ਗੁਰੂ ਕੇ ਸਿੱਖੋ! ਮਨਮਤਿ ਅਤੇ ਬਿਪਰਵਾਦ ਨੂੰ ਤਿਆਗੋ...
- ਅੰਤਰਰਾਸ਼ਟਰੀ
- 24 May, 2026 06:14 AM (Asia/Kolkata)
ਇਸ ਵਕਤ ਸਿੱਖ ਸਮਾਜ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੋਂ ਦੂਰ ਹੁੰਦਾ ਨਜ਼ਰ ਆ ਰਿਹਾ ਹੈ। ਸਿੱਖ ਪਰਿਵਾਰਾਂ ਵਿੱਚ ਮਨਮਤਿ ਅਤੇ ਬਿਪਰਵਾਦ ਦਾ ਪਸਾਰਾ ਵੱਧਦਾ ਜਾ ਰਿਹਾ ਹੈ, ਨਸ਼ਾ ਅਤੇ ਪਤਿਤਪੁਣਾ ਪੂਰੇ ਜ਼ੋਰਾਂ 'ਤੇ ਹੈ, ਐਸ਼ਪ੍ਰਸਤੀ ਅਤੇ ਅਸ਼ਲੀਲਤਾ ਵੀ ਹਰ ਘਰ ਵਿੱਚ ਵੜਦੀ ਜਾ ਰਹੀ ਹੈ ਤੇ ਇਸ ਵਰਤਾਰੇ ਨੂੰ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਗੁਰਮਤਿ ਕਿਤੇ ਖੰਭ ਲਾ ਕੇ ਉੱਡ ਗਈ ਹੋਵੇ। ਦਸ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਬਦ-ਗੁਰੂ ਦੇ ਸਿਧਾਂਤ ਨਾਲ ਜੋੜਿਆ ਸੀ ਪਰ ਇਸ ਦੇ ਬਾਵਜੂਦ ਵੀ ਬਹੁਤਾਂਤ ਸਿੱਖ ਦੇਹਧਾਰੀ ਗੁਰੂ-ਡੰਮ੍ਹ ਨਾਲ ਜੁੜੇ ਹੋਏ ਹਨ।
ਕਲਗੀਧਰ ਪਾਤਸ਼ਾਹ ਜੀ ਦਾ ਬਚਨ ਬੜਾ ਸਪਸ਼ਟ ਸੀ ਕਿ 'ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।' ਪਰ ਅੱਜ ਦਾ ਸਿੱਖ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦਾ ਹੈ, ਓਥੇ ਹੀ ਦੰਭੀਆਂ-ਪਖੰਡੀਆਂ, ਪੰਡਿਤਾਂ ਤੇ ਹੋਰ ਅਖੌਤੀ ਸਾਧ-ਬਾਬਿਆਂ ਨੂੰ ਵੀ ਮੰਨੀ ਜਾ ਰਿਹਾ ਹੈ। ਕਬਰਾਂ, ਮੜ੍ਹੀਆਂ-ਮਸਾਣਾਂ, ਪੀਰਾਂ ਦੇ ਮੇਲਿਆਂ ਵਿੱਚ ਸਿੱਖਾਂ ਦੀ ਹੀ ਭੀੜ ਨਜ਼ਰੀਂ ਆਉਂਦੀ ਹੈ। ਹਰ ਵੀਰਵਾਰ ਕਿਸੇ ਪੀਰ-ਫ਼ਕੀਰ ਦੀ ਮਟੀ ਉੱਤੇ ਤੇਲ ਚੜ੍ਹਾਉਣ ਲਈ ਲਾਈਨਾਂ ਵਿੱਚ ਸਭ ਤੋਂ ਵੱਧ ਸਿੱਖ ਹੀ ਲੱਗੇ ਹੁੰਦੇ ਨੇ, ਗੁੜ ਵਾਲੇ ਚੌਲਾਂ ਦੀਆਂ ਬਾਲਟੀਆਂ-ਪਰਾਤਾਂ ਭਰ ਕੇ ਪੜ੍ਹੀਆਂ-ਲਿਖੀਆਂ ਬੀਬੀਆਂ ਤੇ ਨੌਜਵਾਨ ਵੀ ਚਾਰ ਇੱਟਾਂ ਵਿੱਚ ਰੱਖੇ ਦੀਵੇ ਨੂੰ ਰੱਬ ਮੰਨ ਕੇ ਪੂਜ ਰਹੇ ਹੁੰਦੇ ਨੇ। ਪੀਰ ਸ਼ੇਖ ਫੱਤੇ ਵਾਲੀ ਜਗ੍ਹਾ ਉੱਤੇ ਪਿੰਡਾਂ ਦੇ ਲੋਕ ਖੀਰਾਂ ਦੇ ਟੱਬ ਭਰ-ਭਰ ਕੇ ਟਰਾਲੀਆਂ, ਗੱਡੀਆਂ ਤੇ ਬੱਸਾਂ 'ਤੇ ਅੰਨ੍ਹੀ ਸ਼ਰਧਾ-ਵੱਸ ਹੋ ਕੇ ਪਹੁੰਚਦੇ ਨੇ।
ਸੋਮਵਾਰ ਨੂੰ ਸ਼ਿਵ ਜੀ ਦੇ ਅਤੇ ਮੰਗਲਵਾਰ ਨੂੰ ਮਾਤਾ ਦੇ ਵਰਤ ਵੀ ਸਿੱਖ ਬੀਬੀਆਂ ਰੱਖ ਲੈਂਦੀਆਂ ਨੇ ਤੇ ਸਵੇਰੇ ਤੜਕਸਾਰ ਕੇਸ ਖੋਲ੍ਹ ਕੇ ਮੰਦਰਾਂ ਵੱਲ ਨੂੰ ਤੁਰੀਆਂ ਹੁੰਦੀਆਂ ਨੇ। ਸ਼ਨੀਵਾਰ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਨੀ ਮੰਦਰ ਦੇ ਅੱਗੇ ਜਦ ਪੱਗਾਂ ਵਾਲੇ ਵੇਖੀਦੇ ਹਨ ਤਾਂ ਸੋਚੀਦਾ ਹੈ ਕਿ ਕੀ ਇਹਨਾਂ ਸਿੱਖਾਂ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉੱਤੇ ਵਿਸ਼ਵਾਸ ਨਹੀਂ ਰਿਹਾ, ਇਹ ਕਿਉਂ ਭੁੱਲੇ-ਭਟਕੇ ਫਿਰਦੇ ਹਨ ? ਅਖ਼ਬਾਰਾਂ ਵਿੱਚ ਛਪਦੀਆਂ ਰਾਸ਼ੀਆਂ ਨੂੰ ਕਈ ਸਿੱਖ ਬੜੇ ਗਹੁ ਨਾਲ ਪੜ੍ਹਦੇ ਹਨ ਤੇ ਟੀ.ਵੀ. ਚੈਨਲਾਂ ਉੱਤੇ ਪੰਡਿਤਾਂ ਵੱਲੋਂ ਰਾਹੂ-ਕੇਤੂ ਦੇ ਚੱਕਰਾਂ ਨੂੰ ਬੀਬੀਆਂ ਨੀਝ ਲਾ ਕੇ ਸੁਣਦੀਆਂ-ਵੇਖਦੀਆਂ ਹਨ।
ਸਿੱਖਾਂ ਦੇ ਹੱਥਾਂ ਵਿੱਚ ਬ੍ਹਾਮਣ ਵੱਲੋਂ ਦੱਸੀਆਂ ਨਗਾਂ ਵਾਲੀਆਂ ਪਾਈਆਂ ਮੁੰਦਰੀਆਂ, ਗੁੱਟ ਉੱਤੇ ਲਾਲ ਧਾਗੇ, ਗਲ ਅਤੇ ਲੱਕ 'ਤੇ ਬੰਨ੍ਹੀਆ ਕਾਲ਼ੀਆਂ ਡੋਰੀਆਂ, ਦੁਕਾਨਾਂ ਉੱਤੇ ਟੰਗੇ ਮਿਰਚਾਂ-ਨਿੰਬੂ, ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ, ਮੂਰਤੀ ਪੂਜਾ, ਜਠੇਰਿਆਂ ਦੀ ਪੂਜਾ, ਸ਼ਿਵਲਿੰਗ ਦੀ ਪੂਜਾ, ਜੰਤਰ-ਮੰਤਰ, ਸ਼ਰਾਧ, ਅੰਧ-ਵਿਸ਼ਵਾਸ, ਫੋਕਟ ਕਰਮ-ਕਾਂਡ, ਟੇਵੇ, ਵਹਿਮ-ਭਰਮ, ਜਾਤ-ਗੋਤ, ਊਚ-ਨੀਚ ਮਾੜੇ-ਚੰਗੇ ਦਿਨਾਂ ਦੇ ਵਿਚਾਰ ਸਿੱਖਾਂ ਨੂੰ ਕਿੱਧਰ ਲੈ ਤੁਰੇ ਹਨ। ਗੁਰੂ ਸਾਹਿਬ ਨੇ ਹੁਕਮ ਕੀਤਾ ਸੀ 'ਜਬ ਲਗ ਖਾਲਸਾ ਰਹੈ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ। ਜਬ ਇਹ ਗਹੈ ਬਿਪਰਨ ਕੀ ਰੀਤ। ਮੈਂ ਨ ਕਰੂੰ ਇਨ ਕੀ ਪ੍ਰਤੀਤ।' ਪਰ ਅਸੀਂ ਕਿਉਂ ਸਿੱਖੀ ਵਿਚਾਰਧਾਰਾ, ਸਿਧਾਂਤ ਤੇ ਮਰਯਾਦਾ ਨੂੰ ਭੁੱਲ ਕੇ ਆਪਣਾ ਨਿਆਰਾਪਨ ਖ਼ਤਮ ਕਰਕੇ ਬ੍ਰਾਹਮਣੀ ਰੀਤਾਂ ਦੇ ਧਾਰਨੀ ਹੋ ਚੁੱਕੇ ਹਾਂ ?
ਵੱਡੇ-ਵੱਡੇ ਪੀਰ, ਫ਼ਕੀਰ, ਵਲੀ, ਮਹਾਤਮਾ, ਸੰਤ, ਸਾਧ, ਜੋਗੀ, ਜਤੀ, ਨਾਥ, ਸਿੱਧ, ਮੌਲਾਣੇ, ਪੰਡਿਤ, ਕਾਜ਼ੀ, ਜਾਦੂਗਰ ਸਾਡੇ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਢਹਿ ਪਏ ਸਨ ਪਰ ਜਦੋਂ ਅੱਜ ਦਾ ਸਿੱਖ ਕਿਸੇ ਪੰਡਿਤ ਨੂੰ ਹੱਥ ਵਿਖਾ ਰਿਹਾ ਹੋਵੇ, ਕਿਸੇ ਮੌਲਾਣੇ ਤੋਂ ਫਾਂਡਾ ਕਰਵਾ ਰਿਹਾ ਹੋਵੇ, ਕਿਸੇ ਰੋਡੇ ਸ਼ਾਹ ਦੀ ਜਗ੍ਹਾ ਉੱਤੇ ਸ਼ਰਾਬ ਚੜ੍ਹਾ ਰਿਹਾ ਹੋਵੇ, ਡੇਰਾ ਸਿਰਸਾ ਜਾਂ ਰਾਧਾ ਸੁਆਮੀ ਤੇ ਅਜਿਹੇ ਹੋਰ ਡੇਰਿਆਂ ਦੇ ਸੋਹਿਲੇ ਗਾ ਰਿਹਾ ਹੋਵੇ ਤਾਂ ਕੀ ਉਹ ਸਿੱਖ ਕਹਿਲਾਉਣ ਦਾ ਹੱਕਦਾਰ ਰਹਿ ਜਾਂਦਾ ਹੈ ? 'ਰਹਿਤ ਬਿਨਾਂ ਨਹਿ ਸਿੱਖ ਕਹਾਵੈ। ਰਹਿਤ ਬਿਨਾਂ ਦਰਿ ਚੋਟਾਂ ਖਾਵੈ।' ਇਸ ਲਈ ਜਦੋਂ ਕੋਈ ਵੀ ਸਿੱਖ ਗੁਰਦੁਆਰੇ ਸਾਹਿਬ ਜਾਂਦਾ ਹੈ ਤਾਂ ਉਹ ਗੁਰੂ ਸਾਹਿਬ ਦੇ ਕੋਲ ਬਿਬੇਕ ਬੁੱਧੀ ਅਤੇ ਸਿੱਖੀ ਦੀ ਦਾਤ ਜ਼ਰੂਰ ਮੰਗਿਆ ਕਰੇ ਕਿਉਂਕਿ ਇਕੱਲਾ ਭੇਖ ਧਾਰਨ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣਾ ਵੀ ਜ਼ਰੂਰੀ ਹੈ।
ਅੱਜ ਕਹਿਣਾ ਪਏਗਾ ਕਿ 'ਗੁਰਮਤਿ ਮਾਰਗ ਤੋਂ ਥਿੜਕਿਆ ਸਿੱਖ ਆਲਮ, ਵੇਖੋ ਕਿੱਧਰ ਨੂੰ ਕਰੀ ਇਹ ਧਾਈ ਜਾਂਦਾ, ਪੂਜਾ ਇੱਕ ਅਕਾਲ ਦੀ ਛੱਡ ਕੇ ਤੇ, ਕਰਮ-ਕਾਂਡਾਂ ਵਿੱਚ ਸਮਾਂ ਬਿਤਾਈ ਜਾਂਦਾ, ਚੌਂਕੀ ਭਰੇ ਕੋਈ ਡੇਰੇ ਵਡਭਾਗ ਸਿਹੁੰ ਦੀ, ਕੋਈ ਦੇਵੀ ਦੀ ਜੋਤ ਜਗਾਈ ਜਾਂਦਾ, ਕੋਈ ਲੱਖਾਂ ਦੇ ਦਾਤੇ ਦੀ ਕਰੇ ਪੂਜਾ, ਕੋਈ ਤੇਲ ਚਿਰਾਗਾਂ ਵਿੱਚ ਪਾਈ ਜਾਂਦਾ, ਪੀਵੇ ਰੋਡੇ ਦਾ ਕੋਈ ਪ੍ਰਸ਼ਾਦ ਕੌੜਾ, ਸ਼ੇਖ ਫੱਤੇ ਕੋਈ ਖੀਰ ਚੜ੍ਹਾਈ ਜਾਂਦਾ, ਕੋਈ ਆਸ਼ੂਤੋਸ਼ ਪਖੰਡੀ ਨੂੰ ਟੇਕੇ ਮੱਥੇ, ਕੋਈ ਸਿਰਸੇ ਵਾਲੇ ਨੂੰ ਬਾਪ ਬਣਾਈ ਜਾਂਦਾ, ਕੋਈ ਭਨਿਆਰੇ ਵਾਲੇ ਬਿੱਜੂ ਨੂੰ ਕਹੇ ਬਾਬਾ, ਕੋਈ ਰਾਧਾ ਸੁਆਮੀ ਤੇ ਪੰਡਿਤਾਂ ਦੇ ਸੋਹਿਲੇ ਗਾਈ ਜਾਂਦਾ, ਪੰਥ ਖ਼ਾਲਸਾ ਜੀ ਗੁਰੂ ਦੀ ਮੱਤ ਬਾਝੋਂ, ਬੰਦਾ ਹਨੇਰੇ ਵਿੱਚ ਠੋਕਰਾਂ ਖਾਈ ਜਾਂਦਾ।
ਗੁਰਬਾਣੀ ਅਨੁਸਾਰ ਗੁਰੂ ਦੇ ਹੁਕਮ ਉੱਤੇ ਪਹਿਰਾ ਦੇਣ ਵਾਲਾ ਹੀ ਗੁਰੂ ਕਾ ਸਿੱਖ ਹੈ "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।।" ਸਿੱਖ ਰਹਿਤ ਮਰਯਾਦਾ ਵਿੱਚ ਦਰਜ ਸਿੱਖ ਦੀ ਪਰਿਭਾਸ਼ਾ ਨੂੰ ਸਮਝੋ "ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਕ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਪਿਤਾ ਜੀ ਦੇ ਖੰਡੇ-ਬਾਟੇ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ-ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਆਪਣੀ ਮੁਕਤੀ ਦਾ ਦਾਤਾ ਅਤੇ ਇਸ਼ਟ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਮੰਨਣਾ ਹੈ।" ਇਸ ਲਈ ਗੁਰੂ ਕੇ ਸਿੱਖੋ! 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ' ਸਿਧਾਂਤ ਉੱਤੇ ਪਹਿਰਾ ਦੇਵੋ। ਕੇਸਾਧਾਰੀ, ਅੰਮ੍ਰਿਤਧਾਰੀ, ਸ਼ਸਤਰਧਾਰੀ ਤੇ ਬਾਣੀ-ਬਾਣੇ ਦੇ ਧਾਰਨੀ ਹੋਵੋ।
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply