ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦੀ ਯਾਦ 'ਚ ਕਰਵਾਏ ਸਮਾਗਮ 'ਚ ਬੁਲਾਰਿਆਂ ਨੇ ਪੰਥ ਤੇ ਪੰਜਾਬ ਦੇ ਅਜੋਕੇ ਹਲਾਤਾਂ ਅਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਕੀਤੀਆਂ ਗੰਭੀਰ ਵਿਚਾਰਾਂ
- ਧਾਰਮਿਕ/ਰਾਜਨੀਤੀ
- 15 May, 2026 12:49 PM (Asia/Kolkata)
ਅੰਮ੍ਰਿਤਸਰ, 15 ਮਈ , ਨਜ਼ਰਾਨਾ ਟਾਈਮਜ ਬਿਊਰੋ- ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ 14 ਮਈ 1988 ਨੂੰ ਸ਼ਹੀਦੀ ਪਾਉਣ ਵਾਲੇ ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਪਿੰਡ ਗਗਨੌਲੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖ਼ਾਲਸਈ ਜਾਹੋ ਜਲਾਲ ਨਾਲ ਕਰਵਾਇਆ ਗਿਆ ਜਿਸ ਵਿੱਚ ਗੁਰਬਾਣੀ ਪਾਠ, ਕੀਰਤਨ, ਕਥਾ, ਪ੍ਰਚਾਰ ਤੇ ਕਵੀਸ਼ਰੀ ਵਾਰਾਂ ਰਾਹੀਂ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਿੱਖ ਏਡ ਅਸਟਰੀਆ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਪੰਮਾ, ਗ੍ਰੰਥੀ ਭਾਈ ਅੰਗਰੇਜ਼ ਸਿੰਘ ਦਮਦਮੀ ਟਕਸਾਲ, ਮਿਸਲ ਪੰਜਆਬ ਦੇ ਭਾਈ ਗੁਰਪ੍ਰੀਤ ਸਿੰਘ ਖੁੱਡਾ, ਆਵਾਜ਼ ਏ ਕੌਮ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਭਾਈ ਰਣਵੀਰ ਸਿੰਘ ਬੈਂਸਤਾਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੀਬੀ ਕੁਲਵਿੰਦਰ ਕੌਰ ਤੁਗਲਵਾਲਾ, ਗੁਰਦੁਆਰਾ ਬਾਬਾ ਨਿਧਾਨ ਸਿੰਘ ਦੇ ਸੇਵਾਦਾਰ ਭਾਈ ਰਣਜੋਧ ਸਿੰਘ, ਐਡਵੋਕੇਟ ਭਾਈ ਹਰਦੇਵ ਸਿੰਘ, ਬਾਪੂ ਸੇਵਾ ਸਿੰਘ, ਭਾਈ ਕਰਨੈਲ ਸਿੰਘ ਘੋੜੇਬਾਹਾ ਤੇ ਭਾਈ ਅਵਤਾਰ ਸਿੰਘ ਬਡਾਲਾ ਮਾਹੀ ਨੇ ਸਿੱਖ ਸੰਘਰਸ਼ ਅਤੇ ਪੰਥ ਤੇ ਪੰਜਾਬ ਦੇ ਅਜੋਕੇ ਹਾਲਾਤਾਂ, ਮੁੱਦਿਆਂ ਅਤੇ ਭਵਿੱਖ ਬਾਰੇ ਵਿਚਾਰਾਂ ਦੀ ਸਾਂਝ ਪਾਈ। ਹਰੇਕ ਬੁਲਾਰੇ ਨੇ ਸੰਤ ਭਿੰਡਰਾਂਵਾਲਿਆਂ ਸਮੇਤ ਸਮੂਹ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਲਈ ਸੰਘਰਸ਼ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਸਮੁੱਚੀ ਕੌਮ ਨੂੰ ਸਿੱਖ ਪਛਾਣ ਉੱਤੇ ਮਾਣ ਕਰਨ ਅਤੇ ਇਸ ਨੂੰ ਬਚਾਉਣ ਲਈ ਸੁਚੇਤ ਕੀਤਾ। ਪੰਥਕ ਬੁਲਾਰਿਆਂ ਨੇ ਭਾਜਪਾ ਵਿੱਚ ਗਏ ਅਖੌਤੀ ਸਿੱਖ ਬਾਬਿਆਂ ਤੇ ਸਿਆਸੀ ਆਗੂਆਂ ਉੱਤੇ ਵੀ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅੱਜ ਦੁਨੀਆਂ ਦੀਆਂ ਨਜ਼ਰਾਂ ਪੰਜਾਬ ਉਤੇ ਟਿਕੀਆਂ ਹੋਈਆਂ ਹਨ, ਆਪਣੀ ਧਰਤੀ ਨੂੰ ਨਾ ਛੱਡੋ, ਜ਼ਮੀਨਾਂ ਨਾ ਵੇਚੋ, ਸਰਕਾਰਾਂ 'ਤੇ ਨਿਰਭਰ ਹੋਣ ਦੀ ਬਜਾਏ ਖ਼ੁਦ ਮਿਹਨਤਕਸ਼ ਬਣੋ, ਪੰਜਾਬ ਦੇ ਪਾਣੀ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਹੰਭਲਾ ਮਾਰੋ। ਆਗੂਆਂ ਨੇ ਕਿਹਾ ਕਿ ਕਾਂਗਰਸੀ, ਬਾਦਲਕੇ, ਭਾਜਪਾਈ ਤੇ ਝਾੜੂ ਵਾਲੇ ਪੰਥ ਅਤੇ ਪੰਜਾਬ ਦੇ ਹਿਤੈਸ਼ੀ ਨਹੀਂ ਹਨ, ਇਹਨਾਂ ਦੀ ਬਜਾਏ ਪੰਥ ਅਤੇ ਪੰਜਾਬ ਨੂੰ ਪ੍ਰਣਾਈਆਂ ਪੰਥਕ ਜਥੇਬੰਦੀਆਂ ਦਾ ਸਾਥ ਦਿੱਤਾ ਜਾਵੇ। ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦੇ ਪਿਤਾ ਜੀ ਬਾਪੂ ਸੇਵਾ ਸਿੰਘ, ਭਰਾ ਭਾਈ ਕਮਲਜੀਤ ਸਿੰਘ ਥਿਆੜਾ ਅਤੇ ਭਾਈ ਸੁਖਵਿੰਦਰ ਸਿੰਘ ਥਿਆੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦੇ ਪਰਿਵਾਰ ਨੇ 30 ਦੇ ਕਰੀਬ ਸ਼ਹੀਦ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ 5100 ਰੁਪਏ, ਸਿਰੋਪਾਓ ਅਤੇ ਭਾਈ ਹਰਪ੍ਰੀਤ ਸਿੰਘ ਪੰਮਾ ਦੀ ਲਿਖੀ ਕਿਤਾਬ 'ਕੋਈ ਦੇਸ ਨਾ ਸਾਡਾ' ਭੇਟ ਕਰਕੇ ਸਨਮਾਨਿਤ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ।
Leave a Reply