ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ 2026 ਨਾ ਮਿਲਣ 'ਤੇ ਬੇਹੱਦ ਖਫਾ਼
- ਅੰਤਰਰਾਸ਼ਟਰੀ
- (Asia/Kolkata)
ਨਾਰਵੇ 'ਤੇ ਸਾਧਿਆ ਨਿਸ਼ਾਨਾ ਅਤੇ ਕਿਹਾ ਮੈਂ ਅੱਠ ਲੜਾਈਆਂ ਰੋਕਣ ਕਰਕੇ ਇਨਾਮਾਂ ਦਾ ਹੱਕਦਾਰ ਸੀ।
ਵਾਸ਼ਿੰਗਟਨ, ਬਿੰਦਰ ਸਿੰਘ ਖੁੱਡੀ ਕਲਾਂ
:ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾ ਦਿੱਤੇ ਜਾਣ 'ਤੇ ਨਾਰਵੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਸੁਲਝਾਏ ਗਏ ਅੱਠ ਯੁੱਧਾਂ ਲਈ ਉਨ੍ਹਾਂ ਨੂੰ ਅੱਠ ਵਾਰ ਇਹ ਪੁਰਸਕਾਰ ਮਿਲਣਾ ਚਾਹੀਦਾ ਸੀ। ਸ਼ੁੱਕਰਵਾਰ ਨੂੰ ਨਿਊਯਾਰਕ ਦੇ ਸੀਰਾਕਿਊਜ਼ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟ੍ਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕ ਕੇ ਲਗਭਗ 5 ਕਰੋੜ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ।
ਰੈਲੀ ਦੌਰਾਨ ਆਪਣੀ ਭੜਾਸ ਕੱਢਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਅਮਰੀਕਾ ਜਿਸਦੀ ਅਗਵਾਈ ਤੁਹਾਡੇ ਰਾਸ਼ਟਰਪਤੀ ਵਜੋਂ ਮੈਂ ਕਰ ਰਿਹਾ ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਸੀ।ਪਰ ਅਜਿਹਾ ਨਹੀਂ ਹੋਇਆ। ਇਹ ਨਾਰਵੇ ਦੇਸ਼ ਲਈ ਇੱਕ ਅਜਿਹਾ ਦਾਗ਼ ਹੈ ਜੋ ਕਦੇ ਵੀ ਮਿਟ ਨਹੀਂ ਸਕੇਗਾ।ਅਤੇ ਇਹ ਉਨ੍ਹਾਂ ਲੋਕਾਂ ਲਈ ਸ਼ਰਮਨਾਕ ਫੈਸਲਾ ਹੈ ਜਿਨ੍ਹਾਂ ਨੇ ਇਹ ਚੋਣ ਕੀਤੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਨੋਬਲ ਸ਼ਾਂਤੀ ਪੁਰਸਕਾਰ ਨੂੰ ਕੁਝ ਕੱਟੜਪੰਥੀ ਵਿਚਾਰਧਾਰਕਾਂ ਨੇ ਹਮੇਸ਼ਾ ਲਈ ਬਦਨਾਮ ਕਰ ਦਿੱਤਾ ਹੈ, ਜੋ ਲੋਕਤੰਤਰ ਦੇ ਵਿਰੋਧੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਮਰੀਕਾ ਨਾਰਵੇ ਦੇ ਇਸ ਫੈਸਲੇ ਨੂੰ ਕਦੇ ਨਹੀਂ ਭੁੱਲੇਗਾ।
ਵਰਨਣਯੋਗ ਹੈ ਕਿ ਸਾਲ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਦੀ ਸਾਬਕਾ ਮੁਖੀ ਅਤੇ ਦੱਖਣੀ ਅਫਰੀਕੀ ਕਾਨੂੰਨਦਾਨ ਨਵੀ ਪਿੱਲੈ ਨੂੰ ਦਿੱਤਾ ਗਿਆ ਹੈ। ਇਸ ਫੈਸਲੇ 'ਤੇ ਚੋਟ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਇਨਾਮ ਸੰਯੁਕਤ ਰਾਸ਼ਟਰ ਵਿੱਚ ਕੰਮ ਕਰਨ ਵਾਲੀ ਇੱਕ ਅਜਿਹੀ ਉਦਾਰਵਾਦੀ ਸ਼ਖਸੀਅਤ ਨੂੰ ਦੇ ਦਿੱਤਾ ਗਿਆ ਹੈ ਜਿਸ ਬਾਰੇ ਕਿਸੇ ਨੇ ਕਦੇ ਸੁਣਿਆ ਤੱਕ ਨਹੀਂ। ਟਰੰਪ ਨੇ ਵਿਅੰਗ ਕਰਦਿਆਂ ਕਿਹਾ, "ਮੈਂ ਇਸ ਵਿਅਕਤੀ ਬਾਰੇ ਕਦੇ ਨਹੀਂ ਸੁਣਿਆ, ਪਰ ਫਿਰ ਵੀ ਉਨ੍ਹਾਂ ਨੂੰ ਮੁਬਾਰਕਬਾਦ।"
ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਯੁੱਧਾਂ ਦੀ ਸੂਚੀ ਵੀ ਪੇਸ਼ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਖ਼ਤਮ ਕਰਵਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਦੋ ਹੋਰ ਸੰਘਰਸ਼ਾਂ ਈਰਾਨ ਅਤੇ ਰੂਸ-ਯੂਕਰੇਨ ਜੰਗ ਨੂੰ ਵੀ ਜਲਦ ਖ਼ਤਮ ਕਰਨ ਦੇ ਰਸਤੇ 'ਤੇ ਹਨ। ਟਰੰਪ ਨੇ ਗੁੱਸੇ ਵਿੱਚ ਕਿਹਾ, "ਅਸੀਂ ਨਾਰਵੇ ਨੂੰ ਨਹੀਂ ਭੁੱਲਾਂਗੇ ਕਿ ਤੁਸੀਂ ਇਤਿਹਾਸ ਦੇ ਸਭ ਤੋਂ ਵੱਡੇ ਰਿਕਾਰਡ ਦੇ ਬਾਵਜੂਦ ਇਹ ਪੁਰਸਕਾਰ ਨਹੀਂ ਦਿੱਤਾ। ਅੱਠ ਜੰਗਾਂ ਲਈ ਸਾਨੂੰ ਅੱਠ ਨੋਬਲ ਇਨਾਮ ਮਿਲਣੇ ਚਾਹੀਦੇ ਸਨ।" ਉਨ੍ਹਾਂ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ, “ਮੈਂ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਿਲ ਕਰਨ ਤੋਂ ਰੋਕਿਆ ਜਿਸ ਨਾਲ ਪੂਰੇ ਮੱਧ ਪੂਰਬ ਅਤੇ ਯੂਰਪ ਸਮੇਤ ਅਮਰੀਕਾ ਨੂੰ ਤਬਾਹ ਹੋਣ ਤੋਂ ਬਚਾਇਆ ਗਿਆ। ਮੈਂ ਇਤਿਹਾਸ ਵਿੱਚ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਜਾਨਾਂ ਬਚਾਈਆਂ ਹਨ।”
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਚਾਰ ਰਾਸ਼ਟਰਪਤੀਆਂ ਥੀਓਡੋਰ ਰੂਜ਼ਵੈਲਟ, ਵੁਡਰੋ ਵਿਲਸਨ, ਜਿਮੀ ਕਾਰਟਰ ਅਤੇ ਬਰਾਕ ਓਬਾਮਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜ਼ਿਆ ਜਾ ਚੁੱਕਾ ਹੈ। ਓਬਾਮਾ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ ਹੀ ਸਾਲ 2009 ਵਿੱਚ ਦਿੱਤਾ ਗਿਆ ਸੀ। ਟਰੰਪ ਅਕਸਰ ਓਬਾਮਾ ਨੂੰ ਮਿਲੇ ਇਸ ਇਨਾਮ ਉੱਤੇ ਸਵਾਲ ਚੁੱਕਦੇ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਓਬਾਮਾ ਨੂੰ ਬਿਨਾਂ ਕੁਝ ਕੀਤੇ ਹੀ ਇਹ ਇਨਾਮ ਮਿਲ ਗਿਆ ਸੀ।
Leave a Reply