ਕੀ ਖਾੜਕੂ ਸਿੰਘਾਂ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਸ਼ਹੀਦੀਆਂ ਦਿੱਤੀਆਂ ਤੇ ਘਰ ਉਜਾੜੇ ਸਨ ? : ਜਥੇਦਾਰ ਗੁਰਨਾਮ ਸਿੰਘ ਬੰਡਾਲਾ ਦਮਦਮੀ ਟਕਸਾਲ

ਕੀ ਖਾੜਕੂ ਸਿੰਘਾਂ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਸ਼ਹੀਦੀਆਂ ਦਿੱਤੀਆਂ ਤੇ ਘਰ ਉਜਾੜੇ ਸਨ ? : ਜਥੇਦਾਰ ਗੁਰਨਾਮ ਸਿੰਘ ਬੰਡਾਲਾ ਦਮਦਮੀ ਟਕਸਾਲ

ਮਹਿਤਾ ਹੈਡਕੁਆਰਟਰ ਅਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਏਜੰਸੀਆਂ ਦੇ ਕਬਜ਼ੇ 'ਚ ਹੈ

ਚੰਡੀਗੜ੍ਹ, 26 ਮਈ , ਮੰਗਤ ਸਿੰਘ ਸੈਦਪੁਰ -ਦਮਦਮੀ ਟਕਸਾਲ ਦੇ ਬਜ਼ੁਰਗ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਪੰਥ ਦਰਦੀਆਂ ਨੂੰ ਕਿਹਾ ਹੈ ਕਿ ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ। ਚਾਰ ਦਿਨ ਜੇਲ੍ਹ ਵਿੱਚ ਜਾ ਕੇ ਫਿਰ ਏਜੰਸੀਆਂ ਰਾਹੀਂ ਚੇਅਰਮੈਨੀ ਅਤੇ ਮੁੱਖ ਮੰਤਰੀ ਦੀ ਕੁਰਸੀ ਲਈ ਤਰਲੋਮੱਛੀ ਹੋਣਾ ਇਹ ਪੰਥ ਦੇ ਹਿੱਤ ਵਿੱਚ ਨਹੀਂ ਹੈ। ਪੰਥਕ ਕਮੇਟੀ ਦੇ ਮੈਂਬਰ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦੇ ਸਾਹਮਣੇ ਇੱਕ ਪਾਸੇ ਤੱਤਾ ਸਰੀਆ ਰੱਖਿਆ ਸੀ ਅਤੇ ਦੂਜੇ ਪਾਸੇ ਰਿਬੈਰੋ ਨੇ ਐਮ ਐਲ ਏ ਦੀ ਸੀਟ ਅਤੇ ਪੈਟਰੋਲ ਪੰਪ ਦਾ ਲਾਲਚ ਰੱਖਿਆ ਸੀ ਤੇ ਰਿਬੈਰੋ ਕਹਿੰਦਾ ਸੀ ਕਿ ਜੋ 29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਐਲਾਨ ਕੀਤਾ ਹੈ ਉਸ ਨੂੰ ਵਾਪਸ ਲਵੋ। ਪਰ ਭਾਈ ਗੁਰਦੇਵ ਸਿੰਘ ਉਸਮਾਨ ਮਵਾਲਾ ਨੇ ਤਸੀਹੇ ਅਤੇ ਸ਼ਹੀਦੀ ਤਾਂ ਪਾ ਲਈ ਪਰ ਸਰਕਾਰ ਅੱਗੇ ਝੁਕਿਆ ਨਹੀਂ। ਉਹਨਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਉੱਤੇ ਉਹਨਾਂ ਲੋਕਾਂ ਦਾ ਮੁੱਖ ਮੰਤਰੀ ਲਈ ਰੌਲਾ ਪਾਇਆ ਜਾ ਰਿਹਾ ਜਿਨ੍ਹਾਂ ਚਾਰ ਦਿਨ ਜੇਲ੍ਹ ਵਿੱਚ ਬਤੀਤ ਕਰ ਲਏ, ਪਰ ਸੱਚੀ ਗੱਲ ਇਹ ਹੈ ਕਿ ਮੁੱਖ ਮੰਤਰੀ ਚਾਹੇ ਕੋਈ ਬਣ ਜਾਵੇ ਉਸ ਨੂੰ ਦਿੱਲੀ ਸਰਕਾਰ ਦੇ ਅਧੀਨ ਚੱਲਣਾ ਪੈਣਾ ਹੈ, ਏਜੰਸੀਆਂ ਦਾ ਜਾਲ ਉਸਦੇ ਸਿਰ ਉੱਤੇ ਰਹਿਣਾ ਹੈ, ਜੇ ਉਹ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏਗਾ, ਪੁਲਿਸ ਰਾਹੀਂ ਡਰਾਮੇ ਖੇਡੇਗਾ, ਇਸ ਨਾਲ ਉਹ ਮੁੱਖ ਮੰਤਰੀ ਦੀ ਕੁਰਸੀ ਤਾਂ ਪਾ ਲਵੇਗਾ, ਜੇ ਸਰਕਾਰ ਦੀ ਗੱਲ ਨਹੀਂ ਮੰਨੇਗਾ ਤਾਂ ਜੇਲ੍ਹ ਵਿਚ ਹੀ ਰਹੇਗਾ। ਅੱਜ ਲਾਲਚੀ ਲੀਡਰਾਂ ਨੇ ਸਿੱਖ ਕੌਮ ਵਿੱਚ ਕੁਰਸੀਆਂ ਤੇ ਚੌਧਰਾਂ ਦਾ ਤੇ ਪੈਸੇ ਦਾ ਲਾਲਚ ਭਰ ਦਿੱਤਾ ਹੈ, ਸਿੱਖ ਕਮਲੇ ਹੋਏ ਫਿਰਦੇ ਨੇ ਤੇ ਕਾਤਲ ਲੋਕਾਂ ਨੂੰ ਕੁਰਸੀਆਂ ਖਾਤਰ ਕੁੜੀਆਂ ਦੇ ਰਿਸ਼ਤੇ ਦੇਣ ਲਈ ਤਿਆਰ ਹਨ। ਲੀਡਰਾਂ ਨੇ ਜੋ ਕੌਮ ਦੀ ਹਾਲਤ ਕਰ ਦਿੱਤੀ ਹੈ ਉਸ ਨਾਲ ਕੌਮ ਗੁਲਾਮੀ ਨੂੰ ਪਸੰਦ ਕਰਨ ਲੱਗ ਪਈ ਹੈ। ਭਾਜਪਾ ਦਾ ਪੰਜਾਬ ਵਿੱਚ ਜਾਲ ਵਿਛਾਉਣਾ, ਦਮਦਮੀ ਟਕਸਾਲ ਦੇ ਹੈਡ ਕੁਆਰਟਰ ਮਹਿਤਾ ਨੂੰ ਬੁੱਕਲ ਵਿੱਚ ਲੈ ਲੈਣਾ, ਇਹ ਮਾੜੇ ਲੱਛਣ ਕੌਮ ਨੂੰ ਹੋਰ ਗੁਲਾਮੀ ਵੱਲ ਧੱਕ ਦੇਣਗੇ। ਅੱਜ-ਕੱਲ ਲੋਕ ਆਪਣੀ ਜ਼ਮੀਰ ਆਟਾ, ਦਾਲ, ਤੇਲ, ਸ਼ਰਾਬ ਦੀ ਬੋਤਲ ਅਤੇ ਪੈਸਿਆਂ ਉੱਤੇ ਵੇਚ ਰਹੇ ਹਨ। ਪਰ ਨਾਮ ਅਭਿਆਸ ਵਾਲੇ ਸਿੰਘਾਂ ਅਤੇ ਸ਼ਹੀਦਾਂ ਦੀਆਂ ਕਮਾਈਆਂ ਅਜਾਈ ਨਹੀਂ ਜਾਣਗੀਆਂ, ਇਕ ਦਿਨ ਜੁੱਗ ਪਲਟ ਦੇਣਗੀਆਂ, ਕੌਮ ਨੂੰ ਆਜ਼ਾਦ ਸਿਰਫ ਸੂਰਮੇ ਹੀ ਕਰਵਾ ਸਕਦੇ ਹਨ, ਕੁਰਸੀ ਦੇ ਭੁੱਖੇ ਆਗੂਆਂ ਨੇ ਕੁਝ ਨਹੀਂ ਕਰਨਾ। ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੀ ਦਿਲ ਦੀ ਏਜੰਸੀਆਂ ਦੇ ਅਧੀਨ ਹੈ, ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕਰਨ ਲਈ ਪੰਥ ਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ, ਸਾਰਾ ਪੰਜਾਬ ਮਿਲਟਰੀ ਛਾਉਣੀਆਂ ਦੇ ਅਧੀਨ ਹੈ, ਕੰਡਿਆਲੀਆਂ ਤਾਰਾਂ ਲਾ ਕੇ ਪੰਜਾਬ ਨੂੰ ਚੰਗੀ ਤਰ੍ਹਾਂ ਜਕੜਿਆ ਹੋਇਆ ਹੈ। ਜੇ ਪਿੰਜਰੇ ਵਾਲਾ ਤੋਤਾ ਮੁੱਖ ਮੰਤਰੀ ਦੀ ਕੁਰਸੀ ਲੈ ਵੀ ਲਵੇਗਾ ਤਾਂ ਪਿੰਜਰਾ ਮੋਦੀ ਕੋਲ ਹੀ ਰਹਿਣਾ ਹੈ, ਅੰਦਰ ਖੰਭ ਮਾਰੀ ਜਾਵੇਗਾ। ਜਿਹੜੇ ਬੰਦੀ ਸਿੰਘਾਂ ਨੇ 30-35 ਸਾਲ ਜੇਲ੍ਹ ਵਿੱਚ ਲੰਘਾ ਦਿੱਤੇ ਉਹਨਾਂ ਨੂੰ ਸਿਆਸੀ ਕੁਰਸੀ ਦਾ ਕੋਈ ਲਾਲਚ ਨਹੀਂ ਹੈ, ਐਸੇ ਸੂਰਮਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਹੈ ਤੇ ਅਜਿਹੇ ਯੋਧੇ ਹੀ ਕੌਮ ਦੀ ਝੋਲੀ ਵਿੱਚ ਕੁਝ ਪਾ ਸਕਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.