ ਮਿਲ਼ੀਆਂ। ਸ਼ਹੀਦਾਂ ਦੀਆਂ ਤਸਵੀਰਾਂ, ਚਿੱਠੀਆਂ, ਡਾਇਰੀਆਂ, ਕੱਪੜੇ ਤੇ ਹੋਰ ਬੇਅੰਤ ਨਿਸ਼ਾਨੀਆਂ ਪਰਿਵਾਰਾਂ ਨੇ ਸੰਭਾਲ਼ੀਆਂ ਹੋਈਆਂ ਹਨ। ਲੋਕਾਂ ਨੇ ਸ਼ਹੀਦਾਂ ਦੀ ਨਿੱਕੀ ਤੋਂ ਨਿੱਕੀ ਗੱਲ ਵੀ ਦਿਲ ਵਿੱਚ ਬੇਸ਼ਕੀਮਤੀ ਖ਼ਜ਼ਾਨੇ ਵਾਂਗ ਸਾਂਭੀ ਹੋਈ ਹੈ।

ਜਦ ਪੁੱਛਦੇ ਹਾਂ ਤਾਂ ਉਹ ਅੱਧ-ਮੀਟੀਆਂ ਅੱਖਾਂ ਨਾਲ਼, ਕਿਸੇ ਸਰੂਰ ਵਿੱਚ ਲੀਨ ਹੋ ਕੇ ਗੱਲਾਂ ਦੱਸਦੇ ਹਨ। ਕੀ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ ਇਹ ਸਭ ਕੁਝ ਬਿਆਨ ਕਰਨ ਮੌਕੇ ਜਦ ਉਹ ਗੱਲ ਸ਼ੁਰੂ ਕਰਦੇ ਹਨ ਤਾਂ ਗੱਲ ਮੁੱਕਦੀ ਹੀ ਨਹੀਂ। ਅਸੀਂ ਖੁੱਲ੍ਹੇ ਸਮੇਂ ਤੇ ਖੁੱਲ੍ਹੇ ਦਿਲ ਨਾਲ਼ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਲਗ ਚੁੱਕਾ ਹੈ ਕਿ ਲੋਕ ਤਾਂ ਉਡੀਕ ਰਹੇ ਨੇ ਕਿ ਕੋਈ ਆਵੇ ਤਾਂ ਸਹੀਂ, ਕੋਈ ਪੁੱਛੇ ਤਾਂ ਸਹੀਂ ਕਿ ਉਹ ਕਿਹੋ ਜਿਹੇ ਸਨ ‘ਜਿਨ੍ਹਾਂ ਧਰਮ ਹੇਤ ਸੀਸ ਵਾਰੇ।’

ਸ਼ਹੀਦ ਸਿੰਘਾਂ ਦੇ ਕਰੀਬੀਆਂ ਕੋਲ਼ੋਂ ਸੁਣੀਆਂ ਗੱਲਾਂ-ਬਾਤਾਂ ਨੂੰ ਪੜਤਾਲਣ ਤੇ ਪੁਣਛਾਣ ਕਰਨ ਲਈ ਸਿੱਖ ਸੰਘਰਸ਼ ਵਿੱਚ ਸਿੱਧੇ ਸਰਗਰਮ ਰਹੇ ਜੁਝਾਰੂ ਸਿੰਘਾਂ ਨਾਲ਼ ਵੇਰਵੇ ਸਾਂਝੇ ਕਰਨੇ ਪੈਂਦੇ ਹਨ। ਸਭ ਨੂੰ ਪਤਾ ਹੈ ਕਿ ਗੁਰੀਲਾ ਸੰਘਰਸ਼ ਵਿੱਚ ਸਰਗਰਮ ਰਹੇ ਜੁਝਾਰੂਆਂ ਨੇ ਹਾਲਾਤ ਮੁਤਾਬਕ ਕਈ ਵਾਰ ਹਕੀਕਤ ਨੂੰ ਛੁਪਾਇਆ ਹੋਵੇਗਾ ਤੇ ਮਾਪਿਆਂ ਤੇ ਠਾਹਰਾਂ ਵਾਲ਼ਿਆਂ ਨੂੰ ਗੋਲਮੋਲ ਗੱਲ ਦੱਸੀ ਹੋਵੇਗੀ। ਕਈ ਵਾਰ ਤਾਂ ਪ੍ਰਚਲਿਤ ਗੱਲ ਤੋਂ ਬਿਲਕੁਲ ਨਵੀਂ ਤੇ ਠੋਸ ਸੱਚਾਈ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਸਿੰਘਾਂ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ ਜਿਨ੍ਹਾਂ ਨੇ ਇਹ ਸੋਚ ਕੇ ਗੱਲ ਕੀਤੀ ਕਿ ਕਿਤੇ ਸਾਡੇ ਕਰਕੇ ਮਾਪਿਆਂ, ਠਾਹਰ ਵਾਲ਼ਿਆਂ ਤੇ ਵਾਕਫ਼ਾਂ ਉੱਤੇ ਕੋਈ ਸੰਕਟ ਨਾ ਆ ਜਾਵੇ। ਧੰਨ ਸੀ ਉਹ ਸਿੰਘ ਤੇ ਧੰਨ ਸੀ ਸਿੰਘਾਂ ਨੂੰ ਸਾਂਭਣ ਵਾਲ਼ੇ, ਸਾਥ-ਸਹਿਯੋਗ ਦੇਣ ਵਾਲ਼ੇ।

ਕਲਮ ਦੇ ਇਸ ਸਫ਼ਰ ਦੌਰਾਨ ਬਹੁਤ ਸਾਰੇ ਉਹ ਲੋਕ ਹੁਣ ਸਾਡੇ ਲਈ ਜਾਣਕਾਰੀ ਦੇ ਸ੍ਰੋਤ ਹਨ, ਜਿਹੜੇ ਜੁਝਾਰੂ ਲਹਿਰ ਦੇ ਹਮਾਇਤੀ ਹੋਣ ਕਰ ਕੇ ਪੁਲੀਸ ਦੇ ਜਬਰ ਦਾ ਸ਼ਿਕਾਰ ਬਣਦੇ ਰਹੇ। ਉਹ ਆਪ ਬੇਸ਼ੱਕ ਹਥਿਆਰਬੰਦ ਕਾਰਵਾਈਆਂ ਵਿੱਚ ਸਰਗਰਮ ਨਹੀਂ ਰਹੇ ਪਰ ਇਹਨਾਂ ਕਾਰਵਾਈਆਂ ਦੀ ਕਾਮਯਾਬੀ ਦਾ ਬਹੁਤਾ ਭਾਰ ਇਹਨਾਂ ਗੁਪਤ ਹਮਾਇਤੀਆਂ ਦੇ ਸਿਰ ਹੁੰਦਾ ਸੀ। ਜੁਝਾਰੂਆਂ ਦੀ ਸੀਮਤ ਜਿਹੀ ਗਿਣਤੀ ਨੇ ਜੇ ਭਾਰਤੀ ਹਕੂਮਤ ਖ਼ਿਲਾਫ਼ ਕਾਮਯਾਬ ਗੁਰੀਲਾ ਲੜਾਈ ਲੜਨੀ ਸੀ ਤਾਂ ਯਕੀਨਨ ਉਹਨਾਂ ਨੂੰ ਬੇਸ਼ੁਮਾਰ ਇਹੋ ਜਿਹੇ ਗੁਪਤ ਹਮਾਇਤੀਆਂ ਦੀ ਲੋੜ ਸੀ, ਜਿਨ੍ਹਾਂ ਉੱਤੇ ਅਥਾਹ ਭਰੋਸਾ ਕੀਤਾ ਜਾ ਸਕੇ।

ਸੰਗਤਾਂ ਦੀਆਂ ਅਰਦਾਸਾਂ ਦੀ ਬਦੌਲਤ ਇਸ ਤਰ੍ਹਾਂ ਇੱਕ ਇਹੋ ਜਿਹਾ ਕਾਮਯਾਬ ਢਾਂਚਾ ਸਥਾਪਿਤ ਹੋ ਗਿਆ, ਜਿਸ ਨੇ ਸਾਲ ਦਰ ਸਾਲ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਚੱਕਰਾਂ ਵਿੱਚ ਪਾਈ ਰੱਖਿਆ। ਜਦ ਪੁਲੀਸ ਦੇ ਵੱਡੇ ਅਧਿਕਾਰੀ ਮੀਡੀਆ ਵਿੱਚ ਦਾਅਵੇ ਕਰ ਰਹੇ ਹੁੰਦੇ ਸੀ ਕਿ ਸਾਡੀਆਂ ਏਜੰਸੀਆਂ ਦੀ ਪੁਖ਼ਤਾ ਜਾਣਕਾਰੀ ਅਨੁਸਾਰ ਫਲਾਣਾ ਖਾੜਕੂ ਜਰਨੈਲ ਲਾਹੌਰ ਵਿੱਚ ਹੈ, ਓਸ ਮੌਕੇ ਇਸ ਕਾਮਯਾਬ ਢਾਂਚੇ ਕਰਕੇ ਹੀ ਉਹ ਸੂਰਮਾ ਪਟਿਆਲੇ, ਜਲੰਧਰ, ਲੁਧਿਆਣੇ ਵਰਗੇ ਸ਼ਹਿਰਾਂ ਵਿੱਚ ਰਹਿ ਕੇ ਕੌਮ ਦੀ ਸੇਵਾ ਕਰ ਰਿਹਾ ਹੁੰਦਾ ਸੀ। ਸਾਡੇ ਵਰਗੇ ਲੋਕਾਂ ਲਈ ਉਹ ਲੋਕ ਬਹੁਤ ਸ਼ਾਨਦਾਰ ਖ਼ਜ਼ਾਨਾ ਹਨ, ਜਿਹੜੇ ਓਸ ਮੌਕੇ ਜੁਝਾਰੂ ਸਿੰਘਾਂ ਦੇ ਸੰਪਰਕ ਵਿੱਚ ਸਨ। ਉਹਨਾਂ ਨੂੰ ਆਪਣੇ ਉੱਪਰ ਹੋਏ ਤਸ਼ੱਦਦ ਤੇ ਹੋਰ ਨੁਕਸਾਨ ਦਾ ਫ਼ਿਕਰ ਨਹੀਂ ਪਰ ਸੰਘਰਸ਼ ਦੇ ਵਰਤਮਾਨ ਤੇ ਭਵਿੱਖ ਦੀ ਚਿੰਤਾ ਹੈ।

ਜਦ ਮੈਂ ਇਹਨਾਂ ਲੋਕਾਂ ਕੋਲ਼ ਘਰਾਂ ਵਿੱਚ ਗਿਆ ਤਾਂ ਪਰਿਵਾਰਕ ਬੀਬੀਆਂ ਨੇ ਵੀ ਆਪਣੇ ਵਲ਼ਵਲ਼ੇ ਸਾਂਝੇ ਕੀਤੇ ਕਿ ਉਹ ਐਨੇ ਸਿਦਕਵਾਨ, ਪ੍ਰਪੱਕ ਤੇ ਕੌਮ ਨੂੰ ਸਮਰਪਿਤ ਸਿੰਘ ਸਨ ਕਿ ਉਹਨਾਂ ਕਰਕੇ ਜੋ ਕੁਝ ਸਾਡੇ ਨਾਲ਼ ਬੀਤੀ, ਉਸ ਦਾ ਕੋਈ ਅਫ਼ਸੋਸ ਹੀ ਨਹੀਂ ਹੋਇਆ। ਸਭ ਦੇ ਦਿਲ ਵਿੱਚ ਸੰਘਰਸ਼ ਵਿੱਚ ਆਏ ਵਿਗਾੜਾਂ ਦਾ ਦਰਦ ਹੈ। ਸਭ ਨੂੰ ਮੰਜ਼ਲ ਨਾ ਮਿਲ਼ਣ ਦਾ ਦੁੱਖ ਹੈ। ਸਭ ਨੂੰ ਕੌਮ ਦੇ ਅਜੋਕੇ ਹਾਲਾਤ ਦਾ ਅਫ਼ਸੋਸ ਹੈ।

ਬਹੁਤੇ ਜੁਝਾਰੂ ਸਿੰਘਾਂ ਦੇ ਪਰਿਵਾਰ ਅਜੇ ਵੀ ਸੁਰਤ ਸਿਰ ਨਹੀਂ ਹੋਏ। ਇਹ ਕਠੋਰ ਸੱਚ ਹੈ ਕਿ ਸੰਘਰਸ਼ ਦੇ ਨਾਂ ’ਤੇ ਵਿਦੇਸ਼ਾਂ ਵਿੱਚ ਪੱਕੇ ਹੋਣ ਵਾਲ਼ਿਆਂ ਨੇ ਬਾਅਦ ਵਿੱਚ ਲਹਿਰ ਪ੍ਰਤੀ ਬਣਦੇ ਫ਼ਰਜ਼ ਨਹੀਂ ਨਿਭਾਏ। ਕਈ ਘਰਾਂ ਦੇ ਹਾਲਾਤ ਤਾਂ ਬਹੁਤ ਹੀ ਮਾੜੇ ਹਨ। ਪਰ ਸਭ ਨੂੰ ਪੰਥ ਲਈ ਕੀਤੀ ਕੁਰਬਾਨੀ ਦਾ ਮਾਣ ਹੈ।

ਇਹਨਾਂ ਕਿਤਾਬਾਂ ਵਿੱਚ ਜਿਹੜੇ ਸਿੰਘਾਂ ਬਾਰੇ ਲੇਖ ਦਰਜ਼ ਹਨ, ਉਹਨਾਂ ਬਾਰੇ ਜਦ ਜਾਣਕਾਰੀ ਇਕੱਠੀ ਕਰ ਰਿਹਾ ਸੀ ਤਾਂ ਹਰ ਥਾਂ ਲੋਕਾਂ ਨੇ ਕਿਸੇ ਹੋਰ ਸਿੰਘ ਬਾਰੇ, ਉਸ ਦੀ ਕੁਰਬਾਨੀ ਬਾਰੇ ਦੱਸ ਕੇ ਜ਼ੋਰ ਪਾਇਆ ਕਿ ਉਸ ਦੀ ਜੀਵਨੀ ਵੀ ਜ਼ਰੂਰ ਲਿਿਖਓ। ਸਾਫ਼ ਗੱਲ ਹੈ ਕਿ ਹੁਣ ਕੌਮ ਵਿੱਚ ਇਹ ਮਹੌਲ ਬਣ ਗਿਆ ਹੈ ਕਿ ਲਿਖਾਰੀਆਂ ਰਾਹੀਂ ਓਸ ਦੌਰ ਬਾਰੇ ਵੱਧ ਤੋਂ ਵੱਧ ਲਿਖਵਾਇਆ ਜਾਵੇ। ਮੇਰਾ ਅਨੁਭਵ ਹੈ ਕਿ ਕਈ ਜੁਝਾਰੂਆਂ ਦੇ ਨਾਂ ਚਰਚਾ ਵਿੱਚ ਬੜੇ ਰਹੇ ਪਰ ਬਹੁਤ ਸਾਰੇ ਓਹ ਸਿੰਘ ਨੇ, ਜਿਨ੍ਹਾਂ ਦੀ ਕੁਰਬਾਨੀ, ਘਾਲਣਾ ਤੇ ਕਾਰਵਾਈ ਬੇਮਿਸਾਲ ਹੈ ਪਰ ਉਹ ਚਰਚਾ ਵਿੱਚ ਨਹੀਂ ਆਏ। ਕੁਝ ਸਿੰਘਾਂ ਦੇ ਕਾਰਨਾਮੇ ਤਾਂ ਚਮਤਕਾਰ ਵਰਗੇ ਜਾਪਦੇ ਹਨ।

ਮੈਨੂੰ ਪਤਾ ਹੈ ਕਿ ਸ਼ਹੀਦਾਂ ਦਾ ਇਤਿਹਾਸ ਲਿਖਣ ਦੇ ਜਿਸ ਪਵਿੱਤਰ ਕਾਰਜ ਨੂੰ ਪੂਰਾ ਕਰਨ ਲਈ ਮੈਂ ਦਿਨ-ਰਾਤ ਡਟਿਆ ਹੋਇਆ ਹਾਂ, ਇਹ ਬੇਹੱਦ ਔਖਾ, ਮੁਸ਼ਕਿਲ, ਤਕਲੀਫ਼ਾਂ ਭਰਿਆ ਇੱਕ ਲੰਮੇਰਾ ਸੰਘਰਸ਼ ਹੈ। ਬੜੀਆਂ ਮਾਨਸਿਕ ਪੀੜਾਂ ’ਚੋਂ ਗੁਜ਼ਰਨਾ ਪੈਂਦਾ ਹੈ ਤੇ ਵੱਡੀ ਗੱਲ ਆਰਥਿਕ ਤੰਗੀ ਝੱਲਣੀ ਪੈਂਦੀ ਹੈ। ਇਸ ਕਾਰਜ ਲਈ ਤਨ, ਮਨ, ਧਨ ਦੀ ਲੋੜ ਹੈ, ਟੀਮ ਅਤੇ ਸਾਧਨਾਂ ਦੀ ਲੋੜ ਹੈ। ਗੱਡੀ ਅਤੇ ਮੋਟਰ-ਸਾਇਕਲ ਦੇ ਖ਼ਰਚੇ ਕੱਢਣੇ ਬੜੀ ਸਿਰ-ਦਰਦੀ ਵਾਲ਼ਾ ਕੰਮ ਹੈ। ਕਿਸੇ ਵੇਲ਼ੇ ਤਾਂ ਦਫ਼ਤਰ ਦਾ ਕਿਰਾਇਆ ਦੇਣਾ ਵੀ ਔਖਾ ਹੋ ਜਾਂਦਾ ਸੀ, ਜਿਸ ਕਰਕੇ ਦਫ਼ਤਰ ਬੰਦ ਕਰਨਾ ਪਿਆ। ਜੇਬ ਵਿੱਚ ਪੈਸੇ ਨਾ ਹੋਣ ਕਰਕੇ ਕਿਸੇ ਵੇਲ਼ੇ ਮੈਂ ਨਿਰਾਸ਼ ਵੀ ਹੋ ਜਾਂਦਾ ਹਾਂ। ਮੈਨੂੰ ਸੰਗਤਾਂ ਦੇ ਸਾਥ-ਸਹਿਯੋਗ ਦੀ ਲੋੜ ਹੈ ਤਾਂ ਜੋ ਇਹ ਕਾਰਜ ਮੈਂ ਹੋਰ ਵੱਧ-ਚੜ੍ਹ ਕੇ, ਬੇਫ਼ਿਕਰਾ ਹੋ ਕੇ, ਜ਼ਮੀਨੀ ਪੱਧਰ ’ਤੇ ਹੋਰ ਉਤਸ਼ਾਹ ਨਾਲ਼ ਵਿਚਰ ਕੇ ਕਰ ਸਕਾਂ। ਇਤਿਹਾਸ ਸਾਂਭਣ ਦਾ ਇਹੋ ਹੀ ਸਮਾਂ ਹੈ ਜੋ ਬੀਤਦਾ ਜਾਂਦਾ ਹੈ।

ਜਦੋਂ ਸ਼ਹੀਦਾਂ ਬਾਰੇ ਜਾਣਕਾਰੀ ਪਤਾ ਕਰਨ ਜਾਂਦਾ ਹਾਂ ਤਾਂ ਜ਼ਰੂਰੀ ਨਹੀਂ ਕਿ ਓਸੇ ਦਿਨ ਹੀ ਜਾਣਕਾਰੀ ਮਿਲ਼ ਜਾਵੇ, ਕਈ ਵਾਰ ਤਾਂ ਪਿੰਡ ਹੀ ਨਹੀਂ ਲੱਭਦਾ, ਕਈ-ਕਈ ਦਿਨ ਘਰ ਨਹੀਂ ਲੱਭਦਾ, ਜਿਸ ਨਾਲ਼ ਗੱਲ ਕਰਨੀ ਹੁੰਦੀ ਹੈ ਓਸ ਨਾਲ਼ ਮੇਲ਼ ਨਹੀਂ ਹੁੰਦਾ, ਤਰੀਕਾਂ ਅਤੇ ਫ਼ੋਟੋਆਂ ਵੀ ਭਾਲ਼ਣੀਆਂ ਪੈਂਦੀਆਂ ਹਨ। ਕਈ ਪਰਿਵਾਰਾਂ ਨੂੰ ਗੱਲਬਾਤ ਲਈ ਮਨਾਉਣਾ ਪੈਂਦਾ ਹੈ, ਉਹਨਾਂ ਦੇ ਆਰਥਿਕ ਹਾਲਾਤਾਂ ਨੂੰ ਸੰਗਤਾਂ ਸਾਹਮਣੇ ਰੱਖ ਕੇ ਮਾਇਆ ਜਾਂ ਹੋਰ ਜ਼ਰੂਰਤ ਦਾ ਪ੍ਰਬੰਧ ਕਰਨਾ ਪੈਂਦਾ ਹੈ, ਕਈ ਪਰਿਵਾਰਾਂ ਦੀਆਂ ਗੱਲਾਂ-ਮਿਹਣੇ ਸੁਣਨੇ ਪੈਂਦੇ ਹਨ।

ਕਈ ਸ਼ਹੀਦਾਂ ਬਾਰੇ ਸੁਣ ਕੇ ਜਾਂ ਪਰਿਵਾਰਾਂ ਦੀ ਹੱਡ-ਬੀਤੀ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਅੱਖਾਂ 'ਚੋਂ ਹੰਝੂ ਵਹਿ ਤੁਰਦੇ ਹਨ, ਹਿੰਦ ਸਰਕਾਰ ਵਿਰੁੱਧ ਰੋਹ ਚੜ੍ਹ ਆਉਂਦਾ ਹੈ ਤੇ ਅਖੌਤੀ ਅਕਾਲੀਆਂ ਬਾਦਲ, ਬਰਨਾਲ਼ਾ, ਲੌਂਗੋਵਾਲ ਨੂੰ ਵੀ ਲਾਹਣਤਾਂ ਪਾਉਣ ਨੂੰ ਦਿਲ ਕਰਦਾ ਹੈ ਜਿਨ੍ਹਾਂ ਨੇ ਕੌਮ ਨਾਲ਼ ਗ਼ੱਦਾਰੀਆਂ ਕੀਤੀਆਂ।

ਦਾਸ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ ਕਿ ਮੇਰੀ ਕਲਮ ਤੋਂ ਲਿਖੀਆਂ ਸ਼ਹੀਦਾਂ ਦੀਆਂ ਜੀਵਨੀਆਂ ਜਿੱਥੇ ਹਰ ਮਹੀਨੇ ‘ਖ਼ਾਲਸਾ ਫ਼ਤਹਿਨਾਮਾ’ ਤੇ ਹੋਰ ਰਸਾਲਿਆਂ ’ਚ ਛਪਦੀਆਂ ਹਨ ਅਤੇ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬਾਂ ਰਾਹੀਂ ਸੰਗਤਾਂ ਪੜ੍ਹਦੀਆਂ ਹਨ, ਓਥੇ ‘1984 ਟ੍ਰਿਿਬਊਟ ਡਾਟ ਕਾਮ’ ਵੈੱਬਸਾਈਟ ਉੱਤੇ ਵੀ ਮੇਰੇ ਵੱਲੋਂ ਲਿਖੀਆਂ ਹਜ਼ਾਰਾਂ ਸ਼ਹੀਦਾਂ ਦੀਆਂ ਜੀਵਨੀਆਂ ਜਿਨ੍ਹਾਂ ਦਾ ਪੰਜਾਬੀ ਤੋਂ ਅੰਗਰੇਜ਼ੀ ਤਰਜ਼ਮਾ ਕੀਤਾ ਹੋਇਆ ਹੈ, ਓਥੋਂ ਪੜ੍ਹ ਕੇ ਸੰਗਤਾਂ ਜੁਝਾਰੂ-ਸ਼ਹੀਦਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀਆਂ ਹਨ ਤੇ ਫੇਸਬੱੁਕ, ਇੰਸਟਾਗ੍ਰਾਮ, ਵਟ੍ਹਸਐਪ ਅਤੇ ਹੋਰ ਸੋਸ਼ਲ ਸਾਈਟਾਂ ’ਤੇ ‘ਪਹਿਰੇਦਾਰ’ ਅਖ਼ਬਾਰ ’ਚ ਵੀ ਅਸੀਂ ਸ਼ਹੀਦਾਂ ਬਾਰੇ ਜਾਣਕਾਰੀ ਅਤੇ ਸੰਘਰਸ਼ੀ ਲੇਖ ਸਾਂਝੇ ਕਰਦੇ ਰਹਿੰਦੇ ਹਾਂ।

ਇਸ ਕਾਰਜ ਵਿੱਚ ਮੇਰੀ ਸਿੰਘਣੀ ‘ਕਮਲਜੀਤ ਕੌਰ ਨਿਹੰਗ’ ਅਤੇ ਸਹੁਰਾ-ਪਿਤਾ ਜੀ ‘ਜਥੇਦਾਰ ਸ. ਜਗਜੀਤ ਸਿੰਘ ਜੀ ਨਿਹੰਗ’ ਦਾ ਮੈਨੂੰ ਵੱਡਾ ਸਾਥ ਹੈ ਜਿਨ੍ਹਾਂ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ। ਮੇਰੇ ਭੁਝੰਗੀ ਗੁਰਪੰਥ ਪ੍ਰਥਮ ਸਿੰਘ ਅਤੇ ਗੁਰਬਾਜ਼ ਸਿੰਘ ਦੀਆਂ ਖ਼ੁਸ਼ੀਆਂ ਮੇਰੇ ਲਈ ਤਾਕਤ ਬਣਦੀਆਂ ਹਨ। ਮਾਤਾ-ਪਿਤਾ ਦੀ ਅਸੀਸ ਹੀ ਕਾਫ਼ੀ ਹੈ।

ਇਤਿਹਾਸ ਲਿਖਣ ਦੀ ਇਹ ਸੇਵਾ ਮੈਂ ਗੁਰੂ ਦੀ ਸੇਵਾ ਸਮਝ ਕੇ ਕਰਦਾ ਹਾਂ। ਇਸ ਪਿੱਛੇ ਮੇਰਾ ਕੋਈ ਨਿੱਜੀ ਮਨੋਰਥ ਨਹੀਂ, ਮੈਂ ਆਪਣੇ ਸ਼ਹੀਦਾਂ ਨੂੰ ਵਡਿਆਉਣਾ ਚਾਹੁੰਦਾ ਹਾਂ ਤੇ ਕੌਮੀ ਘਰ ਖ਼ਾਲਿਸਤਾਨ ਨਾਲ਼ ਮੈਨੂੰ ਬੇਹੱਦ ਪਿਆਰ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਕਲਮ ਦਾ ਸਫ਼ਰ ਜਾਰੀ ਰਹੇ। ਲਗਾਤਾਰ ਸੰਘਰਸ਼ ਬਾਰੇ ਲਿਖਦੇ ਰਹੀਏ ਤੇ ਜੁਝਾਰੂ-ਸ਼ਹੀਦਾਂ ਦੀ ਬਾਤ ਪੈਂਦੀ ਰਹੇ। ਜਿਵੇਂ ਦਸਮੇਸ਼ ਪਿਤਾ ਨੇ ਭਾਈ ਬਚਿੱਤਰ ਸਿੰਘ ਨੂੰ ਨਾਗਣੀ-ਬਰਛਾ ਦੇ ਕੇ ਜੰਗ ਵੱਲ ਤੋਰਿਆ ਸੀ ਮੈਨੂੰ ਵੀ ਇੰਝ ਮਹਿਸੂਸ ਹੁੰਦਾ ਕਿ ਸਤਿਗੁਰੂ ਹੀ ਮੇਰੇ ਤੋਂ ਇਹ ਕਾਰਜ ਕਰਵਾ ਰਹੇ ਹਨ, ਸ਼ਹੀਦ ਸਿੰਘ ਖ਼ੁਦ ਲਿਖਵਾ ਰਹੇ ਹਨ, ਸੰਤ ਜਰਨੈਲ ਸਿੰਘ ਜੀ ਸਦਾ ਮੇਰੇ ਨਾਲ਼ ਹਨ। ਸਾਡੇ ਸਿਰਾਂ ’ਤੇ ਸ਼ੋਭ ਰਹੀਆਂ ਦਸਤਾਰਾਂ ਗੁਰੂਆਂ ਅਤੇ ਸ਼ਹੀਦਾਂ ਦੀ ਹੀ ਦੇਣ ਹੈ, ਇਹਨਾਂ ਯੋਧਿਆਂ ਦੇ ਕਰਕੇ ਹੀ ਤਾਂ ਅਸੀਂ ਸਿਰ ਉੱਚਾ ਕਰਕੇ ਅਣਖ਼-ਗ਼ੈਰਤ ਨਾਲ਼ ਜਿਉਂਦੇ ਹਾਂ।

                   ਰਣਜੀਤ ਸਿੰਘ ਦਮਦਮੀ ਟਕਸਾਲ

                (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

                       ਮੋ: 88722-93883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.