ਜਿਸ ਕਿਰਪਾਨ ਨਾਲ ਹਿੰਦੂਆਂ ਦੀਆਂ ਬਹੂ-ਬੇਟੀਆਂ ਬਚਾਈਆਂ ਓਸੇ 'ਤੇ ਹੀ ਪਾਬੰਦੀ ਲਾ ਰਹੀ ਹਿੰਦ ਸਰਕਾਰ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਧਾਰਮਿਕ/ਰਾਜਨੀਤੀ
- (Asia/Kolkata)
ਕਿਰਪਾਨ ਉੱਤੇ ਪਾਬੰਦੀ ਬਰਦਾਸ਼ਤ ਨਹੀਂ ਕਰਨਗੇ ਸਿੱਖ
ਅੰਮ੍ਰਿਤਸਰ, 17 ਅਗਸਤ, ਨਜ਼ਰਾਨਾ ਟਾਈਮਜ ਬਿਊਰੋ
ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਕਿਰਪਾਨ ਪਹਿਨੀ ਹੋਣ ਕਰਕੇ ਅੰਦਰ ਦਾਖਲ ਨਾ ਹੋਣ 'ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਭਾਰਤ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸਰਕਾਰ ਸਿੱਖਾਂ ਨੂੰ ਸ਼ਸਤਰਹੀਣ ਕਰਨਾ ਚਾਹੁੰਦੀ ਹੈ, ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਸਿੱਖਾਂ ਨੂੰ ਪੀੜ ਅਤੇ ਸੰਤਾਪ ਝੱਲਣਾ ਪੈ ਰਿਹਾ ਹੈ, ਇਹ ਸਿੱਖ ਕੌਮ ਉੱਤੇ ਵੱਡਾ ਹਮਲਾ ਹੈ ਅਤੇ ਸੰਵਿਧਾਨਿਕ ਹੱਕਾਂ ਉੱਤੇ ਵੀ ਡਾਕਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ 1947 ਤੋਂ ਹੀ ਸਿੱਖਾਂ ਦੇ ਨਾਲ ਧੱਕੇ, ਵਿਤਕਰੇ ਅਤੇ ਬੇਇਨਸਾਫੀਆਂ ਹੋ ਰਹੀਆਂ ਹਨ, ਇਸ ਲਈ ਭਾਰਤ ਦਾ ਆਜ਼ਾਦੀ ਦਿਹਾੜਾ 15 ਅਗਸਤ ਅਤੇ 26 ਜਨਵਰੀ ਸਿੱਖਾਂ ਲਈ ਕੋਈ ਮਾਇਨੇ ਨਹੀਂ ਰੱਖਦਾ, ਗੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਹਾੜੇ ਨਹੀਂ ਮਨਾਉਂਦੀਆਂ। ਪੰਥਕ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਭਾਰਤ ਸਰਕਾਰ ਨੇ ਸਰਪੰਚ ਗੁਰਧਿਆਨ ਸਿੰਘ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਪੱਤਰ ਭੇਜਿਆ ਪਰ ਬਾਅਦ ਵਿੱਚ ਉਸ ਅੰਮ੍ਰਿਤਧਾਰੀ ਗੁਰਸਿੱਖ ਨੂੰ ਕਿਰਪਾਨ ਬਾਹਰ ਉਤਾਰਨ ਲਈ ਕਿਹਾ ਗਿਆ ਜੋ ਸਿੱਖ ਕੌਮ ਲਈ ਸਹਿਣਯੋਗ ਨਹੀਂ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਿਰਪਾਨ ਹਰ ਗੁਰਸਿੱਖ ਦਾ ਅੰਗ ਹੈ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਭੁੱਲ ਗਿਆ ਕਿ ਇਹਨਾਂ ਕਿਰਪਾਨਾਂ ਦੇ ਨਾਲ ਹੀ ਸਿੱਖਾਂ ਨੇ ਮੁਗਲ ਹਕੂਮਤ ਅਤੇ ਅੰਗਰੇਜ਼ ਸਰਕਾਰ ਨਾਲ ਜੰਗਾਂ ਕੀਤੀਆਂ ਸਨ ਤੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ। ਸਿੱਖ ਇਹਨਾਂ ਕਿਰਪਾਨਾਂ ਦੇ ਨਾਲ ਹੀ ਹਿੰਦੂਆਂ ਦੀਆਂ ਬਹੂ ਬੇਟੀਆਂ ਗਜ਼ਨੀ ਦੇ ਬਾਜ਼ਾਰਾਂ ਵਿੱਚੋਂ ਬਚਾ ਕੇ ਲਿਆਉਂਦੇ ਰਹੇ ਤੇ ਅੱਜ ਸਰਕਾਰ ਨੂੰ ਉਸੇ ਕਿਰਪਾਨ ਤੋਂ ਤਕਲੀਫ਼ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਕਸਰ ਹੀ ਸਾਡੀ ਕਿਰਪਾਨ, ਦਸਤਾਰ ਅਤੇ ਪੰਜਾਬੀ ਬੋਲੀ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਕੁਝ ਦਿਨ ਪਹਿਲਾਂ ਬੀਬੀ ਗੁਰਪ੍ਰੀਤ ਕੌਰ ਨੂੰ ਵੀ ਕਿਰਪਾਨ ਪਾਈ ਹੋਣ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ ਸੀ। ਏਅਰਪੋਰਟਾਂ, ਮੈਟਰੋ, ਰੇਲਵੇ ਸਟੇਸ਼ਨ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਨੂੰ ਅਕਸਰ ਹੀ ਕਿਰਪਾਨ ਪਾਈ ਹੋਣ ਕਰਕੇ ਸਰਕਾਰ ਜਲੀਲ ਕਰਦੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੇ 90% ਕੁਰਬਾਨੀਆਂ ਕਰਕੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ ਪਰ ਅੱਜ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਸਿੱਖਾਂ ਨੂੰ ਇਸ ਗੁਲਾਮੀ ਤੋਂ ਖਹਿੜਾ ਛੁਡਾਉਣ ਲਈ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ ਪਹਿਰਾਵਾ, ਕਕਾਰ, ਸਿਧਾਂਤ ਅਤੇ ਕੁਦਰਤੀ ਸਰੋਤ ਸੁਰੱਖਿਅਤ ਰਹਿ ਸਕਣ। ਉਹਨਾਂ ਕਿਹਾ ਕਿ ਕਿਰਪਾਨ ਪਹਿਨਣ ਦਾ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ, ਕਿਰਪਾਨ ਉੱਤੇ ਪਾਬੰਦੀ ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰਾਂ ਵਿਰੁੱਧ ਤਕੜਾ ਸੰਘਰਸ਼ ਲੜਨਗੇ।
Leave a Reply