ਡਰੇਸਡਨ ਵਿੱਚ 24 ਅਗਸਤ ਨੂੰ ਪਹਿਲਾ ਨਗਰ ਕੀਰਤਨ, ਤਿਆਰੀਆਂ ਮੁਕੰਮਲ; ਸਾਧ ਸੰਗਤ ਵਿੱਚ ਭਾਰੀ ਉਤਸ਼ਾਹ — ਭਾਈ ਬਲਜੀਤ ਸਿੰਘ ਭੁੱਲਰ
- ਅੰਤਰਰਾਸ਼ਟਰੀ
- 22 Aug, 2026 08:10 AM (Asia/Kolkata)
ਲਾਇਪਸ਼ਿਗ, 22 ਅਗਸਤ (ਨਜ਼ਰਾਨਾ ਟਾਈਮਜ਼): ਅਕਾਲ ਪੁਰਖ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਜਰਮਨੀ ਦੀ ਸਟੇਟ ਸਾਕਸਨ ਦੀ ਰਾਜਧਾਨੀ ਡਰੇਸਡਨ ਵਿਖੇ 24 ਅਗਸਤ 2026, ਦਿਨ ਸੋਮਵਾਰ ਨੂੰ ਖ਼ਾਲਸਾਈ ਜਾਹੋ-ਜਲਾਲ ਅਤੇ ਨਗਾਰੇ ਦੀ ਚੋਟ ਨਾਲ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਇਤਿਹਾਸਕ ਨਗਰ ਕੀਰਤਨ ਨੂੰ ਲੈ ਕੇ ਸਮੂਹ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਨਗਰ ਕੀਰਤਨ ਪੂਰਬੀ ਜਰਮਨੀ ਦੀ ਸਮੂਹ ਸਾਧ ਸੰਗਤ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵੱਲੋਂ ਕਰਵਾਇਆ ਜਾ ਰਿਹਾ ਹੈ। ਨਗਰ ਕੀਰਤਨ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸਜਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਭੁੱਲਰ, ਭਾਈ ਜਗਜੀਤ ਸਿੰਘ ਰਮੀਦੀ, ਭਾਈ ਜਤਿੰਦਰ ਸਿੰਘ ਗੋਰਾਇਆ, ਰਵੀਸ਼ੇਰ ਸਿੰਘ ਪੁਨੂੰ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਨੂੰ ਸਫ਼ਲ ਬਣਾਉਣ ਲਈ ਪੂਰਬੀ ਜਰਮਨੀ ਦੇ ਸੱਤ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤ ਵੱਲੋਂ ਵੱਖ-ਵੱਖ ਸੇਵਾਵਾਂ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਸੇਵਾ-ਭਾਵਨਾ ਨਾਲ ਨਿਭਾਈਆਂ ਜਾ ਰਹੀਆਂ ਹਨ।
ਇਨ੍ਹਾਂ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਰੇਸਡਨ, ਗੁਰਦੁਆਰਾ ਗੁਰੂ ਰਾਮਦਾਸ ਜੀ ਡਰੇਸਡਨ, ਗੁਰਮਤਿ ਪ੍ਰਚਾਰ ਲਾਇਪਸ਼ਿਗ, ਗੁਰਦੁਆਰਾ ਸਿੰਘ ਸਭਾ ਕੈਮਨਿਟਸ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ, ਗੁਰਦੁਆਰਾ ਸਿੰਘ ਸਭਾ ਬਰਲਿਨ ਅਤੇ ਗੁਰਦੁਆਰਾ ਸਰਬੱਤ ਦਾ ਭਲਾ ਏਅਰਫੋਰਟ ਸ਼ਾਮਲ ਹਨ।
ਪ੍ਰਬੰਧਕਾਂ ਅਨੁਸਾਰ ਨਗਰ ਕੀਰਤਨ Altmarkt Dresden ਵਿਖੇ ਸੋਮਵਾਰ, 24 ਅਗਸਤ 2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਵੇਗਾ।
ਪ੍ਰਬੰਧਕ ਕਮੇਟੀ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਅਤੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।
Leave a Reply