ਪੰਥ ਤੋਂ ਵਿੱਛੜੀ ਅਕਾਲੀ ਸਿਆਸਤ ਆਪਣੀ ਰੂਹ ਗਵਾ ਬੈਠੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਪੰਥ ਤੋਂ ਵਿੱਛੜੀ ਅਕਾਲੀ ਸਿਆਸਤ ਆਪਣੀ ਰੂਹ ਗਵਾ ਬੈਠੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਪੰਥਕ ਧਿਰਾਂ ਪੰਥ ਤੇ ਪੰਜਾਬ ਲਈ ਇੱਕ ਮੰਚ ’ਤੇ ਇਕੱਠੀਆਂ ਹੋਣ 

ਅੰਮ੍ਰਿਤਸਰ, 30 ਸਤੰਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਤਾਕਤ ਉਸ ਦਾ ਪੰਥਕ ਕਿਰਦਾਰ ਸੀ, ਪਰ ਬਾਦਲ ਪਰਿਵਾਰ ਦੀ ਅਗਵਾਈ ਹੇਠ ਨਿੱਜੀ ਸੱਤਾ, ਪਰਿਵਾਰਕ ਹਿੱਤਾਂ ਅਤੇ ਸਿਆਸੀ ਸਮਝੌਤਿਆਂ ਨੂੰ ਪੰਥਕ ਸਿਧਾਂਤਾਂ ਉੱਤੇ ਤਰਜੀਹ ਦੇਣ ਕਾਰਨ ਅਕਾਲੀ ਰਾਜਨੀਤੀ ਦੀ ਭਰੋਸੇਯੋਗਤਾ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨਾਲ ਜੁੜਿਆ ਵਿਵਾਦ, ਉਸ ਨੂੰ ਦਿੱਤੀ ਗਈ ਵਿਵਾਦਤ ਮਾਫ਼ੀ, ਉਸ ਫ਼ੈਸਲੇ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰਾਂ ਉੱਤੇ ਕੀਤਾ ਗਿਆ ਵੱਡਾ ਖ਼ਰਚ ਅਤੇ 2015 ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਇਨਸਾਫ਼ ਮੰਗ ਰਹੀਆਂ ਸਿੱਖ ਸੰਗਤਾਂ ਉੱਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਕਾਰਵਾਈ ਅਜਿਹੇ ਅਧਿਆਇ ਹਨ, ਜਿਨ੍ਹਾਂ ਨੇ ਪੰਥਕ ਮਨਾਂ ਉੱਤੇ ਡੂੰਘੇ ਜ਼ਖ਼ਮ ਛੱਡੇ। ਇਨ੍ਹਾਂ ਘਟਨਾਵਾਂ ਕਾਰਨ ਪੈਦਾ ਹੋਇਆ ਰੋਸ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਅਸਲ ਪੂੰਜੀ ਨਾ ਸੱਤਾ ਸੀ, ਨਾ ਧਨ ਅਤੇ ਨਾ ਹੀ ਸਰਕਾਰੀ ਰੁਤਬਾ। ਉਸ ਦੀ ਅਸਲ ਪੂੰਜੀ ਪੰਥ ਦਾ ਵਿਸ਼ਵਾਸ ਸੀ। ਜਦੋਂ ਕਿਸੇ ਪੰਥਕ ਜਥੇਬੰਦੀ ਵਿੱਚੋਂ ਸਿਧਾਂਤ ਅਤੇ ਪੰਥਕ ਸਰੋਕਾਰ ਮਨਫ਼ੀ ਹੋ ਜਾਣ ਤਾਂ ਉਸ ਦਾ ਕੇਵਲ ਨਾਮ ਬਾਕੀ ਰਹਿ ਜਾਂਦਾ ਹੈ, ਰੂਹ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਿੱਖ ਸੰਸਥਾ ਨੂੰ ਕਿਸੇ ਇੱਕ ਪਰਿਵਾਰ ਜਾਂ ਸਿਆਸੀ ਧੜੇ ਦੇ ਪ੍ਰਭਾਵ ਦੀ ਥਾਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਅਤੇ ਗੁਰਮਤਿ ਸਿਧਾਂਤਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਸਿੱਖ ਸੰਸਥਾਵਾਂ ਦੀ ਮਰਯਾਦਾ, ਖ਼ੁਦਮੁਖ਼ਤਿਆਰੀ ਅਤੇ ਜਮਹੂਰੀ ਸਰੂਪ ਦੀ ਰਾਖੀ ਸਮੁੱਚੇ ਪੰਥ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਪੰਥਕ ਅਕਾਲੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ, ਮਿਸਲ ਸਤਲੁਜ, ਯੂਨਾਈਟਿਡ ਅਕਾਲੀ ਦਲ, ਆਜ਼ਾਦ ਗਰੁੱਪ ਅਤੇ ਕੁਝ ਹੋਰ ਪੰਥਕ ਜਥੇਬੰਦੀਆਂ ਮੈਦਾਨ ਵਿੱਚ ਹਨ ਅਤੇ ਸਮੇਂ ਦੀ ਲੋੜ ਹੈ ਕਿ ਉਹ ਨਿੱਜੀ ਹਉਮੈ, ਧੜੇਬੰਦੀ ਅਤੇ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਬੁਨਿਆਦੀ ਹਿੱਤਾਂ ਲਈ ਸਾਂਝਾ ਮੰਚ ਉਸਾਰਨ। ਪੰਜਾਬ ਦੀ ਰਾਜਨੀਤੀ ਨੂੰ ਦਿੱਲੀ-ਕੇਂਦਰਿਤ ਸਿਆਸੀ ਹਿੱਤਾਂ ਦੀ ਥਾਂ ਪੰਜਾਬ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਸੀ ਹੱਕਾਂ ਦੇ ਏਜੰਡੇ ਦੁਆਲੇ ਕੇਂਦਰਿਤ ਕਰਨ ਦੀ ਲੋੜ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਕਿਸੇ ਇਤਿਹਾਸਕ ਸੰਸਥਾ ਦਾ ਅੰਤ ਨਹੀਂ ਚਾਹੁੰਦੀ, ਸਗੋਂ ਉਸ ਦੀ ਸਿਧਾਂਤਕ ਪੁਨਰ-ਸੁਰਜੀਤੀ ਚਾਹੁੰਦੀ ਹੈ। ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਵਿਰਾਸਤ ਵਿੱਚੋਂ ਜਨਮਿਆ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹਿਣਾ ਚਾਹੀਦਾ ਹੈ, ਪਰ ਉਸ ਦੀ ਪਛਾਣ ਬਾਦਲ ਦਲ ਜਾਂ ਕਿਸੇ ਹੋਰ ਪਰਿਵਾਰਵਾਦ ਨਾਲ ਨਹੀਂ ਬਲਕਿ ਪੰਥਕ ਸਿਧਾਂਤਾਂ, ਕੁਰਬਾਨੀ, ਨਿਰਸਵਾਰਥ ਸੇਵਾ ਅਤੇ ਪੰਜਾਬ ਦੇ ਹੱਕਾਂ ਤੇ ਕੌਮੀ ਅਜ਼ਾਦੀ ਦੇ ਨਿਸ਼ਾਨੇ ਦੀ ਪਹਿਰੇਦਾਰੀ ਨਾਲ ਹੋਣੀ ਚਾਹੀਦੀ ਹੈ। ਪੰਥ ਨੂੰ ਅੱਜ ਵਿਅਕਤੀਆਂ ਦੀ ਨਹੀਂ, ਸਿਧਾਂਤਾਂ ਦੀ ਅਗਵਾਈ ਦੀ ਲੋੜ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.