ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ- ਸਾਬਤ ਕਰਦਾ ਪੰਜਾਬ ਕਿਵੇਂ ਬਣਿਆ ਸ਼ਮਸ਼ਾਨ-

ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ- ਸਾਬਤ ਕਰਦਾ ਪੰਜਾਬ ਕਿਵੇਂ ਬਣਿਆ ਸ਼ਮਸ਼ਾਨ-

ਨਿਰਪਖ ਪੜ੍ਹਤਾਲ ਮੰਗਦਾ ਪੰਜਾਬ- ਕੁਲਨਾਸ਼ ਦੇ ਦੋਸ਼ੀ ਹੋਣ ਬੇਨਕਾਬ – ਖਾਲੜਾ ਮਿਸ਼ਨ


ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ 
 

ਬੀਬੀ ਰਜਿੰਦਰ ਕੌਰ ਭੱਠਲ ਵਲੋਂ ਦਿੱਤੇ ਬਿਆਨ ਦੀ ਹੀ ਨਿਰਪਖ ਪੜ੍ਹਤਾਲ ਨਹੀਂ ਹੋਣੀ ਚਾਹੀਦੀ ਸਗੋਂ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤੇ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ ਅਤੇ ਅੱਜ ਤੱਕ ਹੋਏ ਸਾਰੇ ਬੰਬ ਧਮਾਕਿਆਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ ਅਤੇ ਸਿੱਖੀ ਦੀਆਂ ਦੁਸ਼ਮਣ ਧਿਰਾਂ ਨੰਗੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇੰਨਸਾਫ ਸ਼ੰਘਰਸ਼ ਕਮੇਟੀ ਨੇ ਆਖਿਆ ਹੈ ਕਿ ਭਗਵੰਤ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪੋਸ਼ੀ ਕਰਕੇ ਦੋਸ਼ੀਆਂ ਦੇ ਹੱਕ ਵਿੱਚ ਨਾ ਖਲੋਵੇ, ਸਗੋਂ ਨਿਰਪਖ ਪੜ੍ਹਤਾਲ ਦਾ ਐਲਾਨ ਕਰੇ ਕਿ ਕਿਵੇਂ ਪੰਜਾਬ ਅੰਦਰ ਪਿਛਲੇ ਸਮੇਂ ਵਿੱਚ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਵੀ ਵਾਰਸਾਂ ਨੂੰ ਨਾ ਦਿੱਤੀਆਂ। ਉਹ ਪੜ੍ਹਤਾਲ ਕਰਾਵੇ ਬੀਬੀ ਭੱਠਲ ਦੇ ਬਿਆਨ ਦੀ, ਉਹ ਪੜ੍ਹਤਾਲ ਕਰਾਵੇ ਕਾਂਗਰਸੀ ਐਮ.ਪੀ. ਉਮਰਾਓ ਸਿੰਘ ਦੇ ਬਿਆਨ ਦੀ ਜੋ ਉਨ੍ਹਾਂ ਹਿੰਦੋਸਤਾਨ ਟਾਈਮਜ਼ ਅਖਬਾਰ ਨੂੰ ਦਿੱਤਾ ਸੀ ਕਿ ਸਾਡੀ ਕਮੇਟੀ ਬਣੀ ਹੋਈ ਸੀ, ਬੀਬੀ ਰਜਿੰਦਰ ਕੌਰ ਭੱਠਲ ਵੀ ਉਸਦੇ ਮੈਂਬਰ ਸਨ ਜੋ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਨ ਦਾ ਫੈਸਲਾ ਕਰਦੀ ਸੀ। ਭਗਵੰਤ ਮਾਨ ਸਰਕਾਰ ਪੜ੍ਹਤਾਲ ਕਰਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੇ 21 ਸਿੱਖ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ ਜੋ ਝੂਠੇ ਮੁਕਾਬਲਿਆਂ ਵਿੱਚ ਖਤਮ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਹ ਪੜ੍ਹਤਾਲ ਕਰਾਵੇ ਸਾਬਕਾ ਪੁਲੀਸ ਮੁੱਖੀਆ ਕੇ.ਪੀ.ਐਸ. ਗਿੱਲ ਤੇ ਐਮ.ਐਸ. ਵਿਰਕ ਦੇ ਬਿਆਨਾਂ ਦੀ ਜੋ ਉਨ੍ਹਾਂ ਚੰਡੀਗੜ੍ਹ ਵਿੱਚ 1 ਫਰਵਰੀ 2006 ਨੂੰ ਦਿੱਤੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ "ਪੰਜਾਬ ਪੁਲੀਸ ਨੇ ਕਈ ਗੈਰ ਕਾਨੂੰਨੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਅਜੇ ਵੀ 300 ਤੋਂ ਉੱਪਰ ਕੈਟ ਉਨ੍ਹਾਂ ਦੇ ਕੰਟਰੋਲ ਹੇਠ ਹਨ।" ਉਨ੍ਹਾਂ ਕਿਹਾ ਕਿ ਵਰਿੰਦਰ ਵਰਮਾ ਸਾਬਕਾ ਗਵਰਨਰ ਪੰਜਾਬ ਕੋਈ ਹਾਲਤਾਂ ਦੀ ਘੱਟ ਭਿਆਨਕਤਾ ਬਿਆਨ ਨਹੀਂ ਕਰਦਾ, ਜਦੋਂ ਉਹ 23 ਜੂਨ 1990 ਨੂੰ ਕਹਿੰਦੇ ਹਨ ਕਿ ਜ਼ੁਰਮਾਂ ਵਿੱਚ ਵਾਧਾ ਹੋ ਗਿਆ ਹੈ, ਬੰਦਿਆਂ ਨੂੰ ਚੁੱਕ ਕੇ ਲਿਜਾਣ ਪਿੱਛੇ ਅਤੇ ਪੈਸੇ ਬਟੋਰਨ ਪਿੱਛੇ ਪੁਲੀਸ ਦਾ ਹੱਥ ਹੈ। ਪੜ੍ਹਤਾਲ ਹੋਣੀ ਵੀ ਚਾਹੀਦੀ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਕੇ.ਪੀ.ਐਸ. ਗਿੱਲ ਨਾਲ ਰਾਤ ਨੁੰ ਗੁਪਤ ਮੀਟਿੰਗਾਂ ਕਰਦੇ ਸਨ ਤੇ ਦਿਨ ਵੇਲੇ ਸਿੱਖ ਨੌਜਵਾਨਾਂ ਦੇ ਭੋਗਾਂ 'ਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸਾਰਾ ਸੰਸਾਰ ਹਿੱਲ ਗਿਆ ਸੀ ਜਦੋਂ 9 ਜੁਲਾਈ 1994 ਨੂੰ ਗਵਰਨਰ ਪੰਜਾਬ ਸੁਰਿੰਦਰ ਨਾਥ ਦੀ ਨੋਟਾਂ ਦੇ ਬੰਡਲਾਂ ਨਾਲ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਨੋਟਾਂ ਦੀ ਵਰਖਾ ਹੋਈ ਸੀ। ਉਸ ਵਲੋਂ ਬਣਾਈ 250 ਕਰੋੜ ਦੀ ਜਾਇਦਾਦ ਪੰਜਾਬ ਦੀ ਭਿਆਨਕ ਲੁੱਟ ਦੀ ਤਸਵੀਰ ਪੇਸ਼ ਕਰਦੀ ਸੀ। ਜਥੇਬੰਦੀਆਂ ਨੇ ਕਿਹਾ ਕਿ ਅੱਜ ਵੀ ਭਗਵੰਤ ਮਾਨ ਸਰਕਾਰ ਝੂਠੇ ਮੁਕਾਬਲਿਆਂ ਦੇ ਸਹਾਰੇ ਚੱਲ ਰਹੀ ਹੈ ਅਤੇ ਦਿੱਲੀ ਨਾਗਪੁਰ ਦਾ ਏਜੰਡਾ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਰਾਜਨੀਤਕ ਲੋਕਾਂ ਕੋਲ ਜਿੰਨ੍ਹਾਂ ਵਿੱਚ ਕਾਂਗਰਸ, ਭਾਜਪਾ, ਬਾਦਲ ਕੰਪਨੀ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ ਸਿੱਖਾਂ ਦੀ ਕੁਲਨਾਸ਼ ਦੇ ਗੁੱਝੇ ਭੇਦ ਹਨ ਪਰ ਉਹ ਸੱਚ ਨਾਲ ਖਲੋਣ ਦੀ ਬਜਾਏ, ਪੰਜਾਬ ਨਾਲ ਖਲੋਣ ਦੀ ਬਜਾਏ ਦਿੱਲੀ ਨਾਗਪੁਰ ਨਾਲ ਖਲੋਂਦੇ ਹਨ। ਉਨ੍ਹਾ ਕਿਹਾ ਕਿ ਜਿੰਨ੍ਹਾਂ ਪਾਰਟੀਆਂ ਨੇ ਆਗੂਆਂ ਨੇ ਪੰਜਾਬ ਨੂੰ, ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਰਾਂਹੀ, ਕਾਰਪੋਰੇਟ ਘਰਾਣਿਆਂ ਨਾਲ ਸਾਂਝਾਂ ਪਾ ਕੇ ਸ਼ਮਸ਼ਾਨ ਵਿੱਚ ਬਦਲਿਆ ਤੇ ਆਪ ਜਾਇਦਾਦਾਂ ਦੇ ਅੰਬਾਰ ਲਾਏ ਉਹ ਪੰਜਾਬ ਨਾਲ ਖਲੋਣ ਦੀਆਂ ਡਰਾਮੇ ਬਾਜੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕਾਂ, ਪੁਲੀਸ ਅਧਿਕਾਰੀਆਂ, ਧਰਮ ਨੂੰ ਧੰਦਾ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਦੀ ਵੀ ਪੜ੍ਹਤਾਲ ਹੋਣੀ ਚਾਹੀਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.