ਨਗਰ ਨਿਗਮ ਚੋਣਾਂ ਦਾ ਵਿਧਾਨ ਸਭਾ ਚੋਣਾਂ 'ਤੇ ਪਵੇਗਾ ਅਸਰ

ਨਗਰ ਨਿਗਮ ਚੋਣਾਂ ਦਾ ਵਿਧਾਨ ਸਭਾ ਚੋਣਾਂ 'ਤੇ ਪਵੇਗਾ ਅਸਰ

ਅੱਜ ਨਗਰ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਵਿੱਚ ਪੰਜਾਬ ਵਾਸੀਆਂ ਨੂੰ ਸੋਚ-ਸਮਝ ਕੇ ਹੀ ਮੱਤਦਾਨ ਕਰਨ (ਵੋਟ ਪਾਉਣ) ਦੀ ਜ਼ਰੂਰਤ ਹੈ। ਇਹਨਾਂ ਚੋਣਾਂ ਦੇ ਨਤੀਜਿਆਂ ਨੇ ਹੀ ਇਹ ਤੈਅ ਕਰਨਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਵਾ ਬਣੇਗੀ। ਇਹ ਚੋਣਾਂ ਬਹੁਤ ਕੁਝ ਕਹਿ ਰਹੀਆਂ ਨੇ, ਇਸੇ ਕਰਕੇ ਪਾਰਟੀਆਂ ਵਿੱਚ ਆਪੋ-ਧਾਪੀ ਮੱਚੀ ਹੋਈ ਹੈ, ਹਰ ਕੋਈ ਬਾਜ਼ੀ ਮਾਰਨ ਨੂੰ ਕਾਹਲਾ ਹੈ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਪੂਰਾ ਜ਼ੋਰ ਲਾਏਗੀ ਕਿ ਇਹ ਜਿੱਤ ਵੀ ਉਹਨਾਂ ਦੀ ਹੀ ਝੋਲੀ ਵਿੱਚ ਹੀ ਪੈ ਜਾਏ ਪਰ ਦੂਜੇ ਪਾਸੇ ਬਾਦਲ, ਭਾਜਪਾ, ਕਾਂਗਰਸ ਤੇ ਹੋਰ ਧਿਰਾਂ ਵੀ ਹੱਥ-ਪੈਰ ਮਾਰ ਰਹੀਆਂ ਹਨ। ਯਕੀਨਨ ਇਸ ਚੋਣ ਵਿੱਚ ਜਿਹੜਾ ਵੀ ਬਾਜ਼ੀ ਮਾਰੇਗਾ ਉਹ ਅਗਲੀਆਂ ਚੋਣਾਂ ਹੋਰ ਮਜ਼ਬੂਤੀ ਨਾਲ ਲੜੇਗਾ। ਨਗਰ ਨਿਗਮ ਦੀਆਂ ਚੋਣਾਂ ਦਾ ਵਿਧਾਨ ਸਭਾ ਦੀਆਂ ਚੋਣਾਂ 'ਤੇ ਬਹੁਤ ਵੱਡਾ ਅਸਰ ਪਏਗਾ। 
ਵੈਸੇ ਇਹਨਾਂ ਚੋਣਾਂ ਵਿੱਚ ਪਾਰਟੀਆਂ ਨਾਲੋਂ ਜ਼ਿਆਦਾ ਉਮੀਦਵਾਰ ਦਾ ਆਪਣੇ ਇਲਾਕੇ ਵਿੱਚ ਪ੍ਰਭਾਵ ਅਤੇ ਲੋਕਾਂ ਨਾਲ ਤਾਲਮੇਲ ਜ਼ਿਆਦਾ ਕੰਮ ਆਉਂਦਾ ਹੈ। ਅਕਸਰ ਹੀ ਲੋਕਾਂ ਦਾ ਇਹ ਵੀ ਮੰਨਣਾ ਹੁੰਦਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹ ਹੀ ਪ੍ਰਸ਼ਾਸਨ ਵਿੱਚ ਬੋਲਬਾਲਾ ਹੋਣ ਕਰਕੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਜਿਤਾਉਣ ਵਿੱਚ ਸਫ਼ਲ ਹੋ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਜਦੋਂ ਮੌਜੂਦਾ ਸਰਕਾਰ ਤੋਂ ਲੋਕ ਖ਼ੁਸ਼ ਨਾ ਹੋਣ ਤਾਂ ਵਿਰੋਧੀ ਪਾਰਟੀਆਂ ਨੂੰ ਵੋਟ ਪਾ ਕੇ ਵੋਟਰ ਗੁੱਸਾ ਕੱਢ ਲੈਂਦੇ ਹਨ ਤੇ ਸਰਕਾਰ ਨੂੰ ਸਬਕ ਸਿਖਾ ਜਾਂਦੇ ਹਨ। 
ਪੰਜਾਬ ਵਾਸੀਆਂ ਨੇ ਲੰਬੇ ਸਮੇਂ ਤੋਂ ਕਾਂਗਰਸ ਅਤੇ ਬਾਦਲ-ਭਾਜਪਾ ਦਾ ਕਹਿਰ ਤਾਂ ਝੱਲਿਆ ਹੀ ਸੀ ਤੇ ਹੁਣ ਪਿਛਲੇ ਸਵਾ ਕੁ ਚਾਰ ਸਾਲਾਂ ਤੋਂ ਭਗਵੰਤ ਮਾਨ ਸਰਕਾਰ ਦਾ ਵੀ ਸੰਤਾਪ ਝੱਲਣ ਲਈ ਲੋਕ ਮਜ਼ਬੂਰ ਹਨ। ਲੋਕਾਂ ਨੇ ਜਿਹੜੀਆਂ ਆਸਾਂ ਨਾਲ ਇਸ ਝਾੜੂ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਸੀ ਉਸ ਉੱਤੇ ਮੌਜੂਦਾ ਆਗੂ ਪੰਜਾਹ ਪ੍ਰਤੀਸ਼ਤ ਵੀ ਖਰੇ ਨਹੀਂ ਉੱਤਰ ਸਕੇ, ਆਖ਼ਰ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ। ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਕਿਸਾਨਾਂ ਅਤੇ ਅਧਿਆਪਕਾਂ ਦੇ ਧਰਨੇ ਚੱਲ ਰਹੇ ਨੇ ਤੇ ਆਏ ਦਿਨ ਡਾਂਗਾਂ ਖਾਣੀਆਂ ਪੈਂਦੀਆਂ ਨੇ, ਬਰਗਾੜੀ-ਬਹਿਬਲ ਤੇ ਕੋਟਕਪੂਰਾ ਦਾ ਇਨਸਾਫ਼ ਵੀ ਨਾ ਮਿਲ ਸਕਿਆ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜੇਲ੍ਹਾਂ ਵਿੱਚ ਨਜ਼ਰਬੰਦ ਨੇ, ਕੇਂਦਰ ਅਤੇ ਪੰਜਾਬ ਸਰਕਾਰ ਰਲ-ਮਿਲ ਕੇ ਬੰਦੀ ਸਿੰਘਾਂ ਦੀਆਂ ਪੈਰੋਲਾਂ ਤੇ ਰਿਹਾਈਆਂ ਰੋਕੀ ਬੈਠੀ ਹੈ, ਪੰਜਾਬ ਦੇ ਪਾਣੀਆਂ 'ਤੇ ਵੀ ਉਸੇ ਤਰ੍ਹਾਂ ਡਾਕੇ ਵੱਜ ਰਹੇ ਹਨ, ਪੰਜਾਬੀ ਬੋਲੀ ਦਾ ਘਾਣ ਵੀ ਜ਼ੋਰਾਂ 'ਤੇ ਹੈ, ਨਸ਼ਿਆਂ ਦੇ ਨਾਲ ਨੌਜਵਾਨਾਂ ਦੀ ਨਸਲਕੁਸ਼ੀ ਲਗਾਤਾਰ ਜਾਰੀ ਹੈ, ਗੈਂਗਸਟਰਾਂ ਦੇ ਨਾਂ 'ਤੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਵੀ ਬਣ ਰਹੇ ਨੇ, ਸ਼ਹਿਰਾਂ ਦਾ ਸਾਫ਼-ਸਫ਼ਾਈ ਪੱਖੋਂ ਵੀ ਬੁਰਾ ਹਾਲ ਹੈ। 
ਇਸੇ ਕਰਕੇ ਹੁਣ ਲੋਕਾਂ ਦਾ ਝੁਕਾਅ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਵੱਧ ਰਿਹਾ ਹੈ ਤੇ ਲੋਕ ਚਾਹੁੰਦੇ ਹਨ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਅੰਮ੍ਰਿਤਪਾਲ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਭਾਈ ਅਜੇਪਾਲ ਸਿੰਘ ਬਰਾੜ, ਭਾਈ ਮੋਹਕਮ ਸਿੰਘ ਤੇ ਹੋਰ ਪੰਥਕ ਧਿਰਾਂ ਦੇ ਆਗੂ ਸਾਰੇ ਇਕੱਠੇ ਹੋ ਕੇ ਹੀ ਚੋਣ ਮੈਦਾਨ ਵਿੱਚ ਨਿੱਤਰਨ। ਨਗਰ ਨਿਗਮ ਦੀਆਂ ਚੋਣਾਂ ਤਾਂ ਭਗਵੰਤ ਮਾਨ ਸਰਕਾਰ ਲਈ ਇੱਜ਼ਤ ਦਾ ਸਵਾਲ ਹੈ, ਭਾਜਪਾ ਵੀ ਹੁਣ ਪੰਜਾਬ ਵਿੱਚ ਪੱਕੇ ਪੈਰ ਜਮਾਉਣਾ ਚਾਹੁੰਦੀ ਹੈ, ਸੁਖਬੀਰ ਸਿੰਘ ਬਾਦਲ ਆਪਣੀ ਖ਼ਤਮ ਹੋਈ ਸਾਖ਼ ਨੂੰ ਮੁੜ ਬਹਾਲ ਕਰਨ ਲਈ ਹਰ ਹਰਬਾ ਵਰਤ ਰਿਹਾ ਹੈ, ਕਾਂਗਰਸ ਵੀ ਇਹਨਾਂ ਚੋਣਾਂ ਵਿੱਚ ਝਾੜੂ ਪਾਰਟੀ ਨੂੰ ਪੂਰੀ ਟੱਕਰ ਦੇ ਕੇ ਆਪਣਾ ਮਜ਼ਬੂਤ ਪੱਖ ਲੋਕਾਂ ਨੂੰ ਵਿਖਾਉਣਾ ਚਾਹੁੰਦੀ ਹੈ। 
ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਇਹ ਤਾਂ ਲੋਕਾਂ ਦੇ ਹੱਥ ਵਿੱਚ ਹੈ, ਇਹ ਉਹਨਾਂ ਦਾ ਆਪਣਾ ਨਿੱਜੀ ਹੱਕ ਅਤੇ ਫ਼ੈਸਲਾ ਹੈ, ਪਰ ਅਸੀਂ ਇਹ ਰਾਏ ਜ਼ਰੂਰ ਦੇਣੀ ਚਾਹਾਂਗੇ ਕਿ ਪੰਜਾਬ ਵਾਸੀਓ ਕਿਤੇ ਪੰਜ-ਪੰਜ ਸੌ ਦੇ ਨੋਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਲਾਲਚਾਂ 'ਤੇ ਡੁੱਲ੍ਹ ਨਾ ਜਾਇਓ, ਕਿਤੇ ਲੜਾਈ ਝਗੜਿਆਂ ਵਿੱਚ ਹੀ ਨਾ ਉਲਝ ਜਾਇਓ ਤੇ ਆਪਸੀ ਸਾਂਝ ਅਤੇ ਭਾਈਚਾਰਾ ਬਣਾ ਕੇ ਰੱਖਿਓ। ਨਸ਼ਿਆਂ ਦੇ ਵਪਾਰੀ, ਠੱਗ, ਬੇਈਮਾਨ ਅਤੇ ਭ੍ਰਿਸ਼ਟ ਉਮੀਦਵਾਰਾਂ ਨੂੰ ਨਕਾਰੋ ਅਤੇ ਪੰਥ ਅਤੇ ਪੰਜਾਬ ਦੇ ਦਰਦੀ ਤੇ ਯੋਗ ਉਮੀਦਵਾਰਾਂ ਨੂੰ ਮੌਕਾ ਦਿਓ ਜੋ ਸਮੇਂ ਦੀ ਜ਼ਰੂਰਤ ਹੈ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.