ਪੱਛਮੀ ਆਸਟ੍ਰੇਲੀਆ ਦੀ ਸੰਸਦ 'ਚ ਡਾ.ਪਰਵਿੰਦਰ ਕੌਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਂਝੀਆਂ ਕਰਕੇ ਵਧਾਇਆ ਸਿੱਖ ਕੌਮ ਦਾ ਮਾਣ

ਪੱਛਮੀ ਆਸਟ੍ਰੇਲੀਆ ਦੀ ਸੰਸਦ 'ਚ  ਡਾ.ਪਰਵਿੰਦਰ ਕੌਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਂਝੀਆਂ ਕਰਕੇ ਵਧਾਇਆ ਸਿੱਖ ਕੌਮ ਦਾ ਮਾਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸੰਸਦ ਨੂੰ ਕੀਤਾ ਸੰਬੋਧਨ।

ਬਿੰਦਰ ਸਿੰਘ ਖੁੱਡੀ ਕਲਾਂ 

:​ਪੰਜਾਬ ਦੀ ਧਰਤੀ ਨਾਲ ਜੁੜੀ ਅਤੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਜੰਮਪਲ ਡਾ. ਪਰਵਿੰਦਰ ਕੌਰ ਨੇ ਸੱਤ ਸਮੁੰਦਰੋਂ ਪਾਰ ਆਸਟ੍ਰੇਲੀਆ ਦੀ ਧਰਤੀ 'ਤੇ ਪੂਰੇ ਪੰਜਾਬ ਅਤੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਪੱਛਮੀ ਆਸਟ੍ਰੇਲੀਆ ਦੀ ਵਿਧਾਨ ਪ੍ਰੀਸ਼ਦ ਦੀ ਮੈਂਬਰ ਡਾ. ਪਰਵਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸੰਸਦ ਦੇ ਸਦਨ ਵਿੱਚ ਗੁਰੂ ਸਾਹਿਬ ਦੀਆਂ ਸਰਬ-ਸਾਂਝੀਆਂ ਸਿੱਖਿਆਵਾਂ, ਗੁਰਬਾਣੀ ਦੇ ਫ਼ਲਸਫ਼ੇ ਅਤੇ ਸਿੱਖ ਇਤਿਹਾਸਕ ਵਿਰਾਸਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ। ਕਿਸੇ ਵੀ ਆਸਟ੍ਰੇਲੀਆਈ ਸੰਸਦ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੋਣ ਦਾ ਇਤਿਹਾਸਕ ਮਾਣ ਹਾਸਲ ਕਰਨ ਵਾਲੀ ਡਾ. ਪਰਵਿੰਦਰ ਕੌਰ ਦੇ ਇਸ ਸੰਬੋਧਨ ਦੀ ਵਿਦੇਸ਼ਾਂ ਸਮੇਤ ਪੰਜਾਬ ਭਰ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।
ਸੰਸਦ ਵਿੱਚ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਡਾ. ਪਰਵਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ 'ਸੱਚੇ ਸੌਦੇ' ਦੀ ਇਤਿਹਾਸਕ ਸਾਖੀ ਬਿਆਨ ਕਰਦਿਆਂ ਲੰਗਰ ਪ੍ਰਥਾ ਦੇ ਮੁੱਢ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਦਨ ਦੇ ਮੈਂਬਰਾਂ ਨੂੰ ਦੱਸਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਵੱਲੋਂ ਵਪਾਰ ਕਰਨ ਲਈ ਦਿੱਤੇ ਗਏ 20 ਰੁਪਏ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਲਈ ਵਰਤ ਕੇ ਦੁਨੀਆ ਨੂੰ ਅਸਲ ਵਪਾਰ, ਦਇਆ ਅਤੇ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਇਹੀ ਮਹਾਨ ਪਰੰਪਰਾ ਅੱਜ ਸਦੀਆਂ ਬਾਅਦ ਵੀ ਵਿਸ਼ਵ ਭਰ ਵਿੱਚ ਬਿਨਾਂ ਕਿਸੇ ਜਾਤ-ਪਾਤ, ਧਰਮ, ਰੰਗ ਜਾਂ ਨਸਲ ਦੇ ਭੇਦਭਾਵ ਦੇ ਲੰਗਰ ਪ੍ਰਥਾ ਦੇ ਰੂਪ ਵਿੱਚ ਲੱਖਾਂ ਲੋਕਾਂ ਦੀ ਭੁੱਖ ਮਿਟਾ ਰਹੀ ਹੈ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦੇ ਰਹੀ ਹੈ। ਆਪਣੇ ਭਾਸ਼ਣ ਰਾਹੀਂ ਉਨ੍ਹਾਂ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤਾਂ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਅਤੇ 'ਸਰਬੱਤ ਦੇ ਭਲੇ' ਦਾ ਵਿਸ਼ਵ-ਵਿਆਪੀ ਸੁਨੇਹਾ ਦਿੱਤਾ। ਜਿਸ ਨੂੰ ਸਦਨ ਦੇ ਹੋਰ ਮੈਂਬਰਾਂ ਵੱਲੋਂ ਵੀ ਬੜੀ ਗੰਭੀਰਤਾ ਅਤੇ ਸਤਿਕਾਰ ਨਾਲ ਸੁਣਿਆ ਗਿਆ।
ਜ਼ਿਕਰਯੋਗ ਹੈ ਕਿ ਡਾ. ਪਰਵਿੰਦਰ ਕੌਰ ਦਾ ਪੰਜਾਬ ਅਤੇ ਇੱਥੋਂ ਦੀ ਮਿੱਟੀ ਨਾਲ ਡੂੰਘਾ ਨਾਤਾ ਰਿਹਾ ਹੈ। ਉਨ੍ਹਾਂ ਦਾ ਜਨਮ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੋਇਆ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਉੱਚ ਸਿੱਖਿਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਿਲ ਕੀਤੀ। ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਰਾਜਨੀਤੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਇੱਕ ਉੱਘੀ ਬਾਇਓਟੈਕਨਾਲੋਜਿਸਟ ਅਤੇ ਵਿਗਿਆਨੀ ਵਜੋਂ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਵਿਗਿਆਨ ਅਤੇ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਸਾਲ 2026 ਵਿੱਚ ਉਨ੍ਹਾਂ ਨੂੰ ਵੱਕਾਰੀ 'ਆਸਟ੍ਰੇਲੀਅਨ ਅਕੈਡਮੀ ਆਫ਼ ਟੈਕਨੋਲੋਜੀਕਲ ਸਾਇੰਸਿਜ਼ ਐਂਡ ਇੰਜੀਨੀਅਰਿੰਗ' ਦੀ ਫੈਲੋ ਵਜੋਂ ਵੀ ਚੁਣਿਆ ਗਿਆ ਹੈ, ਜੋ ਕਿ ਕਿਸੇ ਵੀ ਵਿਗਿਆਨੀ ਲਈ ਬਹੁਤ ਵੱਡਾ ਸਨਮਾਨ ਮੰਨਿਆ ਜਾਂਦਾ ਹੈ।
 ਡਾ. ਪਰਵਿੰਦਰ ਕੌਰ ਇਸ ਤੋਂ ਪਹਿਲਾਂ ਮਈ 2025 ਵਿੱਚ ਵੀ ਉਸ ਵੇਲੇ ਵਿਸ਼ਵ ਭਰ ਦੇ ਮੀਡੀਆ ਅਤੇ ਸਿੱਖ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੇ ਸਨ, ਜਦੋਂ ਉਨ੍ਹਾਂ ਨੇ ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ ਮੈਂਬਰ ਵਜੋਂ ਸਹੁੰ ਚੁੱਕਦਿਆਂ ਆਪਣੀ ਸਿੱਖ ਰਵਾਇਤ, ਮਰਿਆਦਾ ਅਤੇ ਵਿਰਸੇ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਨੇ ਆਸਟ੍ਰੇਲੀਆਈ ਸੰਸਦੀ ਇਤਿਹਾਸ ਵਿੱਚ ਪਹਿਲੀ ਵਾਰ ਨੰਗੇ ਪੈਰੀਂ ਖੜ੍ਹੇ ਹੋ ਕੇ, ਸਿਰ ਢੱਕ ਕੇ ਅਤੇ ਪਵਿੱਤਰ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਉਨ੍ਹਾਂ ਦੇ ਇਸ ਕਦਮ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਅੰਦਰ ਸਵੈ-ਮਾਣ ਦੀ ਨਵੀਂ ਲਹਿਰ ਪੈਦਾ ਕੀਤੀ ਸੀ।
​ਵਿਦੇਸ਼ੀ ਧਰਤੀ 'ਤੇ ਵਸਦੇ ਪੰਜਾਬੀ ਭਾਈਚਾਰੇ ਦਾ ਮੰਨਣਾ ਹੈ ਕਿ ਡਾ. ਪਰਵਿੰਦਰ ਕੌਰ ਵਰਗੀਆਂ ਸ਼ਖ਼ਸੀਅਤਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਅਸਲ ਪਛਾਣ ਅਤੇ ਸੱਭਿਆਚਾਰਕ ਸਫ਼ੀਰ ਵਜੋਂ ਵਿਚਰ ਰਹੀਆਂ ਹਨ। ਆਸਟ੍ਰੇਲੀਆ ਦੀ ਸੰਸਦ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਬਾਣੀ, ਨਿਸ਼ਕਾਮ ਸੇਵਾ ਅਤੇ ਲੰਗਰ ਦੇ ਫ਼ਲਸਫ਼ੇ ਦੀ ਗੂੰਜ ਪਾ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਵਿਦੇਸ਼ਾਂ ਦੀਆਂ ਉੱਚੀਆਂ ਸਿਆਸੀ ਅਤੇ ਵਿਗਿਆਨਕ ਪਦਵੀਆਂ 'ਤੇ ਪਹੁੰਚ ਕੇ ਵੀ ਪੰਜਾਬੀ ਆਪਣੀਆਂ ਜੜ੍ਹਾਂ, ਮਾਂ-ਬੋਲੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.