ਇਕੱਲੀ ਪੰਜਾਬ ਪੁਲੀਸ ਹੀ ਨਹੀਂ, ਹਿੰਦ ਸਰਕਾਰ ਸਿੱਖਾਂ ਦੀ ਮੁੱਖ ਦੋਸ਼ੀ ਹੈ : ਭਾਈ ਗੁਰਪ੍ਰੀਤ ਸਿੰਘ

ਇਕੱਲੀ ਪੰਜਾਬ ਪੁਲੀਸ ਹੀ ਨਹੀਂ, ਹਿੰਦ ਸਰਕਾਰ ਸਿੱਖਾਂ ਦੀ ਮੁੱਖ ਦੋਸ਼ੀ ਹੈ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 13 ਜੁਲਾਈ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖਾੜਕੂਵਾਦ ਨੂੰ ਖ਼ਤਮ ਕਰਨ ਦੇ ਬਹਾਨੇ ਭਾਰਤੀ ਹਕੂਮਤ, ਕਾਂਗਰਸੀ ਆਗੂਆਂ ਅਤੇ ਪੁਲਿਸ ਅਫ਼ਸਰਾਂ ਨੇ ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਕੋਹ-ਕੋਹ ਕੇ ਸ਼ਹੀਦ ਕੀਤਾ ਤੇ ਕਰਵਾਇਆ। ਇਹ ਸਾਰੇ ਨੌਜਵਾਨ ਖਾੜਕੂ ਨਹੀਂ ਸਨ, ਇਹਨਾਂ ਨੇ ਹਥਿਆਰ ਨਹੀਂ ਸਨ ਚੁੱਕੇ ਹੋਏ, ਖਾੜਕੂਆਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਸੀ, ਬਾਕੀ ਘਰਾਂ, ਦੁਕਾਨਾਂ, ਖੇਤਾਂ, ਗੁਰਦੁਆਰਿਆਂ ਤੇ ਖੇਡ ਮੈਦਾਨ ਵਿੱਚੋਂ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਨੂੰ ਪੁਲਿਸ ਨੇ ਬੇਵਜ੍ਹਾ ਚੁੱਕ ਲਿਆ। ਫਿਰ ਕਈ ਦਿਨ ਥਾਣਿਆਂ ਅਤੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਉਹਨਾਂ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ, ਉਹਨਾਂ ਦੇ ਪਰਿਵਾਰਾਂ ਕੋਲੋਂ ਪੁਲਸੀਆਂ ਨੇ ਲੱਖਾਂ ਰੁਪਏ ਵੀ ਹੜੱਪ ਲਏ ਤੇ ਫਿਰ ਉਹਨਾਂ ਸਿੱਖਾਂ ਨੂੰ ਕਿਸੇ ਚੌਂਕ-ਚੁਰਾਹੇ, ਸੁੰਨਸਾਨ ਜਗ੍ਹਾ, ਰੋਹੀਆਂ ਦੇ ਪੁਲਾਂ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਲਿਜਾ ਕੇ ਝੂਠਾ ਮੁਕਾਬਲਾ ਬਣਾ ਦਿੱਤਾ ਜਾਂਦਾ ਤੇ ਅਗਲੇ ਦਿਨ ਅਖਬਾਰਾਂ ਵਿੱਚ ਖ਼ਬਰ ਹੁੰਦੀ ਕਿ 'ਚੋਟੀ ਦਾ ਖਾੜਕੂ ਜਬਰਦਸਤ ਪੁਲਿਸ ਮੁਕਾਬਲੇ ਵਿੱਚ ਢੇਰ।' ਸਿੱਖਾਂ ਨੂੰ ਸਿਰਫ਼ ਸਾਹਮਣੇ ਦਿਖਾਈ ਦੇਣ ਵਾਲੇ ਹਥਿਆਰ ਜਾਂ ਹਮਲਾਵਰ ਨੂੰ ਹੀ ਨਹੀਂ ਵੇਖਣਾ ਚਾਹੀਦਾ। ਇਹ ਵੀ ਸਮਝਣਾ ਚਾਹੀਦਾ ਹੈ ਕਿ ਉਸ ਹਥਿਆਰ ਨੂੰ ਚਲਾਉਣ ਵਾਲਾ ਕੌਣ ਸੀ, ਉਸ ਨੂੰ ਹੁਕਮ ਦੇਣ ਵਾਲਾ ਕੌਣ ਸੀ ਅਤੇ ਪਿੱਛੇ ਬੈਠ ਕੇ ਸਾਰੀ ਨੀਤੀ ਬਣਾਉਣ ਵਾਲਾ ਕੌਣ ਸੀ। ਸਿੱਖ ਕੌਮ ਨੂੰ ਆਪਣੀ ਸ਼ੇਰ ਬਿਰਤੀ ਕਾਇਮ ਰੱਖਣ ਦੀ ਲੋੜ ਹੈ। ਦੁਸ਼ਮਣ ਦੀ ਸਹੀ ਪਛਾਣ ਹੀ ਸਾਨੂੰ ਸਹੀ ਨਿਸ਼ਾਨੇ ਅਤੇ ਸਹੀ ਰਾਹ ਵੱਲ ਲੈ ਕੇ ਜਾ ਸਕਦੀ ਹੈ। ਜਦੋਂ ਤਕ ਅਸੀਂ ਜ਼ੁਲਮ ਕਰਨ ਵਾਲੇ ਦੇ ਨਾਲ-ਨਾਲ ਜ਼ੁਲਮ ਕਰਵਾਉਣ ਵਾਲੇ ਹੱਥਾਂ ਨੂੰ ਨਹੀਂ ਪਛਾਣਦੇ, ਉਦੋਂ ਤੱਕ ਇਤਿਹਾਸ ਦੀ ਪੂਰੀ ਸੱਚਾਈ ਸਾਹਮਣੇ ਨਹੀਂ ਆ ਸਕਦੀ। ਥੋੜ੍ਹੀ ਜਿਹੀ ਘੋਖ ਕੀਤਿਆਂ ਹੀ ਇਹ ਗੱਲ ਸਪਸ਼ਟ ਤੌਰ 'ਤੇ ਸਾਹਮਣੇ ਆਵੇਗੀ ਕਿ ਸਿੱਖਾਂ ਨੂੰ ਸ਼ਹੀਦ ਕਰਵਾਉਣ ਵਾਲੀ ਭਾਰਤੀ ਹਕੂਮਤ/ਹਿੰਦ ਸਰਕਾਰ ਸੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.