ਜੇ ਸਿੱਖਾਂ ਨੇ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ,ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਜੇ ਸਿੱਖਾਂ ਨੇ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ,ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ। ਸ਼ਸਤਰ ਸਾਡੇ ਪੀਰ ਹਨ :- “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥” ਸਿੱਖ ਦੇ ਸ਼ਸਤਰ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਨ। ਰਹਿਤਨਾਮਿਆਂ ’ਚ ਬਚਨ ਹਨ :- “ਸ਼ਸਤਰ ਵਿੱਦਿਆ ਸਿੱਖੀ ਨਾ ਹੀ, ਨਾ ਤੁਰੰਗ ਦੀ ਅਸਵਾਰੀ। ਸਿੱਖੀ ਦਾ ਨਾ ਰਹਿਤ ਕਮਾਈ, ਤਨਖਾਹੀ ਹੈ ਭਾਰੀ।” 
ਸਾਡੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ 'ਚੋਂ ਹੋਇਆ ਹੈ। ਛੇਵੇਂ ਪਾਤਸ਼ਾਹ ਜੀ ਇੱਕ ਦੀ ਥਾਂ ਦੋ ਕਿਰਪਾਨਾਂ ਪਹਿਨਦੇ ਸਨ, ਸੱਤਵੇਂ ਪਾਤਸ਼ਾਹ ਜੀ ਵੀ 2200 ਘੋੜ ਸਵਾਰ ਹਥਿਆਰਬੰਦ ਫ਼ੌਜਾਂ ਰੱਖਦੇ ਸਨ। ਨੌਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ’ਚ ਤੇਗ ਦੇ ਜੌਹਰ ਵਿਖਾਉਂਦਿਆਂ ਦੁਸ਼ਮਣਾਂ ਦੇ ਆਹੂ ਲਾਹੇ, ਦਸਵੇਂ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਹੀ ਜੰਗਾਂ-ਯੁੱਧਾਂ ਨਾਲ਼ ਭਰਿਆ ਪਿਆ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਕੀਤਾ ਤੇ ਹਰ ਸਮੇਂ ਕਿਰਪਾਨ ਧਾਰਨ ਕਰਵਾ ਦਿੱਤੀ ਤਾਂ ਜੋ ਸਿੱਖ ਕਦੇ ਵੀ ਸ਼ਸਤਰਾਂ ਤੋਂ ਹੀਣਾ ਨਾ ਰਹੇ। 
ਖ਼ਾਲਸੇ ਦੀ ਤਾਂ ਪਰਿਭਾਸ਼ਾ ਹੀ ਸ਼ਸਤਰਧਾਰੀ ਹੋਣ ਦੀ ਬਿਆਨ ਕੀਤੀ ਜਾਂਦੀ ਹੈ :- “ਖ਼ਾਲਸਾ ਸੋ ਜੋ ਚੜ੍ਹਹਿ ਤੁਰੰਗ। ਖ਼ਾਲਸਾ ਸੋ ਜੋ ਕਰੈ ਨਿਤ ਜੰਗ। ਖ਼ਾਲਸਾ ਸੋ ਜੋ ਸ਼ਸਤਰ ਕਉ ਧਾਰੇ। ਖ਼ਾਲਸਾ ਸੋ ਜੋ ਦੁਸ਼ਟ ਕਉ ਮਾਰੇ।” ਸਾਡੇ ਪੰਜਾਂ ਤਖ਼ਤਾਂ ’ਤੇ ਹਰ ਤਰ੍ਹਾਂ ਦੇ ਸ਼ਸਤਰ-ਹਥਿਆਰ ਸੁਭਾਇਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਨਮੁੱਖ ਵੀ ਗੁਰਦੁਆਰਿਆਂ ’ਚ ਸ਼ਸਤਰ ਸਜਾਏ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਸਤਰਾਂ ਵਾਲ਼ਾ ਉੱਚਾ ਥੜ੍ਹਾ ਬਣਿਆ ਹੋਇਆ ਹੈ ਤੇ ਹਰ ਸਿੱਖ ਮੱਥੇ ਟੇਕਦਿਆਂ ਦਰਸ਼ਨ ਕਰਦਾ ਹੈ। ਸਿੱਖ ਹੋਣਾ ਹੀ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਅਧੂਰਾ ਹੈ। 
ਹਥਿਆਰਾਂ ਨਾਲ਼ ਹੀ ਸਿੱਖਾਂ ਨੇ ਦੋ ਵਾਰ ਖ਼ਾਲਸਾ ਰਾਜ ਸਿਰਜਿਆ, ਜੰਗਾਂ ਕੀਤੀਆਂ, ਦੁਸ਼ਮਣਾਂ ਨੂੰ ਸੋਧਿਆ, ਸਿੱਖ ਇਤਿਹਾਸ ਦਾ ਹਰ ਪੰਨਾ ਸ਼ਸਤਰਾਂ ਤੇ ਖ਼ੂਨ ਨਾਲ਼ ਲਥ-ਪਥ ਹੈ। ਇਹ ਸ਼ਸਤਰ ਸਿੱਖਾਂ ਅਤੇ ਪੰਜਾਬ ਦਾ ਸੱਭਿਆਚਾਰ ਹੈ। ਗੂਗਲ ਜਾਂ ਅਜਾਇਬ ਘਰਾਂ ’ਚ ਪੁਰਾਣੀਆਂ ਤਸਵੀਰਾਂ ਜਾਂ ਪੇਂਟਿੰਗਾਂ ਵੇਖ ਲਵੋ ਹਰ ਸਿੱਖ ਅਤੇ ਪੰਜਾਬੀ ਕੋਲ਼ ਹਥਿਆਰ ਹੁੰਦੇ ਸਨ। 
ਨਵੰਬਰ 1984 ਤੋਂ ਪਹਿਲਾਂ ਬੜੇ ਸਿੱਖਾਂ ਨੂੰ ਜੂਨ 1984 ਮੌਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਹੋਰ ਸਿੰਘਾਂ ਦਾ ਹਥਿਆਰਬੰਦ ਹੋਣਾ ਗ਼ਲਤ ਜਾਪਦਾ ਸੀ ਪਰ ਜਦ ਦਿੱਲੀ ਸਮੇਤ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਅਕਲ ਆਈ ਕਿ ਜਦ ਇਹ ਹਿੰਦੂ ਕੱਟੜਪੰਥੀ ਬੇਦੋਸ਼ੇ ਸਿੱਖਾਂ ਦਾ ਹਕੂਮਤੀ ਫ਼ੋਰਸਾਂ ਦੀ ਸਰਪ੍ਰਸਤੀ ਹੇਠ ਐਨੀ ਬੇਕਿਰਕੀ ਨਾਲ਼ ਘਾਣ ਕਰ ਸਕਦੇ ਨੇ ਤਾਂ ਜੇ ਜੂਨ 1984 ਨੂੰ ਸਿੰਘਾਂ ਕੋਲ ਹਥਿਆਰ ਨਾ ਹੁੰਦੇ ਤਾਂ ਇਹਨਾਂ ਹਿੰਦੂਆਂ ਨੇ ਕਹਿਣਾ ਸੀ ਕਿ ਫ਼ੌਜ ਸਾਡੇ ਨਾਲ਼ ਚੱਲੇ, ਅਸੀਂ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਇਹਨਾਂ ਨੂੰ ਧੂਹ ਕੇ ਲਿਆਵਾਂਗੇ। 
ਨਵੰਬਰ 1984 ਮਗਰੋਂ ਜਦ ਸਿੱਖਾਂ ਨੇ ਸੋਚਿਆ ਕਿ ਜੂਨ 1984 ਦੀਆਂ ਦੋ ਤਸਵੀਰਾਂ ਬਣ ਸਕਦੀਆਂ ਸਨ, ਇੱਕ ਤਾਂ ਨਵੰਬਰ 1984 ਵਾਂਗ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੰਘਾਂ ਦੀ ਸ਼ਰਮਨਾਕ ਹਾਲਤ ਵਿੱਚ ਧੂਹ ਘੜੀਸ ਤੇ ਦੂਜੀ ਇਹ ਕਿ ਇੱਕ-ਇੱਕ ਗੋਲ਼ੀ ਨਾਲ਼ ਸਿੰਘ ਹਮਲਾਵਰਾਂ ਦੇ ਢੇਰ ਲਾ ਦੇਣ। 
ਫੇਰ ਸਿੱਖਾਂ ਨੂੰ ਸਮਝ ਆਈ ਕਿ ਅਣਖ਼-ਗ਼ੈਰਤ ਨਾਲ਼ ਗੁਰਧਾਮਾਂ ਦੀ ਪਵਿੱਤਰਤਾ ਲਈ ਸਿਰ ਵਾਰਨ ਲਈ ਹਥਿਆਰਬੰਦ ਹੋਣਾ ਜ਼ਰੂਰੀ ਸੀ। ਫੇਰ ਹੀ ਲੋਕਾਂ ਨੂੰ ਜੂਨ 1984 ਮੌਕੇ ਹਥਿਆਰਬੰਦ ਹੋਣ ਦੀ ਅਹਿਮੀਅਤ ਸਮਝ ਆਈ। ਇਹ ਅਕਲ ਸਦਾ ਲਈ ਹੈ ਕਿ ਜ਼ਲੀਲ ਹੋ ਕੇ ਮਰਨਾ ਕਿ ਅਣਖ ਨਾਲ਼ ਜੂਝ ਕੇ ਮਰਨਾ ? ਅੱਜ ਜਿਹੜਾ ਵੀ ਬੰਦਾ, ਜਿਸ ਵੀ ਮਰਜ਼ੀ ਆਧਾਰ ਉੱਤੇ ਸਿੱਖਾਂ ਨੂੰ ਆਤਮ-ਰੱਖਿਆ ਲਈ ਸ਼ਸਤਰ ਰੱਖਣ ਦੇ ਖ਼ਿਲਾਫ਼ ਹੈ, ਓਹ ਸਿੱਖਾਂ ਦੀ ਨਸਲਕੁਸ਼ੀ ਦਾ ਸਮਰਥਕ ਹੈ। ਜੇ ਸਿੱਖਾਂ ਨੇ ਇਹਨਾਂ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.