ਧਰਮ ਪ੍ਰਚਾਰ ਕਮੇਟੀ ਵੱਲੋਂ ਉੱਤਰ ਪ੍ਰਦੇਸ਼ ਦੇ ਜਲਾਲਪੁਰ ਕਾਜੀ ਵਿਖੇ ਗੁਰਮਤਿ ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ
- ਧਾਰਮਿਕ
- 04 Jul, 2026 09:44 AM (Asia/Kolkata)
ਕਾਸ਼ੀਪੁਰ , ਨਜਰਾਨਾ ਟਾਈਮਜ ਬਿਊਰੋ -ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਚੱਲ ਰਹੇ ਸਿੱਖ ਮਿਸ਼ਨ ਉੱਤਰਾਖੰਡ ਕਾਸ਼ੀਪੁਰ ਵੱਲੋਂ ਗੁਰਦੁਆਰਾ ਖ਼ਾਲਸਾ ਸਿੰਘ ਸਭਾ, ਪਿੰਡ ਜਲਾਲਪੁਰ ਕਾਜੀ (ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼) ਵਿਖੇ 24 ਜੂਨ ਤੋਂ 30 ਜੂਨ 2026 ਤੱਕ ਗੁਰਮਤਿ ਸਿਖਲਾਈ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਹ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਦੇ ਦਿਸ਼ਾ ਨਿਰਦੇਸ਼ ਹੇਠ ਸਿੱਖ ਮਿਸ਼ਨ ਉੱਤਰਾਖੰਡ ਦੇ ਇੰਚਾਰਜ ਭਾਈ ਸੁਖਵਿੰਦਰ ਸਿੰਘ ਦੇ ਉਪਰਾਲੇ ਸਦਕਾ ਲਗਾਇਆ ਗਿਆ। ਮਿਸ਼ਨ ਦੇ ਪ੍ਰਚਾਰਕ ਭਾਈ ਹਰਬੀਰ ਸਿੰਘ ਵੱਲੋਂ ਕੈਂਪ ਦੌਰਾਨ ਲਗਪਗ 20 ਬੱਚਿਆਂ ਨੂੰ ਗੁਰਮੁਖੀ ਲਿਪੀ, ਗੁਰਬਾਣੀ ਸੰਥਿਆ ਅਤੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਕੈਂਪ ਦੀ ਸਮਾਪਤੀ ਮੌਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਿੱਖ ਮਿਸ਼ਨ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਕਾਰਜ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਵਿੰਦਰ ਸਿੰਘ, ਸਮੂਹ ਮੈਂਬਰ ਸਾਹਿਬਾਨ ਅਤੇ ਗ੍ਰੰਥੀ ਭਾਈ ਸੁਰਿੰਦਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਪ੍ਰਚਾਰਕ ਸਿੰਘ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਇਸ ਧਾਰਮਿਕ ਉਪਰਾਲੇ ਪ੍ਰਤੀ ਇਲਾਕੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
Leave a Reply