ਰੈਲੀ ਮਗਰੋਂ ਹਲਕੇ ’ਚ ਬਿੱਲਾ ਸ਼ੇਰੋਂ ਨੇ ਵਧਾਈ ਸਰਗਰਮੀ,ਨਿੱਜੀ ਦਫ਼ਤਰ ’ਚ ਰੋਜ਼ਾਨਾ ਲੋਕਾਂ ਤੇ ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ

ਰੈਲੀ ਮਗਰੋਂ ਹਲਕੇ ’ਚ ਬਿੱਲਾ ਸ਼ੇਰੋਂ ਨੇ ਵਧਾਈ ਸਰਗਰਮੀ,ਨਿੱਜੀ ਦਫ਼ਤਰ ’ਚ ਰੋਜ਼ਾਨਾ ਲੋਕਾਂ ਤੇ ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ

ਬਿਆਨਬਾਜ਼ੀ ਨਹੀਂ,ਲੋਕਾਂ ਨਾਲ ਰਾਬਤਾ ਤੇ ਕੰਮ ਕਰਵਾਉਣਾ ਮੇਰੀ ਪਹਿਲੀ ਤਰਜੀਹ : ਬਿੱਲਾ ਸ਼ੇਰੋਂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,18 ਸਤੰਬਰ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਦੇ ਨਾਲ ਹੁਣ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੇ ਪਤੀ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਰੋਜ਼ਾਨਾ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਪਿੰਡਾਂ ਵਿੱਚ ਲੋਕ ਮਿਲਣੀਆਂ ਤੋਂ ਬਾਅਦ ਹੁਣ ਦਫ਼ਤਰ ਵਿਖੇ ਪਹੁੰਚਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਜਨਤਕ ਮਸਲਿਆਂ ਨੂੰ ਸਬੰਧਤ ਪੱਧਰ ’ਤੇ ਉਠਾਉਣ ਲਈ ਬਿੱਲਾ ਸ਼ੇਰੋਂ ਵੱਲੋਂ ਸਮਾਂ ਦਿੱਤਾ ਜਾ ਰਿਹਾ ਹੈ।ਦਫ਼ਤਰ ਵਿੱਚ ਹੋ ਰਹੀਆਂ ਇਨ੍ਹਾਂ ਮੁਲਾਕਾਤਾਂ ਦੀਆਂ ਤਸਵੀਰਾਂ ਵੀ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਸ਼ੇਰੋਂ ਪਰਿਵਾਰ ਵੱਲੋਂ ਪਿਛਲੇ ਸਮੇਂ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰਾਂ ਅਤੇ ਆਮ ਲੋਕਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।ਪਾਰਟੀ ਦੇ ਪ੍ਰੋਗਰਾਮਾਂ ਅਤੇ ਵਰਕਰ ਮੀਟਿੰਗਾਂ ਵਿੱਚ ਵੀ ਪਰਿਵਾਰ ਦੀ ਸਰਗਰਮ ਹਾਜ਼ਰੀ ਰਹੀ ਹੈ।

ਲੋਕਾਂ ’ਚ ਰਹਿਣਾ ਹੀ ਰਾਜਨੀਤੀ ਦਾ ਮਕਸਦ’

ਗੱਲਬਾਤ ਕਰਦਿਆਂ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਸ਼ੇਰੋਂ ਪਰਿਵਾਰ ਲਈ ਰਾਜਨੀਤੀ ਦਾ ਮਤਲਬ ਲੋਕਾਂ ਵਿੱਚ ਰਹਿਣਾ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦੇ ਕੰਮਾਂ ਲਈ ਆਵਾਜ਼ ਉਠਾਉਣਾ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੋਕ ਮਿਲਣੀਆਂ ਦੇ ਨਾਲ ਦਫ਼ਤਰ ਵਿਖੇ ਵੀ ਹਰ ਰੋਜ਼ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ।

ਹਾਲ ਹੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਵਿੱਚ ਹਲਕਾ ਖਡੂਰ ਸਾਹਿਬ ਤੋਂ ਹੋਈ ਵੱਡੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਨਾਲ ਬਣੇ ਸੰਪਰਕ ਦੀ ਭੂਮਿਕਾ ਰਹੀ ਹੈ।ਉਨ੍ਹਾਂ ਕਿਹਾ ਕਿ ਰੈਲੀ ਤੋਂ ਬਾਅਦ ਵੀ ਵਰਕਰਾਂ ਨਾਲ ਤਾਲਮੇਲ ਅਤੇ ਜਨਤਕ ਮੁੱਦਿਆਂ ’ਤੇ ਕੰਮ ਕਰਨ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ।

ਪਛਾਣ ਬਿਆਨਬਾਜ਼ੀ ਨਾਲ ਨਹੀਂ,ਕੰਮ ਨਾਲ ਬਣਾਉਣਾ ਚਾਹੁੰਦਾ ਹਾਂ

ਬਿੱਲਾ ਸ਼ੇਰੋਂ ਨੇ ਕਿਹਾ, “ਮੈਂ ਜਿਨ੍ਹਾਂ ਲੋਕਾਂ ਵਿੱਚ ਵਿਚਰਦਾ ਹਾਂ,ਉਹ ਮੇਰੇ ਕਿਰਦਾਰ ਅਤੇ ਮੇਰੇ ਕੰਮ ਨੂੰ ਚੰਗੀ ਤਰ੍ਹਾਂ ਜਾਣਦੇ ਹਨ।ਮੈਂ ਆਪਣੀ ਪਹਿਚਾਣ ਕਿਸੇ ’ਤੇ ਕੀਤੀ ਬਿਆਨਬਾਜ਼ੀ ਨਾਲ ਨਹੀਂ,ਸਗੋਂ ਆਪਣੇ ਕੰਮਾਂ ਨਾਲ ਬਣਾਉਣਾ ਚਾਹੁੰਦਾ ਹਾਂ।”

ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕੇ ਵਿੱਚ ਉਨ੍ਹਾਂ ਦੀ ਸਰਗਰਮੀ ਦਾ ਕੇਂਦਰ ਸਿਆਸੀ ਬਿਆਨਬਾਜ਼ੀ ਦੀ ਬਜਾਏ ਲੋਕਾਂ ਨਾਲ ਸਿੱਧਾ ਸੰਪਰਕ,ਸਮੱਸਿਆਵਾਂ ਸੁਣਨਾ ਅਤੇ ਜਨਤਕ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਾ ਰਹੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.