ਏ.ਆਈ. ਜਰੀਏ ਸਿੱਖ ਕੌਮ 'ਤੇ ਕੀਤੇ ਜਾ ਰਹੇ ਨੇ ਲਗਾਤਾਰ ਹਮਲੇ, ਕਿਉਂ ਨਹੀਂ ਰੋਕਦੀ ਸਰਕਾਰ ? - ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- (Asia/Kolkata)
ਸ੍ਰੀ ਦਰਬਾਰ ਸਾਹਿਬ, ਗੁਰੂ ਸਾਹਿਬਾਨਾਂ, ਸ਼ਹੀਦਾਂ ਅਤੇ ਸਿੱਖਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ
ਅੰਮ੍ਰਿਤਸਰ, 16 ਅਗਸਤ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ ਉੱਤੇ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਸਨ ਤੇ ਹੁਣ ਏ. ਆਈ. ਤਕਨੀਕ ਰਾਹੀਂ ਵੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਏ.ਆਈ. ਰਾਹੀਂ ਜੋ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਦੀ ਦੋਫਾੜ ਅਤੇ ਢਹਿ-ਢੇਰੀ ਹੁੰਦਿਆਂ ਦੀ ਵੀਡੀਓ ਬਣਾਈ ਗਈ ਹੈ ਤੇ ਸਰੋਵਰ ਵਿੱਚ ਸਿੱਖਾਂ ਨੂੰ ਡੁੱਬਦੇ ਵਿਖਾਇਆ ਗਿਆ ਹੈ ਇਸ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ, ਪੰਥ ਦੋਖੀਆਂ ਵੱਲੋਂ ਕੀਤਾ ਇਹ ਹਮਲਾ ਸਹਿਣਯੋਗ ਨਹੀਂ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਵੀਡੀਓ ਬਣਾਉਣ ਵਾਲਿਆਂ ਦੇ ਮਨਾਂ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਨਫ਼ਰਤ, ਈਰਖਾ ਅਤੇ ਵਿਰੋਧ ਹੈ। ਹਿੰਦ ਸਰਕਾਰ ਨੇ ਜੂਨ 1984 ਨੂੰ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਗੋਲ਼ੀਆਂ ਨਾਲ ਛਲਣੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਸੀ ਤੇ ਇਹ ਘਟੀਆ ਸੋਚ ਵਾਲੇ ਅਕ੍ਰਿਤਘਣ ਹਿੰਦੂਤਵੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਨੂੰ ਢਹਿ-ਢੇਰੀ ਹੁੰਦਾ ਵੇਖਣਾ ਚਾਹੁੰਦੇ ਹਨ, ਸਿੱਖ ਕੌਮ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਹਨ ਤੇ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਇਸੇ ਕੜੀ ਦਾ ਹਿੱਸਾ ਸਨ ਜੋ ਸਿੱਖ ਕੌਮ ਨੂੰ ਵੱਡੀ ਵੰਗਾਰ ਅਤੇ ਚੁਣੌਤੀ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਦਿਲ, ਜ਼ਿੰਦ-ਜਾਨ ਅਤੇ ਕੇਂਦਰੀ ਧਾਰਮਿਕ ਅਸਥਾਨ ਹੈ ਜਿੱਥੇ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਨਤਮਸਤਕ ਹੁੰਦੇ ਹਨ। ਸ੍ਰੀ ਦਰਬਾਰ ਸਾਹਿਬ ਦੀ ਕਿਸੇ ਵੀ ਤਰ੍ਹਾਂ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਪਹਿਲਾਂ ਵੀ ਸਿੱਖਾਂ ਨੇ ਨਹੀਂ ਸੀ ਬਖ਼ਸ਼ਿਆ ਤੇ ਅਗਾਂਹ ਵੀ ਜ਼ਰੂਰ ਸਬਕ ਸਿਖਾਇਆ ਜਾਏਗਾ। ਭਾਈ ਰਣਜੀਤ ਸਿੰਘ ਨੇ ਸਵਾਲ ਉਠਾਏ ਕਿ ਧਮਕੀਆਂ ਦੇਣ ਵਾਲੇ ਅਤੇ ਅਜਿਹੀਆਂ ਵੀਡੀਓ ਬਣਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਭਾਰਤੀ ਸਿਸਟਮ ਅਤੇ ਸਾਈਬਰ ਸੈਲ ਵਾਲੇ ਗ੍ਰਿਫ਼ਤਾਰ ਕਿਉਂ ਨਹੀਂ ਕਰਦੇ ? ਇਹਨਾਂ ਲੋਕਾਂ ਪ੍ਰਤੀ ਨਰਮੀ ਕਿਉਂ ਵਰਤੀ ਜਾਂਦੀ ਹੈ ? ਸਰਕਾਰ ਨੂੰ ਅਜਿਹੇ ਲੋਕ ਕਿਉਂ ਨਹੀਂ ਲੱਭਦੇ ਜਾਂ ਸਰਕਾਰ ਲੱਭਣਾ ਹੀ ਨਹੀਂ ਚਾਹੁੰਦੀ ? ਪੰਜਾਬ ਅਤੇ ਭਾਰਤ ਸਰਕਾਰ ਇਹਨਾਂ ਲੋਕਾਂ ਨੂੰ ਖੁੱਲ੍ਹ ਕਿਉਂ ਦੇ ਰਹੀ ਹੈ ? ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਇਸ ਦੇ ਐਨ ਉਲਟ ਜਦੋਂ ਕਿਸੇ ਸਿੱਖ ਨੌਜਵਾਨ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਹੈ ਤਾਂ ਸਰਕਾਰ ਤੁਰੰਤ ਕਾਰਵਾਈ ਕਰਦੀ ਹੈ, ਵਿਦੇਸ਼ਾਂ ਵਿੱਚੋਂ ਵੀ ਫੜ ਕੇ ਲੈ ਆਉਂਦੀ ਹੈ, ਫਿਰ ਤਾਂ ਸਰਕਾਰ ਨੂੰ ਫੋਨ, ਈਮੇਲ ਅਤੇ ਪਤਾ ਝੱਟ ਹੀ ਲੱਭ ਜਾਂਦਾ ਹੈ, ਤੇ ਸਰਕਾਰ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ, ਝੂਠੇ ਕੇਸ ਪਾ ਕੇ ਲੰਬੀਆਂ ਜੇਲ੍ਹਾਂ ਕਰ ਦਿੰਦੀ ਹੈ, ਪਰ ਪੰਥ ਦੋਖੀਆਂ ਵੇਲੇ ਸਰਕਾਰ ਘੂਕ ਸੌਂ ਜਾਂਦੀ ਹੈ। ਉਹਨਾਂ ਕਿਹਾ ਕਿ ਏ.ਆਈ. ਨਾਲ ਇੱਕ ਹੋਰ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੇਸ ਕਤਲ ਦਿਖਾਏ ਗਏ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦਾ ਸਰੂਪ ਵੀ ਵਿਗਾੜਿਆ ਗਿਆ ਸੀ, ਇੱਕ ਹੋਰ ਵੀਡੀਓ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨੱਚਦਿਆਂ ਦਿਖਾਇਆ ਗਿਆ ਅਤੇ ਭੱਦੀਆਂ ਤਸਵੀਰਾਂ ਬਣਾ ਕੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਕਰਨ ਦੇ ਯਤਨ ਹੋ ਰਹੇ ਹਨ। ਏ.ਆਈ. ਤਕਨੀਕ ਨਾਲ ਲਗਾਤਾਰ ਗੁਰੂ ਸਾਹਿਬਾਨਾਂ, ਸਿੱਖ ਸ਼ਹੀਦਾਂ, ਯੋਧਿਆਂ ਅਤੇ ਸਿੱਖ ਕਿਰਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਤਸਵੀਰਾਂ ਵਿੱਚ ਵੀ ਉਹਨਾਂ ਨੂੰ ਮੋਨੇ ਦਿਖਾਇਆ ਗਿਆ ਹੈ ਜੋ ਕਿ ਸਿੱਖ ਪਹਿਚਾਣ ਉੱਤੇ ਵੱਡਾ ਹਮਲਾ ਹੈ, ਇਹ ਗੱਲ ਇਕੱਲੀ ਮਨਮੋਹਨ ਸਿੰਘ ਤੱਕ ਹੀ ਸੀਮਤ ਨਹੀਂ ਬਲਕਿ ਪੰਥ ਦੋਖੀਆਂ ਨੂੰ ਸਿੱਖਾਂ ਦੀ ਦਸਤਾਰ ਤੋਂ ਨਫ਼ਰਤ ਹੈ ਅਤੇ ਇਹ ਸਿੱਖਾਂ ਦੀ ਪੱਗ, ਅਣਖ਼ ਤੇ ਸਵੈਮਾਣ ਨੂੰ ਹੱਥ ਪਾ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਏ.ਆਈ. ਬਹੁਤ ਖ਼ਤਰਨਾਕ ਹੈ, ਇਸ ਨਾਲ ਭਵਿੱਖ ਵਿੱਚ ਦੰਗੇ-ਫਸਾਦ ਅਤੇ ਹੋਰ ਨੁਕਸਾਨ ਵੀ ਹੋ ਸਕਦੇ ਹਨ, ਇਸ ਉੱਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਏ.ਆਈ. ਰਾਹੀਂ ਸਿੱਖ ਕੌਮ ਉਤੇ ਹਮਲੇ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਪਹਿਚਾਣ ਕੇ ਖ਼ਾਲਸਾ ਪੰਥ ਦੇ ਹਵਾਲੇ ਕੀਤਾ ਜਾਵੇ, ਅਸੀਂ ਅਜਿਹੇ ਦੋਸ਼ੀਆਂ ਦੀ ਸਜ਼ਾ ਖੁਦ ਤੈਅ ਕਰਾਂਗੇ ਅਤੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਉਹਨਾਂ ਨੂੰ ਸੋਧਾਂਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਏ.ਆਈ. ਰਾਹੀਂ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੇ ਦੋਸ਼ੀਆਂ ਨੂੰ ਨਾ ਫੜਿਆ ਤਾਂ ਸਿੱਖ ਕੌਮ ਨੂੰ ਮਜ਼ਬੂਰਨ ਸੰਘਰਸ਼ ਛੇੜਨਾ ਪਵੇਗਾ।
Leave a Reply