ਪੰਜਾਬ ਤੇ ਚੰਡੀਗੜ੍ਹ ਦੇ ਪ੍ਰੋਫੈਸਰਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੋਲਿਆ ਮੋਰਚਾ, ਦਿਤੀ ਚੇਤਾਵਨੀ
- Archived
- (Asia/Kolkata)
ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ, ਐਫਲਿਏਟਿਡ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰਾਂ ਨੇ ਯੂਜੀਸੀ ਗ੍ਰੇਡ ਲਾਗੂ ਨਾ ਕੀਤੇ ਜਾਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ਼ੁੱਕਰਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਪੂਰੇ ਪੰਜਾਬ ਤੇ ਚੰਡੀਗੜ੍ਹ ਦੇ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਲਗਪਗ ਚਾਰ ਸਾਲਾਂ ਤੋਂ ਕਾਲਜ ਅਤੇ ਯੂਨੀਵਰਸਿਟੀ ਪ੍ਰੋਫੈਸਰ ਯੂਜੀਸੇ ਦੇ ਸੱਤਵੇਂ ਪੇ ਕਮਿਸ਼ਨ ਨੂੰ ਪੰਜਾਬ ਤੇ ਚੰਡੀਗੜ੍ਹ ਵਿਚ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ।ਪ੍ਰੋਫੈਸਰਾਂ ਨੇ ਸਾਫ਼ ਕਰ ਦਿੱਤਾ ਕਿ ਤੁਰੰਤ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਲਈ ਵੱਡੀ ਮੁਸ਼ਕਲ ਖੜ੍ਹੀ ਕਰਨਗੇ। ਕਾਫੀ ਲੰਮੇ ਸਮੇਂ ਬਾਅਦ ਕਾਲਜ ਅਤੇ ਯੂਨੀਵਰਸਿਟੀ ਪ੍ਰੋਫੈਸਰਾਂ ਨੇ ਇੰਨੇ ਵੱਡੇ ਪੱਧਰ ’ਤੇ ਮਹਾਰੈਲੀ ਕੀਤੀ ਹੈ।ਜ਼ਿਆਦਾਤਰ ਪ੍ਰੋਫੈਸਰ ਮਾਸ ਕੈਜੂਅਲ ਲੀਵ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਪਹੰਚੇ ਸਨ। ਸੈਕਟਰ 25 ਸਥਿਤ ਰੈਲੀ ਗਰਾਊਂਡ ’ਚ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਤੋਂ ਇਲਾਵਾ ਆਲ ਇੰਡੀਆ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਏਆਈਐੱਫਯੂਸੀਟੀਓ) ਅਤੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪੀਫੈਕਟੋ) ਸਮੇਤ ਪੰਜਾਬ ਤੇ ਚੰਡੀਗੜ੍ਹ ਕਾਲਜ ਯੂਨੀਵਰਸਿਟੀ ਨਾਲ ਸਬੰਧਤ ਸਾਰੀਆਂ ਐਸੋਸੀਏਸ਼ਨਾਂ ਨੇ ਇਕਜੁੱਟ ਹੋ ਕੇ ਰੈਲੀ ਵਿਚ ਹਿੱਸਾ ਲਿਆ।ਰੈਲੀ ਗਰਾਊਂਡ ’ਚ ਪੂਰੇ ਪੰਜਾਬ ਤੋਂ ਮਹਿਲਾ ਪ੍ਰੋਫੈਸਰ ਵੀ ਆਪਣੇ ਹੱਕਾਂ ਲਈ ਪਹੁੰਚੀਆਂ। ਪੰਜਾਬ ਯੂਨੀਵਰਸਿਟੀ ਤੋਂ ਪੁਟਾ ਪੈ੍ਜ਼ੀਡੈਂਟ ਡਾ. ਮ੍ਰਤੁਯੁੰਜਯ ਕੁਮਾਰ, ਸਕੱਤਰ ਅਮਰਜੀਤ ਸਿੰਘ ਨੋਰਾ ਅਤੇ ਪੀਫੈਕਟੋ ਸੈਕਰੇਟਰੀ ਡਾ. ਜਗਵੰਤ ਸਿੰਘ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਪ੍ਰੋਫੈਸਰਾਂ ਦੀ ਆਵਾਜ਼ ਉਠਾਈ। ਡਾ. ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰੋਫੈਸਰਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਉੱਚਿਤ ਫੈਸਲਾ ਨਹੀਂ ਲੈਂਦੀ, ਤਦ ਤਕ ਇਹ ਪ੍ਰਦਰਸ਼ਨ ਜਾਰੀ ਰਹੇਗਾ।ਡਾ. ਜਗਵੰਤ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਪ੍ਰੋਫੈਸਰਾਂ ਦੇ ਹੱਕ ਦੇਣੇ ਚਾਹੀਦੇ ਹਨ। ਰੈਲੀ ਵਿਚ ਪਟਿਆਲਾ ਯੂਨੀਵਰਸਿਟੀ ਤੋਂ ਪੁਟਾ ਪੈ੍ਜ਼ੀਡੈਂਟ ਡਾ. ਐੱਨਐੱਸ ਦਿਓਲ, ਜੀਸੀਟੀ ਪ੍ਰੈਜ਼ੀਡੈਂਟ ਡਾ. ਬੀਐੱਸ ਟੌਹੜਾ, ਪੀਸੀਸੀਟੀਯੂ ਜਨਰਲ ਸੈਕਰੇਟਰੀ ਡਾ. ਐੱਸਐੱਸ ਰੰਧਾਵਾ, ਪੀਸੀਸੀਟੀਯੂ ਪ੍ਰੈਜ਼ੀਡੈਂਟ ਡਾ. ਵਿਨੈ ਸੋਫਤ ਆਦਿ ਨੇ ਵੀ ਸੰਬੋਧਨ ਕੀਤਾ। ਪੰਜਾਬ ਭਰ ’ਚੋਂ ਆਏ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਗੁੱਸੇ ਨੂੰ ਦੇਖਦੇ ਹੋਏ ਪਹਿਲੀ ਵਾਰ ਪ੍ਰੋਫੈਸਰਾਂ ਦੀ ਰੈਲੀ ਵਿਚ ਇੰਨੀ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।