ਅਖੌਤੀ ਸਾਧ ਜੀਵਨ ਸਿੰਘ ਬਗੀਚੀ ਵਾਲੇ ਉੱਤੇ ਹੋਈ ਪੰਥਕ ਕਾਰਵਾਈ ਦੀ ਸ਼ਲਾਘਾ, ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਦੀ ਵੀ ਹੋਵੇ ਜਵਾਬਤਲਬੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਰਾਸ਼ਟਰੀ
- (Asia/Kolkata)
ਅੰਮ੍ਰਿਤਸਰ, 16 ਅਕਤੂਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਉੱਤੇ ਰੋਕ ਲਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਕਿ ਗਿਆਨੀ ਸ਼ੇਰ ਸਿੰਘ ਨਿਹੰਗ ਅੰਬਾਲੇ ਵਾਲੇ ਨੂੰ ਵੀ ਤਲਬ ਕਰਕੇ ਉਸ ਦੀ ਜਵਾਬਤਲਬੀ ਕੀਤੀ ਜਾਵੇ ਅਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਹੋਵੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਗਿਆਨੀ ਸ਼ੇਰ ਸਿੰਘ ਨਿਹੰਗ ਅੰਬਾਲੇ ਵਾਲੇ ਅਤੇ ਜੀਵਨ ਸਿੰਘ ਬਗੀਚੀ ਵਾਲੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਾਮਧਾਰੀ ਉਦੈ ਸਿੰਘ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਇਹ ਪ੍ਰਚਾਰਕ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਿਆਈ ਨਾਲ ਜੋੜਨ ਦੀ ਥਾਂ ਦੇਹਧਾਰੀ ਗੁਰੂਡੰਮ੍ਹ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਸਰਵਉੱਚਤਾ ਅਤੇ ਸਿੱਖੀ ਸਿਧਾਂਤਾਂ ਨਾਲ ਜੁੜੇ ਇਸ ਮਾਮਲੇ ਵਿੱਚ ਦੋਵਾਂ ਪ੍ਰਚਾਰਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਚਾਰਕਾਂ ਦਾ ਫ਼ਰਜ਼ ਸੰਗਤਾਂ ਨੂੰ ਗੁਰਮਤਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖੰਡੇ-ਬਾਟੇ ਦੇ ਅੰਮ੍ਰਿਤ ਨਾਲ ਜੋੜਨਾ ਹੈ। ਜੇ ਪ੍ਰਚਾਰਕ ਆਪ ਹੀ ਦੇਹਧਾਰੀ ਗੁਰੂ ਅਖਵਾਉਣ ਵਾਲਿਆਂ ਅੱਗੇ ਝੁਕਣ ਲੱਗ ਪੈਣ ਤਾਂ ਸੰਗਤਾਂ ਨੂੰ ਕੀ ਸੇਧ ਦੇਣਗੇ ? ਸੰਗਤਾਂ ਵੱਲੋਂ ਮਿਲੇ ਸਤਿਕਾਰ ਨੂੰ ਗੁਰੂਡੰਮ੍ਹ ਦੀ ਪ੍ਰਵਾਨਗੀ ਲਈ ਵਰਤਣਾ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਨਾਲ ਮੇਲ ਨਹੀਂ ਖਾਂਦਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਵੱਲੋਂ ਪਹਿਲਾਂ ਪ੍ਰੇਮਾਨੰਦ ਕੋਲ ਜਾ ਕੇ ਸ਼ਾਂਤੀ ਮੰਗਣ ਅਤੇ ਹੁਣ ਨਾਮਧਾਰੀ ਉਦੈ ਸਿੰਘ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਉਸ ਦੀਆਂ ਸਿਫ਼ਤਾਂ ਕਰਨ ਬਾਰੇ ਵੀ ਸਪੱਸ਼ਟੀਕਰਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਹੜਾ ਵਿਅਕਤੀ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੋਵੇ ਅਤੇ ਆਪਣੇ ਉੱਤੇ ਚੰਦੋਆ ਤੇ ਚੌਰ ਕਰਵਾਉਂਦਾ ਹੋਵੇ, ਉਸ ਦੀ ਵਡਿਆਈ ਕਰਨੀ ਸਿੱਖ ਪ੍ਰਚਾਰਕ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਅਨੁਸਾਰ ਅਜਿਹਾ ਵਰਤਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਗੁਰਿਆਈ ਦੇ ਸਿਧਾਂਤ ਦੇ ਉਲਟ ਹੈ।
ਉਨ੍ਹਾਂ ਗੁਰਬਾਣੀ ਦੀ ਵਿਆਖਿਆ ਨੂੰ ਹਿੰਦੂਤਵੀ ਵਿਚਾਰਧਾਰਾ ਅਨੁਸਾਰ ਢਾਲਣ ਅਤੇ ਸਾਹਿਬਜ਼ਾਦਿਆਂ ਨੂੰ ਦੇਵੀ-ਦੇਵਤਿਆਂ ਦੇ ਅਵਤਾਰ ਵਜੋਂ ਪੇਸ਼ ਕਰਨ ਉੱਤੇ ਵੀ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਮਹਾਨਤਾ ਉਨ੍ਹਾਂ ਦੇ ਸਿੱਖੀ ਸਿਦਕ, ਅਡੋਲ ਨਿਸ਼ਚੇ ਅਤੇ ਲਾਸਾਨੀ ਸ਼ਹਾਦਤ ਵਿੱਚ ਹੈ। ਉਨ੍ਹਾਂ ਨੂੰ ਅਵਤਾਰਵਾਦ ਨਾਲ ਜੋੜਨਾ ਉਨ੍ਹਾਂ ਦੀ ਵਡਿਆਈ ਕਰਨ ਦੀ ਥਾਂ ਸਿੱਖ ਇਤਿਹਾਸ ਅਤੇ ਗੁਰਮਤਿ ਦੀ ਵਿਲੱਖਣਤਾ ਨੂੰ ਧੁੰਦਲਾ ਕਰਦਾ ਹੈ।
ਭਾਈ ਰਣਜੀਤ ਸਿੰਘ ਨੇ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਸਬੰਧੀ ਦੋਸ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਹੋਵੇ ਅਤੇ ਸਿੱਖੀ ਤੋਂ ਤੋੜਨ ਵਾਲੇ ਪ੍ਰਚਾਰ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਪੰਥਕ ਸੇਧ ਦੇ ਕੇ ਸਬੰਧਤ ਪ੍ਰਚਾਰਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਆਖਿਆ, “ਪ੍ਰਚਾਰਕ ਭਾਵੇਂ ਕਿੰਨਾ ਵੀ ਮਸ਼ਹੂਰ ਹੋਵੇ, ਉਸ ਦੀ ਪ੍ਰਸਿੱਧੀ ਗੁਰਮਤਿ ਤੋਂ ਉੱਪਰ ਨਹੀਂ। ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦੇਣਾ ਹਰ ਪ੍ਰਚਾਰਕ ਦਾ ਪਹਿਲਾ ਫ਼ਰਜ਼ ਹੈ।
Leave a Reply