ਫਰੈਂਕਫੋਰਟ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ

 ਫਰੈਂਕਫੋਰਟ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ

ਫਰੈਂਕਫੋਰਟ (ਜਰਮਨੀ) | ਬਿੱਟੂ ਅਰਪਿੰਦਰ ਸਿੰਘ

ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਖਾਲਸਾ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸੰਗਤਾਂ ਦੀ ਭਾਰੀ ਸ਼ਮੂਲੀਅਤ ਕਾਰਨ ਇਹ ਸਮਾਗਮ ਇੱਕ ਵੱਡੇ ਜੋੜ ਮੇਲੇ ਦਾ ਰੂਪ ਧਾਰ ਗਿਆ। ਗੁਰਦੁਆਰਾ ਸਾਹਿਬ ਵਿਖੇ ਦੂਰ-ਦੂਰ ਤੋਂ ਪਹੁੰਚੀਆਂ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਸਮਾਗਮ ਦੇ ਅੰਤ ਤੱਕ ਗੁਰੂ ਘਰ ਨਾਲ ਜੁੜੀਆਂ ਰਹੀਆਂ।
ਸਮਾਗਮ ਵਿੱਚ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਪ੍ਰਸਿੱਧ ਕਥਾਵਾਚਕ ਗਿਆਨੀ ਹਰਪਾਲ ਸਿੰਘ ਜੀ ਖਾਲਸਾ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ, ਸੇਵਾ, ਤਿਆਗ ਅਤੇ ਗੁਰਮਤਿ ਸਿਧਾਂਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੇ ਪ੍ਰੇਰਣਾਦਾਇਕ ਵਿਚਾਰ ਸੁਣਨ ਲਈ ਜਰਮਨੀ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ’ਤੇ ਫਰੈਂਕਫੋਰਟ ਪਹੁੰਚੀਆਂ।
ਇਸ ਮੌਕੇ ਭਾਈ ਸਰੂਪ ਸਿੰਘ ਜੀ ਕੰਡਿਆਣਾ ਦੇ ਢਾਡੀ ਜਥੇ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਅਤੇ ਸੇਵਾਵਾਂ ਨੂੰ ਵਾਰਾਂ ਰਾਹੀਂ ਪੇਸ਼ ਕੀਤਾ। ਜਥੇ ਵੱਲੋਂ ਪੇਸ਼ ਕੀਤੀਆਂ ਵਾਰਾਂ ਨੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਅਤੇ ਅੰਤ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਵਾਰ ਨਾਲ ਸਮਾਗਮ ਦਾ ਮਾਹੌਲ ਜੈਕਾਰਿਆਂ ਨਾਲ ਗੂੰਜ ਉੱਠਿਆ।
ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਇਤਿਹਾਸ, ਵਿਰਾਸਤ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਵਿਦਿਆ ਪ੍ਰਸਾਰ ਦੇ ਕਾਰਜਾਂ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਸਮਾਗਮ ਦੇ ਅੰਤ ਵਿੱਚ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਹਰਪ੍ਰੀਤ ਸਿੰਘ ਸ਼ੰਮੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿੱਖੀ ਸਰੂਪ ਧਾਰਨ ਕਰਨ ’ਤੇ ਵਧਾਈ ਦਿੱਤੀ ਗਈ।
ਸਮਾਗਮ ਵਿੱਚ ਸ਼ਾਮਲ ਸੰਗਤਾਂ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਸਿੱਖ ਕੌਮ ਵਿੱਚ ਏਕਤਾ, ਪਿਆਰ ਅਤੇ ਚੜ੍ਹਦੀ ਕਲਾ ਬਣਾਈ ਰੱਖੇ ਅਤੇ ਮਹਾਂਪੁਰਖਾਂ ਦੇ ਦਰਸਾਏ ਰਾਹ ’ਤੇ ਚੱਲਣ ਦੀ ਤਾਕਤ ਬਖ਼ਸ਼ੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.