ਬਿਹਤਰ ਸ਼ਾਸਨ ਪ੍ਰਣਾਲੀ ਅਤੇ ਮਜ਼ਬੂਤ ਲੋਕਤੰਤਰ ਲਈ ਨੌਜਵਾਨਾਂ ਦਾ ਸਰਗਰਮ ਸਿਆਸਤ ਵਿੱਚ ਆਉਣ ਜ਼ਰੂਰੀ -ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਬਿਹਤਰ ਸ਼ਾਸਨ ਪ੍ਰਣਾਲੀ ਅਤੇ ਮਜ਼ਬੂਤ ਲੋਕਤੰਤਰ ਲਈ ਨੌਜਵਾਨਾਂ ਦਾ ਸਰਗਰਮ ਸਿਆਸਤ ਵਿੱਚ ਆਉਣ ਜ਼ਰੂਰੀ -ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਬਿੰਦਰ ਸਿੰਘ ਖੁੱਡੀ ਕਲਾਂ 
ਨਵੀਂ ਦਿੱਲੀ, 14 ਅਕਤੂਬਰ 

:​ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਰਾਜਨੀਤੀ, ਸ਼ਾਸਨ ਪ੍ਰਣਾਲੀ ਅਤੇ ਜਨਤਕ ਜੀਵਨ ਵਿੱਚ ਵੱਧ-ਚੜ੍ਹ ਕੇ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪ੍ਰਸ਼ਾਸਨ ਅਤੇ ਸ਼ਾਸਨ ਪ੍ਰਣਾਲੀ ਨੂੰ ਹੋਰ ਜ਼ਿਆਦਾ ਬਿਹਤਰ, ਪਾਰਦਰਸ਼ੀ ਅਤੇ ਲੋਕ-ਪੱਖੀ ਬਣਾਉਣ ਲਈ ਚੰਗੇ, ਇਮਾਨਦਾਰ ਅਤੇ ਯੋਗ ਲੋਕਾਂ ਦਾ ਸਿਆਸਤ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਸਾਬਕਾ ਰਾਸ਼ਟਰਪਤੀ ਆਪਣੀ ਆਤਮਕਥਾ ਦੇ ਹਿੰਦੀ ਸੰਸਕਰਨ ‘ਭਾਰਤੀ ਗਣਰਾਜ ਦੀ ਵਿਜਯ ਗਾਥਾ: ਮੇਰਾ ਜੀਵਨ, ਮੇਰਾ ਸੰਘਰਸ਼’ ਦੇ ਰਿਲੀਜ਼ ਸਮਾਰੋਹ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। 

ਇਸ ਮੌਕੇ ਉਨ੍ਹਾਂ ਸਮਾਜ ਵਿੱਚ ਪ੍ਰਚਲਿਤ ਧਾਰਨਾ ਕਿ ਰਾਜਨੀਤੀ ਵਿੱਚ ਚੰਗੇ ਅਤੇ ਸਾਫ਼ ਸੁਥਰੇ ਕਿਰਦਾਰ ਵਾਲੇ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਨੂੰ  ਵੀ ਸਿਰੇ ਤੋਂ ਖਾਰਜ ਕੀਤਾ ਅਤੇ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਇਸ ਧਾਰਨ ਨੂੰ ਤੋੜਨ ਦਾ ਸਮਾਂ ਆ ਗਿਆ ਹੈ।​ਸ੍ਰੀ ਕੋਵਿੰਦ ਨੇ ਆਪਣੇ ਵਿਚਾਰਾਂ ਨੂੰ ਵਿਸਥਾਰ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਸਿਰਫ਼ ਚੋਣਾਂ ਸਮੇਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੱਕ ਹੀ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਦੇ ਨੀਤੀ ਨਿਰਮਾਣ, ਪ੍ਰਸ਼ਾਸਨਿਕ ਕੰਮਕਾਜ ਅਤੇ ਸਮਾਜਿਕ-ਰਾਜਨੀਤਿਕ ਮਾਮਲਿਆਂ ਵਿੱਚ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਅਹਿਮ ਸੁਨੇਹਾ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਵਰਗ ਦੀ ਵਧੇਰੇ ਅਤੇ ਅਰਥਪੂਰਨ ਭਾਗੀਦਾਰੀ ਦੀ ਲੋੜ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਪੜ੍ਹੇ-ਲਿਖੇ, ਜੋਸ਼ੀਲੇ ਅਤੇ ਸੂਝਵਾਨ ਨੌਜਵਾਨ ਸਿਆਸੀ ਖੇਤਰ ਵਿੱਚ ਪ੍ਰਵੇਸ਼ ਕਰਨਗੇ, ਤਾਂ ਇਸ ਨਾਲ ਦੇਸ਼ ਦੀ ਅਗਵਾਈ ਅਤੇ ਨੀਤੀਆਂ ਵਿੱਚ ਨਵਾਂ ਨਜ਼ਰੀਆ ਦੇਖਣ ਨੂੰ ਮਿਲੇਗਾ।

​ ਆਪਣੀ ਇਸ ਆਤਮਕਥਾ ਅਤੇ ਆਪਣੇ ਲੰਬੇ ਸਿਆਸੀ ਤੇ ਜਨਤਕ ਜੀਵਨ ਦੇ ਤਜ਼ਰਬਿਆਂ ਦੇ ਆਧਾਰ ‘ਤੇ ਉਨ੍ਹਾਂ ਨੇ ਨਾਗਰਿਕਾਂ ਖ਼ਾਸ ਕਰਕੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਵਿੱਚ ਹਰ ਨਾਗਰਿਕ ਦੀ ਅਹਿਮ ਅਤੇ ਮੌਲਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਲੋਕਤੰਤਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਬਕਾ ਰਾਸ਼ਟਰਪਤੀ ਦੇ ਇਸ ਵਿਚਾਰ ਨੂੰ ਦੇਸ਼ ਭਰ ਵਿੱਚ ਸਿਆਸੀ, ਵਿੱਦਿਅਕ ਅਤੇ ਸਮਾਜਿਕ ਹਲਕਿਆਂ ਵਿੱਚ ਕਾਫ਼ੀ ਸਰਾਹਿਆ ਜਾ ਰਿਹਾ ਹੈ।ਜਿਸ ਨਾਲ ਨੌਜਵਾਨਾਂ ਵਿੱਚ ਦੇਸ਼ ਦੀ ਅਗਵਾਈ ਕਰਨ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਪ੍ਰਤੀ ਉਤਸ਼ਾਹ ਵਧਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.