ਬੀਬੀ ਕੁਲਵਿੰਦਰ ਕੌਰ ਖ਼ਾਲਸਾ ਬਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ, ਪਾਰਟੀ ਦੇ ਫ਼ੈਸਲੇ ਦੀ ਸੰਗਤਾਂ ਵੱਲੋਂ ਸ਼ਲਾਘਾ
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, 25 ਜੁਲਾਈ,ਰਣਜੀਤ ਸਿੰਘ ਖ਼ਾਲਸਾ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਪਾਰਟੀ ਦਾ ਪੰਜਾਬ ਤੋਂ ਇਸਤਰੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਬੀ ਕੁਲਵਿੰਦਰ ਕੌਰ ਖਾਲਸਾ ਜੋ ਪਹਿਲਾਂ ਪਾਰਟੀ ਦੇ ਇਸਤਰੀ ਵਿੰਗ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਸਨ। ਉਹਨਾਂ ਦੀਆਂ ਸੇਵਾਵਾਂ, ਪੰਥ-ਪੰਜਾਬ ਅਤੇ ਪਾਰਟੀ ਪ੍ਰਤੀ ਘਾਲਣਾ, ਪੰਥਕ ਜਜ਼ਬਾ ਅਤੇ ਮਿਹਨਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਅਤੇ ਇਸਤਰੀ ਵਿੰਗ ਪੰਜਾਬ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋਂ ਨੇ ਇਹ ਫ਼ੈਸਲਾ ਲੈਂਦਿਆਂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਉੱਤੇ ਲੈ ਆਂਦਾ ਹੈ। ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਪਾਰਟੀ ਦੇ ਸਮੁੱਚੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਇਸ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ ਅਤੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਤੇ ਸੰਘਰਸ਼ਸ਼ੀਲ ਰਹਾਂਗੀ। ਜ਼ਿਕਰਯੋਗ ਹੈ ਕਿ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਜੋ ਖ਼ਾਲਿਸਤਾਨ ਲਿਬਰੇਸ਼ਨ ਆਰਗਨਾਈਜੇਸ਼ਨ ਦੇ ਮੁਖੀ ਅਤੇ ਖਾਲਿਸਤਾਨ ਆਰਮਡ ਫੋਰਸ ਦੇ ਲੈਫਟੀਨੈਂਟ ਜਨਰਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ (ਤੁਗਲਵਾਲਾ) ਦੀ ਸੁਪਤਨੀ ਹਨ। ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਜੂਨ 1984 ਤੋਂ ਪਹਿਲਾਂ ਫੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸ਼ਹੀਦ ਬੀਬੀ ਉਪਕਾਰ ਕੌਰ ਅਤੇ ਦਲ ਖਾਲਸਾ ਦੇ ਸ਼ਹੀਦ ਭਾਈ ਗੁਰਬਚਨ ਸਿੰਘ ਖਾਲਸਾ ਨਾਲ ਸੇਵਾਵਾਂ ਨਿਭਾਈਆਂ ਅਤੇ ਘੱਲੂਘਾਰੇ ਤੋਂ ਬਾਅਦ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਜੇਲ੍ਹਾਂ ਕੱਟੀਆਂ ਅਤੇ ਹਥਿਆਰਬੰਦ ਸੰਘਰਸ਼ ਵਿੱਚ ਵੀ ਅਹਿਮ ਯੋਗਦਾਨ ਪਾਇਆ। ਉਹ ਪਿਛਲੇ ਸਮੇਂ ਤੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਿੱਚ ਵੀ ਸਰਗਰਮ ਰਹੇ ਅਤੇ ਹੁਣ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋ ਕੇ ਅਹਿਮ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਮੈਂਬਰ ਤੋਂ ਸਫਰ ਆਰੰਭ ਕੀਤਾ ਤੇ ਹੁਣ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਸੇਵਾਵਾਂ ਨਿਭਾਉਣਗੇ। ਉਹਨਾਂ ਦੀ ਹੋਈ ਇਸ ਨਵੀਂ ਨਿਯੁਕਤੀ ਦਾ ਪਤਾ ਲੱਗਦਿਆਂ ਹੀ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਪਾਰਟੀ ਦੇ ਇਸ ਫੈਸਲੇ ਪ੍ਰਤੀ ਬੇਹੱਦ ਖੁਸ਼ੀ ਜਾਹਿਰ ਅਤੇ ਸ਼ਲਾਘਾ ਕੀਤੀ ਜਾ ਰਹੀ ਹੈ।