ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ
- ਗੁਰਬਾਣੀ-ਇਤਿਹਾਸ
- (Asia/Kolkata)
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ਡਾ ਸਤਿੰਦਰ ਪਾਲ ਸਿੰਘ ਜੰਗਲ ਤੋਂ ਜੀਵਨ ਆਰੰਭ ਕਰ ਉੱਚੀਆਂ ਅਟਾਰੀਆਂ ਤੱਕ ਜਾ ਪੁੱਜਾ ਮਨੁੱਖ ਵਰਤਮਾਨ ਨੂੰ ਸਭਿਅਤਾ ਦੇ ਵਿਕਾਸ ਦਾ ਸ਼ਾਨਦਾਰ ਦੌਰ ਮੰਨ ਰਿਹਾ ਹੈ । ਵਿਗਿਆਨ ਤੇ ਤਕਨੀਕ ਨੇ ਜੀਵਨ ਢੰਗ ਨੂੰ ਆਸਾਨ ਕਰ ਦਿੱਤਾ ਹੈ । ਮਨੁੱਖ ਆਪਣੀ ਹਰ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਵਿੱਚ ਲਗਾਤਾਰ ਕਾਮਿਆਬ ਹੋ ਰਿਹਾ ਹੈ । ਅੱਜ ਸੁੱਖ ਦਾ ਹਰ ਸਮਾਨ ਬਜਾਰ ਵਿੱਚ ਉਪਲਬੱਧ ਹੈ ਪਰ ਸੁੱਖ ਦੀ ਪ੍ਰਤੀਤ ਕਰਾਉਣ ਵਾਲੀ ਸੋਚ ਗੁਆਚ ਗਈ ਲੱਗਦੀ ਹੈ । ਪਦਾਰਥਵਾਦੀ ਵਿਕਾਸ ਦਾ ਗ੍ਰਾਫ ਜਿਸ ਦਰ ਨਾਲ ਊਚਾ ਹੁੰਦਾ ਗਿਆ ਹੈ ਮਨੁੱਖ ਦਾ ਕਿਰਦਾਰ ਉੱਸੇ ਦਰ ਨਾਲ ਡਿੱਗਦਾ ਗਿਆ ਹੈ । ਵਰਤਮਾਨ ਦਾ ਸੱਭ ਤੋਂ ਵੱਡਾ ਸੰਕਟ ਜੋ ਮਨੁੱਖੀ ਸਮਾਜ ਨੂੰ ਵੈਸ਼ਵਿਕ ਪੱਧਰ ਤੇ ਤੋੜ ਰਿਹਾ ਹੈ ਉਹ ਹੈ ਵਿਸ਼ਵਾਸ ਦਾ । ਮਨੁੱਖ ਲਈ ਇਹ ਇੱਕ ਔਖੀ ਬੁਝਾਰਤ ਬਣ ਗਈ ਹੈ ਕਿ ਉਹ ਕਿਸ ਤੇ ਭਰੋਸਾ ਕਰੇ । ਇੱਕ ਸਮਾਂ ਸੀ ਜਦੋਂ ਆਤਮ ਬਲ ਮਹਿਸੂਸ ਹੁੰਦਾ ਸੀ ਕਿ ਸੁੱਖ – ਦੁੱਖ ਵਿੱਚ ਨਾਲ ਖੜੇ ਹੋਣ ਵਾਲੇ ਬਹੁਤ ਹਨ । ਇਸ ਬਹੁਤ ਵਿੱਚ ਪਰਿਵਾਰ , ਕੁਟੰਬ , ਗੁਆਂਢੀ ਹੀ ਨਹੀਂ ਮਿਤਰ ਤੇ ਸਮਾਜ ਵੀ ਸ਼ਾਮਿਲ ਹੁੰਦਾ ਸੀ । ਇਹ ਦਾਇਰਾ ਸੁੰਗੜਦਾ ਗਿਆ । ਮਾਤਾ – ਪਿਤਾ ਨੂੰ ਆਪਣੀ ਸੰਤਾਨ ਤੇ ਭਰੋਸਾ ਨਹੀਂ ਰਿਹਾ । ਪਤੀ – ਪਤਨੀ ਦਾ ਆਪਸੀ ਸਬੰਧ ਵੀ ਡੋਲ ਗਿਆ ਹੈ । ਜੋ ਨਾਲ ਖੜਾ ਹੈ ਕਿਉਂ ਖੜਾ ਹੈ , ਕਦੋਂ ਤੱਕ ਖੜਾ ਰਹੇਗਾ , ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ , ਇਹ ਸਮਝਣਾ ਮੁਸਕਿਲ ਹੋ ਗਿਆ ਹੈ । ਕਿਉਂਕਿ ਮਨੁੱਖ ਵਿਸ਼ਾਲ ਦੁਨੀਆ , ਵੱਡੇ ਸਮਾਜ , ਪੂਰੇ ਪਰਿਵਾਰ ਵਿੱਚ ਰਹਿੰਦੀਆਂ ਵੀ ਆਤਮ ਕੇਂਦ੍ਰਿਤ ਹੋ ਗਿਆ ਹੈ । ਉਹ ਮਾਤਰ ਆਪਣੇ ਲਈ ਸੋਚ ਰਿਹਾ ਹੈ । ਆਪਣੇ ਲਈ ਮੋਹ , ਲੋਭ ਇਤਨਾ ਵੱਧ ਗਿਆ ਹੈ ਕਿ ਦੂਜੇ ਲਈ ਸੋਚਣ ਦਾ ਸਮਾਂ ਹੀ ਨਹੀਂ ਹੈ । ਗੁਰੂ ਨਾਨਕ ਸਾਹਿਬ ਨੇ ਸਮਾਜਕ ਹਾਲਾਤ ਨੇੜੇ ਹੋ ਕੇ ਵੇਖਣ ਤੇ ਸਮਝਣ ਤੋਂ ਬਾਅਦ ਨਬਜ਼ ਤੇ ਹੱਥ ਰੱਖ ਦਿੱਤਾ । ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ਼ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਰ ॥ ੧ ॥ (ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੧੫ ) ਮਨੁੱਖ ਦੇ ਅੰਦਰ ਲੋਭ ਕੁੱਤੇ ਵਾਂਗੂੰ ਵੱਸ ਰਿਹਾ ਹੈ ਜੋ ਸਦਾ ਹੀ ਭੌਂਕਦਾ ਰਹਿੰਦਾ । ਉਹ ਬਿਨਾ ਕਾਰਣ ਵੀ ਭੌਂਕਦਾ ਹੈ , ਕਿਸੇ ਨੂੰ ਵੀ ਵੇਖ ਕੇ ਭੌਂਕਣ ਲੱਗਦਾ ਹੈ । ਕੁੱਤਾ ਕਿਸੇ ਵੇਲੇ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਸੀ । ਸਮਾਂ ਹੁਣ ਅਜਿਹਾ ਆ ਗਿਆ ਹੈ ਕਿ ਕੁੱਤਾ ਆਪਣੇ ਮਾਲਕ ਨੂੰ ਵੀ ਨਹੀਂ ਛੱਡ ਰਿਹਾ । ਮਾਲਕ ਨੂੰ ਹੀ ਮਾਰ ਦੇਣ ਦੀਆਂ ਘਟਨਾਵਾਂ ਹੋ ਰਹੀਆਂ ਹਨ । ਲੋਭ ਨੇ ਮਨੁੱਖ ਨੂੰ ਅਜਿਹਾ ਹੀ ਹੈਵਾਨ ਬਣਾ ਦਿੱਤਾ ਹੈ । ਲੋਭ ਨੇ ਹਰ ਰਿਸ਼ਤੇ ਦੀ ਮਰਿਆਦਾ ਤਾਰ ਤਾਰ ਕਰ ਦਿੱਤੀ ਹੈ । ਲੋਭ ਕਾਰਨ ਆਪਣੇ ਜਨਮ ਦਾਤਾ ਮਾਤਾ ਪਿਤਾ ਵੀ ਵੈਰੀ ਨਜਰ ਆਂ ਰਹੇ ਹਨ । ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮਨੁੱਖ ਅੰਦਰ ਚੂਹੜਾ ਭਾਵ ਸਤ ਅਸਤ ਦਾ ਭੇਦ ਨਾ ਜਾਣਨ ਵਾਲਾ ਵੀ ਵੱਸ ਰਿਹਾ ਹੈ । ਮਨੁੱਖ ਦੀ ਬਿਰਤੀ ਅਜਿਹੀ ਹੋ ਗਈ ਹੈ ਕਿ ਉਸ ਨੂੰ ਕੂੜ ਹੀ ਸੁਹਾਂਦਾ ਹੈ । ਉਸ ਤੋਂ ਬਾਹਰ ਆਉਣ ਦੀ ਇੱਛਾ ਹੀ ਨਹੀਂ ਰਹੀ । ਝੂਠ , ਫਰੇਬ , ਈਰਖਾ , ਨਿੰਦਾ ਵਿੱਚ ਹੀ ਜੀਵਨ ਬਤੀਤ ਹੋ ਰਿਹਾ ਹੈ । ਇਸ ਵਿੱਚ ਹੀ ਮਨੁੱਖ ਨੂੰ ਸੁੱਖ ਪ੍ਰਾਪਤ ਹੋ ਰਿਹਾ ਹੈ ਕਿਉਂਕਿ ਉਸ ਨੇ ਨਿਰਮਲ ਜੀਵਨ ਦੇ ਸੱਚੇ ਆਨੰਦ ਦਾ ਰਸ ਕਦੇ ਚਖਿਆ ਹੀ ਨਹੀਂ ਹੈ । ਮਨੁੱਖ ਦੇ ਅੰਦਰ ਇੱਕ ਠੱਗ ਵੀ ਬੈਠਿਆ ਹੋਇਆ ਹੈ । ਇਹ ਠੱਗ ਬਿਰਤੀ ਆਪਣੇ ਸੁਆਰਥ ਕਾਰਣ ਅਭੱਖ ਵੀ ਛੱਕਣ ਲਈ ਸਦਾ ਤਿਆਰ ਰਹਿੰਦੀ ਹੈ । ਦੂਜੇ ਨੂੰ ਧੋਖਾ ਦੇਣ ਲਈ ਮਨੁੱਖ ਕੋਈ ਵੀ ਨੀਚ ਕਰਮ ਕਰ ਸਕਦਾ ਹੈ ਜੋ ਸੋਚਿਆ ਵੀ ਨਾਂ ਗਿਆ ਹੋਵੇ । ਸਮਾਜ ਅੰਦਰ ਘੱਟ ਰਹੀ ਹਰ ਨਵੀਂ ਘਟਨਾ ਪਹਿਲਾਂ ਨਾਲੋਂ ਜਿਆਦਾ ਕੁਰੂਪ ਤੇ ਜਿਆਦਾ ਵਿਆਕੁਲ ਕਰਨ ਵਾਲੀ ਸਾਬਤ ਹੋ ਰਹੀ ਹੈ । ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਅੰਤਰ ਅਵਸਥਾ ਘਿਨਾਉਣਾ ਸੱਚ ਉਜਾਗਰ ਕਰਨ ਤੋਂ ਬਾਅਦ ਉਸ ਦੇ ਵਿਵਹਾਰ ਬਾਰੇ ਦੱਸਿਆ । ਮਨੁੱਖ ਦੀ ਅੰਤਰ ਬਿਰਤੀ ਅਜਿਹੀ ਹੋ ਗਈ ਹੈ ਕਿ ਉਸ ਨੂੰ ਸਰਬਤ੍ਰ ਕੂੜ ਹੀ ਕੂੜ ਨਜਰ ਆਉਂਦਾ ਹੈ ਤੇ ਆਪਣੇ ਅੰਦਰ ਦਾ ਕੂੜ ਵਿਖਾਈ ਨਹੀਂ ਦਿੰਦਾ -੨- । ਉਹ ਸਾਰੀਆਂ ਦੀ ਨਿੰਦਾ ਹੀ ਕਰਦਾ ਰਹਿੰਦਾ ਹੈ । ਉਸ ਦੇ ਮੁਖ ਤੋਂ ਕਦੇ ਸ਼ੁਭ ਬੋਲ ਨਿਕਲ਼ਦੇ ਹੀ ਨਹੀਂ ਜਿਵੇਂ ਮੁਖ ਵਿੱਚ ਮਲ ਭਰਿਆ ਹੋਵੇ । ਮਨੁੱਖ ਦੇ ਅੰਦਰ ਚੰਡਾਲ ਜਿਹਾ ਤਾਕਤਵਰ ਕ੍ਰੋਧ ਭਰਿਆ ਹੋਇਆ ਹੈ ਜਿਸ ਦਾ ਅਸਰ ਚਿਤਾ ਦੀ ਅਗਨੀ ਤੋਂ ਜਿਆਦਾ ਵਿਨਾਸ਼ਕ ਹੈ । ਕ੍ਰੋਧ ਲੋਗਾਂ ਦੇ , ਪਰਿਵਾਰਾਂ ਦੇ ਜੀਵਨ ਨਾਸ਼ ਕਰ ਰਿਹਾ ਹੈ ਪਰ ਕ੍ਰੋਧ ਦਾ ਨਾਸ਼ ਨਹੀਂ ਹੋ ਰਿਹਾ । ਗੁਰੂ ਨਾਨਕ ਸਾਹਿਬ ਨੇ ਮਨੁੱਖ ਦਾ ਮਨੋਵਿਗਿਆਨ ਵੀ ਸਾਹਮਣੇ ਰੱਖਿਆ । ਸਾਰੇ ਔਗੁਣ ਹੋਣ ਦੇ ਬਾਅਦ ਵੀ ਮਨੁੱਖ ਆਪਣੇ ਆਪ ਨੂੰ ਸਚਿਆਰ ਮੰਨਦਾ ਹੈ । ਉਹ ਸਾਰੀਆਂ ਦੀ ਨਿੰਦਾ ਕਰਦਾ ਹੈ ਪਰ ਸਦਾ ਆਪਣੀ ਵਡਿਆਈ ਆਪ ਹੀ ਕਰਦਾ ਰਹਿੰਦਾ ਹੈ । ਆਪਣੀ ਸਲਾਘਾ ਆਪ ਕਰਨਾ ਉਸ ਨੂੰ ਅਤਿ ਸੁਖਦਾਇਕ ਲੱਗਦਾ ਹੈ । ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਆਤਮ ਪ੍ਰਸ਼ੰਸਾ ਨੂੰ ਭਾਰੀ ਹੁੰਗਾਰਾ ਮਿਲਿਆ ਹੈ । ਕੁੱਝ ਨਹੀਂ ਤਾਂ ਆਤਮ ਮੁਗਧ ਮਨੁੱਖ ਆਪਣੀਆਂ ਸੇਲਫ਼ੀਆਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਜਾ ਰਿਹਾ ਹੈ । ਗਿਆਨ – ਧਿਆਨ ਦੀਆਂ ਗੱਲਾਂ ਕਰਨ ਵਾਲੇ ਵੀ ਇਸ ਤੋਂ ਨਹੀਂ ਬਚੇ ਹਨ । ਹਰ ਮਨੁੱਖ ਇਸ ਭਰਮ ਵਿੱਚ ਜਿਉ ਰਿਹਾ ਹੈ ਕਿ ਉਹ ਸਭ ਤੋਂ ਸਿਆਣਾ ਹੈ । ਦੂਜਾ ਕੋਈ ਵੀ ਹੋਵੇ ਮਨੁੱਖ ਉਸ ਵਿੱਚ ਔਗੁਣ ਹੀ ਵੇਖਦਾ ਹੈ । ਪੂਰੇ ਮਨੁੱਖੀ ਸਮਾਜ ਨੂੰ ਲੋਭ , ਕਪਟ , ਫਰੇਬ ਤੇ ਕਾਮ ਨੇ ਆਪਣੇ ਵੱਸ ‘ਚ ਕਰ ਲਿਆ ਹੈ । ਦਿਨ ਦਾ ਆਰੰਭ ਜਿਨ੍ਹਾਂ ਖ਼ਬਰਾਂ ਨਾਲ ਹੁੰਦਾ ਹੈ ਜਾਂ ਦਿਨ ਵਿੱਚ ਜੋ ਖ਼ਬਰਾਂ ਬਣਦੀਆਂ ਹਨ ਉਹ ਸਿਧੇ ਜਾਂ ਅਸਿਧੇ ਤੌਰ ਤੇ ਇਨ੍ਹਾਂ ਚਾਰ ਚੌਧਰੀਆਂ ਨਾਲ ਹੀ ਜੁੜੀਆਂ ਹੁੰਦੀਆਂ ਹਨ । ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੪੬੮ ) ਸਮਾਜ ਦੇ ਚਿੰਤਨ ਦਾ ਵਿਸ਼ਾ ਇਹ ਨਹੀਂ ਕਿ ਕਿਵੇਂ ਨਿਆਂ , ਪਰੋਪਕਾਰ , ਦਇਆ , ਸੰਤੋਖ , ਸੰਜਮ ਤੇ ਸੱਚ ਦੀ ਸੱਤਾ ਕਾਇਮ ਹੋਵੇ । ਕਿਵੇਂ ਬਰਾਬਰੀ , ਭਾਈਚਾਰੇ ਤੇ ਪ੍ਰੇਮ ਦਾ ਵਾਤਾਵਰਣ ਬਣੇ । ਲੋਗ ਇੱਸੇ ਵਿਚਾਰ ਵਿੱਚ ਲੱਗੇ ਹੋਏ ਹਨ ਕਿ ਕਿਵੇਂ ਉਨ੍ਹਾਂ ਦੇ ਲੋਭ ਦੀ ਪੂਰਤੀ ਹੋਵੇ । ਭੌਤਿਕ ਤਰੱਕੀ ਚਾਹੀਦੀ ਹੈ ਭਾਵੇਂ ਕੋਈ ਵੀ ਪਾਪ ਕਰਨਾ ਪਵੇ , ਠੱਗੀ ਕਰਨੀ ਪਵੇ । ਮਨੁੱਖ ਨੂੰ ਜੀਵਨ ਵਿੱਚ ਭੋਗ , ਵਿਲਾਸ ਚਾਹੀਦੇ ਕਿਉਂਕਿ ਇਸ ਵਿੱਚ ਹੀ ਉਸ ਨੂੰ ਜੀਵਨ ਦੀ ਸਫਲਤਾ ਵਿਖਾਈ ਦਿੰਦੀ ਹੈ । ਪਰ ਅਚਰਜ ਇਹ ਹੈ ਕਿ ਬਾਹਰੋਂ ਸਾਰੇ ਹੀ ਸੱਜਣ , ਭਲੇ ਮਾਨਸ ਬਣੇ ਹੋਏ ਹਨ “ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ “ । ਕੋਈ ਜਿਹੋ ਜਿਹਾ ਦਿਖਾਈ ਦੇ ਰਿਹਾ ਹੈ ਉਹ ਉਸ ਦੇ ਇੱਕਦਮ ਉਲਟ ਹੋ ਸਕਦਾ ਹੈ । ਇਹ ਗੱਲ ਹੁਣ ਹੈਰਾਨ ਨਹੀਂ ਕਰਦੀ । ਕੋਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ , ਕੋਈ ਵੀ ਗੁਨਾਹ ਕਰ ਸਕਦਾ ਹੈ । ਇੱਕ ਪਤਨੀ ਵਿਆਹ ਤੋਂ ਪਹਿਲਾਂ ਹੀ ਆਪਣੇ ਹੋਣ ਵਾਲੇ ਪਤੀ ਦੇ ਕਤਲ ਦੀ ਯੋਜਨਾ ਬਣਾਉਣ ਲੱਗ ਜਾਵੇ ਤਾਂ ਕੋਈ ਅਜਿਹੀ ਗੱਲ ਬਚਦੀ ਹੀ ਨਹੀਂ ਜਿਸ ਨੂੰ ਅਣਹੋਣੀ ਕਿਹਾ ਜਾਵੇ । ਇਹ ਸਮਾਂ ਹੈ ਕਿ ਅਣਹੋਣੀ ਜਿਹੇ ਸ਼ਬਦ ਨੂੰ ਸ਼ਬਦਕੋਸ਼ ਤੋਂ ਖਾਰਿਜ ਕਰ ਦੇਣਾ ਹੀ ਉਚਿਤ ਹੋਵੇਗਾ । ਸੰਸਾਰ ਅੰਦਰ ਸਾਰਾ ਕੁੱਝ ਉਲਟ ਹੋ ਰਿਹਾ ਹੈ । ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੀ ਕਲੀ ਕਾਲ ਵਿਡਾਣੈ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੨੨੯ ) ਸੰਸਾਰ ਅੰਦਰ ਸੱਚ ਦੀ ਪਰਖ ਉਹ ਕਰ ਰਹੇ ਹਨ ਜਿਨ੍ਹਾਂ ਸੱਚ ਕਦੇ ਜਾਣਿਆ ਹੀ ਨਹੀਂ । ਉਨ੍ਹਾਂ ਨੂੰ ਸੱਚ ਤੇ ਝੂਠ , ਨਿਆਂ ਤੇ ਅਨਿਆਂ , ਧਰਮ ਤੇ ਅਧਰਮ ਦਾ ਭੇਦ ਗਿਆਤ ਹੀ ਨਹੀਂ ਹੈ । ਅੱਜ ਸੰਸਾਰ ਅੰਦਰ ਪਾਪ ਹੋ ਰਹੇ ਹਨ ਤੇ ਪਾਪ ਦੀ ਹਿਮਾਇਤ ਡੱਟ ਕੇ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਨਜਰ ਵਿੱਚ ਇਹ ਪਾਪ ਹੈ ਹੀ ਨਹੀਂ । ਲੋਭ , ਕੂੜ ਨੇ ਪਾਪ ਦੀ ਪਰਿਭਾਸ਼ਾ ਬਦਲ ਦਿੱਤੀ ਹੈ । ਇਸ ਦਾ -੩- ਵਿਆਪਕ ਤੇ ਘਾਤਕ ਪ੍ਰਭਾਵ ਮਨੁੱਖ ਦੇ ਜੀਵਨ ਤੇ ਪੈ ਰਿਹਾ ਹੈ । ਮਨੁੱਖ ਨੂੰ ਸੰਸਾਰ ਅੰਦਰ ਜੋ ਵੀ ਚੀਜ ਮੋਹ ਰਹੀ ਹੈ , ਲੁਭਾਉਣੀ ਲੱਗ ਰਹੀ ਹੈ , ਦਰਅਸਲ ਉਹ ਉਸ ਦੇ ਦੁੱਖਾਂ ਦਾ ਮੂਲ ਹੈ । ਸੰਸਾਰ ਦਾ ਭਰਮ ਹੀ ਅਜਿਹਾ ਹੈ “ ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ “ । ਸੱਚ ਦੀ ਪਰਖ ਨਾ ਹੋਣ ਕਾਰਣ ਹਰ ਮਨੁੱਖ ਪੜ੍ਹਿਆ – ਅਨਪੜ੍ਹ , ਧਨਵਾਨ - ਨਿਰਧਨ , ਕੁਲੀਨ – ਕੁਲਹੀਨ , ਰਾਜਾ – ਪਰਜਾ ਸਾਰੇ ਹੀ ਦੁੱਖ ਭੋਗ ਰਹੇ ਹਨ । ਸਮਾਜ ਅੰਦਰ ਕਦਰਾਂ – ਕੀਮਤਾਂ ਦੀ ਰਾਖੀ ਲਈ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਪਰ ਨਾ ਤਾਂ ਦੁੱਖ ਦੇ ਮੂਲ ਤੱਕ ਜਾਣ ਦੀ ਦ੍ਰਿਸ਼ਟੀ ਹੈ ਨਾਂ ਹੀ ਨਿਦਾਨ ਦਾ ਗਿਆਨ ਹੈ । ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੧੨੭੯ ) ਸਮਾਜ ਅੰਦਰ ਜਦੋਂ ਵੱਡੀ ਘਟਨਾ ਵਾਪਰਦੀ ਹੈ , ਵੱਡਾ ਦੁੱਖ ਪੈਦਾ ਹੁੰਦਾ ਤਾਂ ਕੁੱਝ ਫੌਰੀ ਕਦਮ ਚੁੱਕ ਲਏ ਜਾਂਦੇ ਹਨ , ਕੁੱਝ ਕਾਨੂਨ ਬਣ ਜਾਂਦੇ ਹਨ । ਮੁੱਖ ਮਨੋਰਥ ਹੁੰਦਾ ਹੈ ਕਿ ਲੋਕਾਂ ਅੰਦਰ ਵਿਆਪਤ ਰੋਹ ਸ਼ਾਂਤ ਕੀਤਾ ਜਾ ਸਕੇ । ਕਾਨੂਨ ਹਨ , ਤੰਤਰ ਹੈ ਪਰ ਸਮਾਜ ਦੀਆਂ ਤੰਦਾਂ ਨਿਰੰਤਰ ਟੁੱਟਦੀਆਂ ਹੀ ਜਾ ਰਹੀਆਂ ਹਨ । ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਕਿਉਂਕਿ ਬਾਹਰਲੇ ਨਿਦਾਨ ਮਨੁੱਖ ਦੀ ਬਿਰਤੀ ਨਹੀਂ ਬਦਲ ਸਕਦੇ । ਕਾਨੂਨ ਮਨੁੱਖ ਨੂੰ ਪਾਬੰਦ ਕਰ ਸਕਦੇ ਹਨ , ਉਸ ਦੀਆਂ ਗਤੀਵਿਧੀਆਂ ਤੇ ਅੰਕੁਸ਼ ਲਗਾ ਸਕਦੇ ਹਨ ਪਰ ਅੰਤਰ ਅਵਸਥਾ ਨਹੀਂ ਬਦਲ ਸਕਦੇ । ਕੂੜ ਬਿਰਤੀ ਮੌਕਾ ਮਿਲਦੀਆਂ ਹੀ ਪਾਪ ਕਰਮਾਂ ਵੱਲ ਮੁਖ ਮੋੜ ਦਿੰਦੀ ਹੈ । ਅਲਪ ਸੁਖ ਲਈ ਕੀਤੇ ਪਾਪ ਦਾ ਦੰਡ ਜੀਵਨ ਭਰ ਭੋਗਣਾ ਪੈਂਦਾ ਹੈ । ਲੋੜ ਹੈ ਕਿ ਦੁੱਖ ਦੀ ਜੜ੍ਹ ਦੀ ਪਛਾਣ ਹੋਵੇ ਤੇ ਦੁੱਖ ਨੂੰ ਮੂਲ ਤੋਂ ਨਾਸ਼ ਕਰਨ ਲਈ ਉਪਚਾਰ ਹੋਵੇ । ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵੈਦ ਜਗਤ ਵਿੱਚ ਦੂਜਾ ਨਹੀਂ ਜਿਸ ਵਿੱਚ ਵਾਰਤਾ ਹੀ ਨਿਦਾਨ ਨਾਲ ਆਰੰਭ ਹੁੰਦੀ ਹੈ “ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ “ । ਪਰਮਾਤਮਾ ਦੇ ਹੁਕਮ ਅੰਦਰ ਰਹਿਣ ਲਈ ਨਿਮਰਤਾ ਤੇ ਸਮਰਪਣ ਚਾਹੀਦੇ । ਉਸ ਦੀ ਰਜਾ ਵਿੱਚ ਰਹਿਣ ਲਈ ਸੰਤੋਖ , ਸੰਜਮ ਤੇ ਵਿਵੇਕ ਚਾਹੀਦੇ । ਜੋ ਪਰਮਾਤਮਾ ਬਖਸ਼ ਰਿਹਾ ਹੈ ਉਸ ਲਈ ਸ਼ੁਕਰਾਨਾ ਹੋਵੇ । ਮਨੁੱਖੀ ਸਮਾਜ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦੀ ਇਸ ਇੱਕ ਪੰਕਤੀ ਦਾ ਮਰਮ ਹੀ ਜਾਣ ਕੇ ਧਾਰਨ ਕਰ ਲਵੇ ਤਾਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ । ਨਹੀਂ ਤਾਂ ਠੱਗਣ ਵਾਲਿਆਂ ਦੀ ਭੀੜ ਹੈ ਜੋ ਸੰਸਾਰ ਨੂੰ ਠੱਗਣ ਤੇ ਕੁਰਾਹੇ ਪਾਉਣ ਵਿੱਚ ਸਿੱਧਤਾ ਪ੍ਰਾਪਤ ਹੈ । ਲੋਕ ਦਿਨ ਰਾਤ ਠੱਗੇ ਜਾ ਰਹੇ ਹਨ ਤੇ ਠੱਗੇ ਜਾਂਦੇ ਰਹਿਣਗੇ । ---
ਡਾ ਸਤਿੰਦਰ ਪਾਲ ਸਿੰਘ
ਈ – ੧੭੧੬ , ਰਾਜਾਜੀਪੁਰਮ
ਲਖਨਊ – ੨੨੬੦੧੭
ਈ ਮੇਲ – [email protected]
Leave a Reply