ਦਿੱਲੀ ਦੀ ਮੰਡੋਲੀ ਜੇਲ੍ਹ 'ਚ ਨਜ਼ਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਦੇਵੇ ਸਰਕਾਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਦਿੱਲੀ ਦੀ ਮੰਡੋਲੀ ਜੇਲ੍ਹ 'ਚ ਨਜ਼ਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਦੇਵੇ ਸਰਕਾਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਚੰਡੀਗੜ੍ਹ, 14 ਅਗਸਤ (ਕੁਲਵਿੰਦਰ ਸਿੰਘ ਚੰਦੀ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬੀਬੀ ਨਰਿੰਦਰ ਕੌਰ ਬਜ਼ੁਰਗ ਉਮਰ ਅਤੇ ਬਿਮਾਰ ਹਲਾਤਾਂ ਵਿੱਚ ਆਪਣੇ ਪੁੱਤ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ। ਕੇਂਦਰ ਦੀ ਭਾਜਪਾ ਸਰਕਾਰ ਸਮੇਂ ਸਮੇਂ ਉੱਤੇ ਸਿੱਖਾਂ ਨੂੰ ਭਰਮਾਉਣ ਅਤੇ ਵਰਗਲਾਉਣ ਲਈ ਸਿੱਖਾਂ ਅਤੇ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਰ ਉਹ ਭੁਗਤਦੀ ਸਿੱਖਾਂ ਅਤੇ ਪੰਜਾਬ ਖਿਲਾਫ ਹੈ। ਉਹਨਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ ਜਿਸ ਕਰਕੇ ਸਿੱਖਾਂ ਦੇ ਵਿੱਚ ਭਾਰੀ ਰੋਹ ਅਤੇ ਰੋਸ ਹੈ। ਉਹਨਾਂ ਕਿਹਾ ਕਿ 15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਵਿਸ਼ਾਲ ਮਾਰਚ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੜ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਭਾਈ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਹੈ ਜਿਸ 'ਤੇ ਅਮਲ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਦੇ ਇੱਕ ਦਿਨ ਅਤੇ ਕਦੇ ਦੋ ਘੰਟੇ ਦੀ ਪੈਰੋਲ ਦਾ ਕਹਿ ਕੇ ਸਰਕਾਰ ਆਨਾਕਾਨੀ ਨਾ ਕਰੇ, ਦਿੱਲੀ ਤੋਂ ਪੰਜਾਬ ਆਉਣ-ਜਾਣ ਉੱਤੇ ਹੀ ਇੱਕ ਦਿਨ ਲੰਘ ਜਾਂਦਾ ਹੈ ਤੇ ਇੱਕ ਦਿਨ ਵਾਲੀ ਦੋ ਘੰਟਿਆਂ ਦੀ ਪੈਰੋਲ ਇੱਕ ਮਜ਼ਾਕ ਹੀ ਹੋਵੇਗੀ ਜਿਸ ਕਰਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਇੱਕ ਦਿਨ ਦੀ ਪੈਰੋਲ ਲਈ ਨਾ ਕਰ ਦਿੱਤੀ ਹੈ। ਸਿੱਖ ਕੌਮ ਦੀ ਆਵਾਜ਼ ਨੂੰ ਸੁਣਦਿਆਂ ਭਾਈ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੈਰੋਲ ਮਿਲਣ ਤੋਂ ਪਹਿਲਾਂ ਹੀ ਵਧਾਈਆਂ ਦੇਣੀਆਂ ਅਤੇ ਸਰਕਾਰ ਦਾ ਧੰਨਵਾਦ ਕਰੀ ਜਾਣਾ ਇਹ ਭੇਖੀ ਚਾਪਲੂਸ ਆਗੂਆਂ ਦਾ ਮਾੜਾ ਵਰਤਾਰਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਬੜੀ ਬੇਸਬਰੀ ਨਾਲ ਆਪਣੇ ਮਹਿਬੂਬ ਆਗੂ, ਕੌਮੀ ਨਾਇਕ ਅਤੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੇਲ੍ਹੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਮਾਂ-ਪੁੱਤ ਦੀ ਮਿਲਣੀ ਵਿੱਚ ਵੀ ਸਰਕਾਰ ਵੱਡੀ ਦੀਵਾਰ ਬਣੀ ਹੋਈ ਹੈ, ਜਿਸ ਦੇ ਟੁੱਟਣ ਦੀ ਹਰ ਇੱਕ ਨੂੰ ਉਡੀਕ ਹੈ। ਕੇਂਦਰ ਵਿੱਚ ਕਾਬਜ ਭਾਜਪਾ ਸਰਕਾਰ ਦੇ ਪੰਥ ਵਿਰੋਧੀ ਰਵੱਈਏ ਕਰਕੇ ਬੰਦੀ ਸਿੰਘਾਂ ਦੇ ਬਾਹਰ ਆਉਣ ਦੀ ਉਡੀਕ ਮੁੱਕ ਹੀ ਨਹੀਂ ਰਹੀ, ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ਼ ਮੋਰਚਾ ਵੀ ਚੱਲ ਰਿਹਾ ਹੈ। ਜੇ ਭਾਜਪਾ ਚਾਹੇ ਤਾਂ ਇੱਕ ਦਿਨ ਵਿੱਚ ਹੀ ਸਾਰੇ ਬੰਦੀ ਸਿੰਘ ਰਿਹਾਅ ਹੋ ਸਕਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਭਾਈ ਹਵਾਰਾ ਦੀ ਰਿਹਾਈ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਨੂੰ ਅੱਜ ਤੱਕ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਗਈ। ਸਮੁੱਚਾ ਖਾਲਸਾ ਪੰਥ ਸਮੇਂ-ਸਮੇਂ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਅਤੇ ਸੰਘਰਸ਼ ਕਰਦਾ ਆ ਰਿਹਾ ਹੈ ਪਰ ਹਕੂਮਤ ਬਜ਼ਿੱਦ ਹੈ ਕਿ ਬੰਦੀ ਸਿੰਘਾਂ ਨੂੰ ਕੋਈ ਰਾਹਤ ਨਹੀਂ ਦੇਣੀ। ਆਪਣੇ ਪੁੱਤਰਾਂ ਨੂੰ ਮਿਲਣ ਲਈ ਪਤਾ ਨਹੀਂ ਕਿੰਨੀਆਂ ਕੁ ਮਾਂਵਾਂ ਤੜਫਦੀਆਂ ਹੋਈਆਂ ਸੰਸਾਰ ਤੋਂ ਚਲੇ ਗਈਆਂ ਪਰ ਹਕੂਮਤ ਦਾ ਸਿੱਖਾਂ ਪ੍ਰਤੀ ਨਜ਼ਰੀਆ ਨਾ ਬਦਲਿਆ। ਇਹ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਨਫ਼ਰਤ, ਦੁਸ਼ਮਣੀ, ਕਰੂਰਤਾ, ਬੇਗਾਨਾਪਨ ਅਤੇ ਅਕ੍ਰਿਤਘਣਤਾ ਹੈ। ਭਾਜਪਾ ਨੂੰ ਸਮਰਥਨ ਕਰਨ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਸੋਹਿਲੇ ਗਾਉਣ ਵਾਲੇ ਕੁਝ ਧਾਰਮਿਕ ਅਤੇ ਸਿਆਸੀ ਆਗੂ ਇਹ ਦਾਅਵੇ ਕਰਦੇ ਰਹੇ ਕਿ ਅਸੀਂ ਸਾਰੇ ਬੰਦੀ ਸਿੰਘਾਂ ਨੂੰ ਪਲਾਂ ਵਿੱਚ ਹੀ ਰਿਹਾਅ ਕਰਵਾ ਲਵਾਂਗੇ ਤੇ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਕਰਵਾ ਲਵਾਂਗੇ। ਪਰ ਹੁਣ ਜਦੋਂ ਭਾਈ ਹਵਾਰਾ ਦੇ ਬਿਮਾਰ ਮਾਤਾ ਜੀ, ਵੀਲ੍ਹ ਚੇਅਰ 'ਤੇ ਬੈਠ ਕੇ ਬੰਦ ਅੱਖਾਂ ਨਾਲ ਆਪਣੇ ਪੁੱਤ ਨੂੰ ਵੇਖਣ ਲਈ 'ਜਗਤਾਰ-ਜਗਤਾਰ' ਕਰ ਰਹੇ ਹਨ ਤਾਂ ਇਹਨਾਂ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਉਸ ਮਾਂ ਦਾ ਇਹ ਹੋਕਾ ਕਿਉਂ ਨਹੀਂ ਸੁਣ ਰਿਹਾ, ਇਹ ਕਿਹੜੇ ਭੌਰਿਆਂ ਵਿੱਚ ਵੜ ਗਏ ਹਨ ? ਸਿਆਸੀ ਆਗੂਆਂ ਨੇ ਵੀ ਕੇਵਲ ਆਪਣੀਆਂ ਰੋਟੀਆਂ ਸੇਕ ਲਈਆਂ ਹਨ, ਕਿਸੇ ਨੇ ਸਿਆਸੀ ਅਹੁਦੇ ਲੈ ਲਏ ਤੇ ਕਿਸੇ ਨੇ ਨਿੱਜੀ ਕੰਮ ਕਢਵਾ ਲਏ। ਸਾਡੇ ਜੁਝਾਰੂ ਸਿੰਘਾਂ ਨੂੰ 30-30 ਸਾਲ ਤੋਂ ਵੱਧ ਜੇਲ੍ਹਾਂ ਕਟਵਾ ਕੇ ਵੀ ਹਕੂਮਤ ਦਾ ਢਿੱਡ ਨਹੀਂ ਭਰਿਆ ਤੇ ਅਜੇ ਵੀ ਕਾਨੂੰਨ ਅਤੇ ਸੰਵਿਧਾਨ ਤੋਂ ਉਲਟ ਜਾ ਕੇ ਬੰਦੀ ਸਿੰਘਾਂ ਉੱਤੇ ਸ਼ਿਕੰਜਾ ਕੱਸਿਆ ਹੋਇਆ ਹੈ। ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਉਲਟਾ ਭਾਈ ਜਗਤਾਰ ਸਿੰਘ ਜੱਗੀ ਜੋਹਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਸਮੇਤ ਹੋਰ ਕਈ ਸਿੱਖਾਂ ਨੂੰ ਬੰਦੀ ਬਣਾਇਆ ਜਾ ਚੁੱਕਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.