ਬਦਲਾਅ ਦੇ ਨਾਂ 'ਤੇ ਪੰਜਾਬ ਦੀ ਨੌਜਵਾਨੀ ਨੂੰ ਲਾਠੀਆਂ ਅਤੇ ਤਸ਼ੱਦਦ ਵੰਡ ਰਹੀ ਹੈ ਮੌਜੂਦਾ ਸਰਕਾਰ

ਬਦਲਾਅ ਦੇ ਨਾਂ 'ਤੇ ਪੰਜਾਬ ਦੀ ਨੌਜਵਾਨੀ ਨੂੰ ਲਾਠੀਆਂ ਅਤੇ ਤਸ਼ੱਦਦ ਵੰਡ ਰਹੀ ਹੈ ਮੌਜੂਦਾ ਸਰਕਾਰ

ਪਟਿਆਲਾ ਦਾ ਲਾਠੀਚਾਰਜ ਸ਼ਰਮਨਾਕ ਅਤੇ ਅਣਮਨੁੱਖੀ: ਸੁੱਖਵਿੰਦਰ ਬਿੱਟੂ, ਖੁਸ਼ੀ ਰਾਮ
ਅੱਪਰਾ 7 ਜੂਨ (ਤੀਰਥ ਸਿੰਘ ਮੈਂਗੜ੍ਹਾ): ਹਲਕਾ ਫਿਲੌਰ ਦੇ ਪ੍ਰਧਾਨ ਸੁੱਖਵਿੰਦਰ ਬਿੱਟੂ ਅਤੇ ਹਲਕਾ ਇੰਚਾਰਜ ਅਤੇ ਜਿਲ੍ਹਾ ਪ੍ਰਭਾਰੀ ਖੁਸ਼ੀ ਰਾਮ ਨੇ ਕਿਹਾ ਕਿ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੋਜ਼ਗਾਰ ਲਾਈਨਮੈਨਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਅਤੇ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ । ਦੋਵਾਂ ਲੀਡਰਾਂ ਨੇ ਸਰਕਾਰ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨਾਲ ਘਰ-ਘਰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਅੱਜ ਉਨ੍ਹਾਂ ਨੂੰ ਸੜਕਾਂ 'ਤੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਲਹੂ-ਲੁਹਾਨ ਕੀਤਾ ਜਾ ਰਿਹਾ ਹੈ।
​ਉਨ੍ਹਾਂ ਅੱਗੇ ਆਖਿਆ ਕਿ ਸੂਬਾ ਸਰਕਾਰ ਦਾ ਲੋਕ-ਵਿਰੋਧੀ ਅਤੇ ਦੋਗਲਾ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਇੱਕ ਪਾਸੇ ਸਰਕਾਰ ਸਿਆਸੀ ਸਟੇਜਾਂ ਤੋਂ ਨੌਜਵਾਨੀ ਦੇ ਹੱਕ ਵਿੱਚ ਹੋਣ ਦਾ ਢੌਂਗ ਰਚਦੀ ਹੈ, ਅਤੇ ਦੂਜੇ ਪਾਸੇ ਆਪਣੇ ਹੱਕ, ਨਿਯਮਿਤ ਨੌਕਰੀ ਅਤੇ ਰੁਜ਼ਗਾਰ ਮੰਗ ਰਹੇ ਪੜ੍ਹੇ-ਲਿਖੇ ਨੌਜਵਾਨਾਂ ਦੀ ਆਵਾਜ਼ ਨੂੰ ਪ੍ਰਸ਼ਾਸਨਿਕ ਤਾਕਤ ਅਤੇ ਲਾਠੀਆਂ ਦੇ ਜ਼ੋਰ 'ਤੇ ਦਬਾਉਣ ਦਾ ਕੋਝਾ ਯਤਨ ਕਰਦੀ ਹੈ। ਪਾਵਰਕਾਮ ਦਫ਼ਤਰ ਦੇ ਗੇਟ ਬੰਦ ਕਰਕੇ ਨੌਜਵਾਨਾਂ ਨੂੰ ਘੇਰ ਕੇ ਕੁੱਟਣਾ ਕਿਸੇ ਲੋਕਤੰਤਰ ਦਾ ਹਿੱਸਾ ਨਹੀਂ, ਸਗੋਂ ਸਿੱਧੀ ਤਾਨਾਸ਼ਾਹੀ ਹੈ।
​‘ਪੰਜਾਬ ਸੰਭਾਲੋ ਮੁਹਿੰਮ’ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਹੈ ਗੈਰ ਜ਼ਰੂਰੀ ਸ਼ਰਤਾਂ ਦਾ ਖ਼ਾਤਮਾ ਅਤੇ ਤੁਰੰਤ,ਭਰਤੀ ਪ੍ਰਕਿਰਿਆ ਵਿੱਚ ਲਗਾਈਆਂ ਗਈਆਂ ਗੈਰ-ਜ਼ਰੂਰੀ ਅਤੇ ਨੌਜਵਾਨ ਵਿਰੋਧੀ ਸ਼ਰਤਾਂ ਨੂੰ ਤੁਰੰਤ ਖ਼ਤਮ ਕੀਤਾ ਜਾਵੇ ਅਤੇ ਸਾਰੇ ਯੋਗ ਅਪ੍ਰੈਂਟਿਸਸ਼ਿਪ ਪਾਸ ਨੌਜਵਾਨਾਂ ਨੂੰ ਤੁਰੰਤ ਜੁਆਇਨਿੰਗ ਲੈਟਰ ਦਿੱਤੇ ਜਾਣ।
​ਸਰਕਾਰੀ ਜ਼ਬਰ ਬੰਦ ਹੋਵੇ: ਨੌਜਵਾਨਾਂ ਦੀਆਂ ਮੰਗਾਂ ਸੁਣਨ ਅਤੇ ਹੱਲ ਕਰਨ ਦੀ ਬਜਾਏ, ਉਨ੍ਹਾਂ ਨੂੰ ਅਪਰਾਧੀਆਂ ਵਾਂਗ ਟ੍ਰੀਟ ਕਰਨਾ ਬੰਦ ਕਰੇ ਪ੍ਰਸ਼ਾਸਨ।
​ਦੋਸ਼ੀਆਂ 'ਤੇ ਕਾਰਵਾਈ: ਸ਼ਾਂਤਮਈ ਢੰਗ ਨਾਲ ਹੱਕ ਮੰਗ ਰਹੇ ਨੌਜਵਾਨਾਂ ਅਤੇ ਧੀਆਂ-ਭੈਣਾਂ 'ਤੇ ਲਾਠੀਆਂ ਵਰ੍ਹਾਉਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਤੁਰੰਤ ਸਖ਼ਤ ਪ੍ਰਸ਼ਾਸਨਿਕ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
​ਬਸਪਾ ਨੇ ਬੜੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬੇਰੋਜ਼ਗਾਰ ਲਾਈਨਮੈਨਾਂ ਦੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰਵਾਨ ਨਾ ਕੀਤਾ, ਤਾਂ ‘ਪੰਜਾਬ ਸੰਭਾਲੋ ਮੁਹਿੰਮ’ ਚੁੱਪ ਨਹੀਂ ਬੈਠੇਗੀ। ਪੰਜਾਬ ਦੀ ਨੌਜਵਾਨੀ ਦੇ ਭਵਿੱਖ ਦੀ ਰਾਖੀ ਲਈ ਅਤੇ ਇਸ ਸਰਕਾਰੀ ਜਬਰ ਦੇ ਖਿਲਾਫ ਸੂਬਾ ਪੱਧਰ 'ਤੇ ਇੱਕ ਵੱਡਾ ਅਤੇ ਤਿੱਖਾ ਜਨ-ਆੰਦੋਲਨ ਛੇੜਨ ਬਾਰੇ ਵਿਚਾਰ ਕਰਨਾ ਪੈ ਸਕਦਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.