ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ ਲਈ ਦਿੱਤੀ ਤਿੰਨ ਆਟੋਜ ਨੂੰ ਹਰੀ ਝੰਡੀ : ਵਿਧਾਇਕ ਕੁਲਵੰਤ ਸਿੰਘ
- ਰਾਜਨੀਤੀ
- 12 Jun, 2026 01:16 PM (Asia/Kolkata)
ਨਸ਼ਿਆਂ ਵਿਰੁੱਧ ਸਲੋਗਨਾਂ ਦੇ ਨਾਲ ਇੱਕ ਆਟੋ ਕਰੇਗਾ ਇੱਕ ਪਿੰਡ ਵਿੱਚ ਲਗਾਤਾਰ 3 ਦਿਨ ਪ੍ਰਚਾਰ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਜੂਨ (ਮੰਗਤ ਸਿੰਘ ਸੈਦਪੁਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਮੋਹਾਲੀ ਹਲਕੇ ਵਿੱਚ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਨਸ਼ਾ ਮੁਕਤੀ ਟੀਮ ਦੇ ਮੈਂਬਰਾਂ ਦੇ ਵਿੱਚੋਂ ਜਗਜੀਤ ਸਿੰਘ ਅਤੇ ਕਮਲਜੀਤ ਸਿੰਘ ਵੀ ਮੌਜੂਦ ਰਹੇ। ਇਸ ਮੁਹਿੰਮ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ 3 ਆਟੋਜ ਨੂੰ ਹਰੀ ਝੰਡੀ ਦਿੱਤੀ ਗਈ, ਇਹਨਾਂ ਆਟੋਜ ਦੇ ਜਰੀਏ ਪਿੰਡਾਂ ਦੇ ਵਿੱਚ ਹਰੇਕ ਆਟੋ ਲਗਾਤਾਰ ਤਿੰਨ ਦਿਨ ਨਸ਼ਿਆਂ ਵਿਰੁੱਧ ਪ੍ਰਚਾਰ ਕਰੇਗਾ, ਤਾਂ ਕਿ ਨਸ਼ਾ ਰੂਪੀ ਲਾਹਨਤ ਨੂੰ ਇਸ ਸਮਾਜ ਤੋਂ ਦੁਰਕਾਰਿਆ ਜਾ ਸਕੇ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਮੁਹਿੰਮ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ, ਅਤੇ ਵੱਡੇ ਪੱਧਰ ਤੇ ਨਸ਼ਾ ਫੈਲਾਉਣ ਵਾਲਿਆਂ ਨੂੰ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਹਨਾਂ ਕਿਹਾ ਕਿ ਨੌਜਵਾਨਾ ਨੂੰ ਨਸ਼ਿਆਂ ਰੂਪੀ ਦਲਦਲ ਚੋ ਕੱਢਣ ਦੇ ਲਈ ਵਿਸ਼ੇਸ਼ ਅਭਿਆਨ ਦੇ ਤਹਿਤ ਨੌਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਮੁਹਿੰਮ ਅਗਾਂਹ ਵੀ ਲਗਾਤਾਰ ਜਾਰੀ ਰੱਖੇ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਦਿੱਲੀ ਇੱਛਾ ਸੀ ਕਿ ਉਹ ਨੌਜਵਾਨਾਂ ਦੇ ਵਿਹਲੇ ਸਮੇਂ ਨੂੰ ਖੇਡ ਮੈਦਾਨ ਦੇ ਵਿੱਚ ਬਿਤਾਉਣ ਦੇ ਲਈ ਮਾਹੌਲ ਬਣਾਇਆ ਜਾ ਸਕੇ। ਇਸ ਦੇ ਲਈ ਵੱਡੇ ਪੱਧਰ ਤੇ ਪੰਜਾਬ ਦੇ ਲਗਭਗ ਹਰੇਕ ਪਿੰਡ ਦੇ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ, ਤਾਂ ਕਿ ਅੱਜ ਦਾ ਨੌਜਵਾਨ ਆਪਣੇ ਵਿਹਲੇ ਸਮੇਂ ਨੂੰ ਖੇਡਾਂ ਦੀ ਦੁਨੀਆਂ ਵਿੱਚ ਬਿਤਾ ਸਕੇ, ਜਿਸ ਦੇ ਨਾਲ ਉਹ ਨਾ ਸਿਰਫ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਸਹਾਈ ਸਿੱਧ ਹੁੰਦਾ ਹੈ। ਉੱਥੇ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਕੇ ਉਹ ਨਾ ਸਿਰਫ ਆਪਣਾ ਸਗੋਂ ਆਪਣੇ ਮਾਤਾ- ਪਿਤਾ, ਪੰਜਾਬ ਹੀ ਨਹੀਂ ਸਗੋਂ ਆਪਣੇ ਦੇਸ਼ ਭਾਰਤ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰਨ ਦੇ ਸਮਰੱਥ ਹੋ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅੱਜ ਪੰਜਾਬ ਦੇ ਹਰ ਵਰਗ ਅਤੇ ਹਰ ਖਿੱਤੇ ਦੇ ਨਾਲ ਜੁੜੇ ਲੋਕਾਂ ਦੇ ਲਮਕਦੇ ਕੰਮਾਂ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਅਤੇ ਨਾਲ ਹੀ ਪੰਜਾਬ ਭਰ ਵਿੱਚ ਵਿਕਾਸ ਦੀ ਰਫਤਾਰ ਵੀ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਅਤੇ ਟਰੈਫਿਕ ਦੀ ਸਮੱਸਿਆ ਤੇ ਕੰਟਰੋਲ ਪਾਉਣ ਦੇ ਲਈ ਵੱਡੇ ਪੱਧਰ ਤੇ ਚੌਂਕ ਬਣਾਏ ਜਾ ਰਹੇ ਹਨ ਅਤੇ ਲਿੰਕ ਸੜਕਾਂ ਦੀ ਉਸਾਰੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ।
Leave a Reply