ਸ਼ਹੀਦਾਂ ਦੇ ਪਰਿਵਾਰਾਂ ਅਤੇ ਪੰਥਕ ਆਗੂਆਂ ਵੱਲੋਂ ਲੇਖਕ ਹਰਪ੍ਰੀਤ ਸਿੰਘ ਪੰਮਾ ਦੀ ਕਿਤਾਬ 'ਕੋਈ ਦੇਸ ਨਾ ਸਾਡਾ' ਜਾਰੀ
- ਰਾਜਨੀਤੀ
- (Asia/Kolkata)
ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਕਿਤਾਬ ਦੀ ਸ਼ਲਾਘਾ
ਅੰਮ੍ਰਿਤਸਰ, 18 ਅਗਸਤ , ਨਜ਼ਰਾਨਾ ਟਾਈਮਜ ਬਿਊਰੋ
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਤੂਤ ਸਾਹਿਬ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਪੰਥਕ ਆਗੂਆਂ ਵੱਲੋਂ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਆਸਟਰੀਆ ਦੀ ਲਿਖੀ ਕਿਤਾਬ 'ਕੋਈ ਦੇਸ ਨਾ ਸਾਡਾ' ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਜਾਰੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਕਿਤਾਬ 'ਖ਼ਾਲਸਾ ਫ਼ਤਹਿਨਾਮਾ ਪ੍ਰਕਾਸ਼ਨ' ਵੱਲੋਂ ਛਾਪੀ ਗਈ ਹੈ। ਕਿਤਾਬ 'ਚ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਅਜੋਕੇ ਸਮੇਂ ਵਿੱਚ ਵਾਪਰੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰ ਕੇ ਸਿੱਖਾਂ ਨੂੰ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਹੈ। ਉਹਨਾਂ ਦਾ 352 ਪੰਨਿਆਂ ਦੀ ਇਸ ਕਿਤਾਬ ਲਿਖਣ ਮਕਸਦ ਹੈ ਕਿ ਸਿੱਖਾਂ ਦਾ ਗ਼ੁਲਾਮੀ ਤੋਂ ਛੁਟਕਾਰਾ ਹੋਵੇ, ਸਿੱਖ ਅਜ਼ਾਦੀ ਮਾਨਣ, ਸਿੱਖਾਂ ਦਾ ਵੀ ਆਪਣਾ ਮੁਲਕ ਹੋਵੇ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ, ਪਹਿਰਾਵਾ, ਕਕਾਰ, ਸਿਧਾਂਤ, ਗੁਰਧਾਮ, ਧੀਆਂ-ਭੈਣਾਂ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿਣ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਹਰਪ੍ਰੀਤ ਸਿੰਘ ਪੰਮਾ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸਰਗਰਮ ਰਹੇ, ਜੁਝਾਰੂ ਕਾਰਨਾਮੇ ਕੀਤੇ, ਤਸ਼ੱਦਦ ਝੱਲਿਆ ਤੇ ਅਨੇਕਾਂ ਸੰਘਰਸ਼ੀ ਸਿੰਘਾਂ ਦਾ ਸਾਥ ਮਾਣਿਆ। ਜਿਸ ਦਾ ਜ਼ਿਕਰ ਉਹ ਆਪਣੀ ਪਹਿਲੀ ਕਿਤਾਬ 'ਖਾੜਕੂ ਸੰਘਰਸ਼' ਅਤੇ ਦੂਜੀ ਕਿਤਾਬ 'ਕੰਧ ਓਹਲੇ ਪ੍ਰਦੇਸ' ਵਿੱਚ ਕਰ ਚੁੱਕੇ ਹਨ। ਉਹ ਹਮੇਸ਼ਾਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਹਨ, ਸ਼ਹੀਦਾਂ ਦੇ ਪਰਿਵਾਰਾਂ ਤੇ ਲੋੜਵੰਦਾਂ ਦੀ ਸਾਰ ਵੀ ਲੈਂਦੇ ਆ ਰਹੇ ਨੇ, ਸਿੱਖੀ ਦੇ ਪ੍ਰਚਾਰ ਲਈ ਵੀ ਯਤਨਸ਼ੀਲ ਅਤੇ ਕੌਮੀ ਘਰ ਦੀ ਅਜ਼ਾਦੀ ਲਈ ਤਤਪਰ ਹਨ। ਕਿਤਾਬ 'ਚ ਵਾਰ-ਵਾਰ ਗ਼ੁਲਾਮੀ ਦੇ ਲੱਛਣ ਦੱਸੇ ਗਏ ਹਨ, ਇਹ ਕਿਤਾਬ 98557-89851 ਵਟ੍ਹਸਐਪ ਨੰਬਰ ਤੋਂ ਡਾਕ ਰਾਹੀਂ ਮੰਗਵਾਈ ਜਾ ਸਕਦੀ ਹੈ।
ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਸ਼ਹੀਦ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ, ਸ਼ਹੀਦ ਤਰਸੇਮ ਸਿੰਘ ਕੋਹਾੜ ਦੀ ਸੁਪਤਨੀ ਬੀਬੀ ਪਰਮਜੀਤ ਕੌਰ, ਸ਼ਹੀਦ ਤਾਰਾ ਸਿੰਘ ਡਰਾਈਵਰ ਦੀ ਸੁਪਤਨੀ ਬੀਬੀ ਅਮਰਜੀਤ ਕੌਰ, ਸ਼ਹੀਦ ਰਵਿੰਦਰ ਸਿੰਘ ਲਾਡੀ ਦੀ ਸੁਪਤਨੀ ਬੀਬੀ ਕੰਵਲਜੀਤ ਕੌਰ, ਸ਼ਹੀਦ ਸੁਮਿੱਤਰ ਸਿੰਘ ਮੁੱਲਾਂਵਾਲ ਦੀ ਸੁਪਤਨੀ ਬੀਬੀ ਹਰਭਜਨ ਕੌਰ, ਸ਼ਹੀਦ ਮੰਗਲ ਸਿੰਘ ਚੀਮਾ ਦੀ ਸੁਪਤਨੀ ਹਰਜੀਤ ਕੌਰ ਸਮੇਤ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Leave a Reply