ਸਾਵਧਾਨ! "ਅਟਾਪਾ ਕਲਚਰ" ਸਨਾਤਨ ਦੇ ਰੂਪ ਵਿੱਚ ਆ ਰਿਹਾ ਹੈ ਪੰਜਾਬ ਵਿੱਚ ਵੀ।

ਸਾਵਧਾਨ! "ਅਟਾਪਾ ਕਲਚਰ" ਸਨਾਤਨ ਦੇ ਰੂਪ ਵਿੱਚ ਆ ਰਿਹਾ ਹੈ ਪੰਜਾਬ ਵਿੱਚ ਵੀ।

• ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਕੀਤਾ ਚੌਕਸ।

• ਹਲਕਿਆਂ ਦੀ ਨਵੀਂ ਹੱਦਬੰਦੀ ਦਾ ਮਨੋਰਥ ਖੇਤਰੀ ਜਜ਼ਬਿਆਂ ਦਾ ਕਤਲ?

• ਸਿੱਖਾਂ ਵਿੱਚ ਵੀ ਨਵੇਂ ਨਵੇਂ "ਅਟਾਪਾ" ਚੁਣੇ ਜਾ ਰਹੇ ਹਨ।

ਕਰਮਜੀਤ ਸਿੰਘ ਚੰਡੀਗੜ੍ਹ।
ਸੀਨੀਅਰ ਪੱਤਰਕਾਰ।
ਦੋਸਤੋ,ਅੱਜ ਸਮੂਹ ਸੱਚੇ ਸੁੱਚੇ,ਜਾਗਦੇ ਜਗਾਉਂਦੇ,ਸੁਚੇਤ,ਸਾਵਧਾਨ,ਚੌਕਸ ਤੇ ਧੜਿਆਂ ਤੋਂ ਉੱਪਰ ਵੀ ਵਿਚਰਨ ਵਾਲੇ ਪੰਜਾਬੀਆਂ ਲਈ ਇਹ ਕੀਮਤੀ ਲਿਖਤ ਹੈ ਜੋ ਸਭ ਕੰਮ ਛੱਡ ਕੇ ਤੁਹਾਡੇ ਧਿਆਨ ਦੀ ਮੰਗ ਕਰਦੀ ਹੈ।
ਇਸ ਲਿਖਤ ਪਿੱਛੇ ਪ੍ਰੇਰਨਾਸਰੋਤ ਕਾਂਗਰਸ ਆਗੂ ਰਾਹੁਲ ਗਾਂਧੀ ਹੈ ਜਿਸ ਅੰਦਰ ਅਚਾਨਕ ਖੇਤਰੀ ਭਾਵਨਾਵਾਂ ਤੇ ਜਜ਼ਬਿਆਂ ਨੂੰ ਕਾਇਮ ਰੱਖਣ ਦੇ ਮਨੋਰਥ ਨਾਲ ਨਵਾਂ ਸੂਰਜ ਚੜਿਆ ਹੈ ਅਤੇ ਉਹਨਾਂ ਨੂੰ ਇਹ ਰੌਸ਼ਨੀ ਤਾਮਿਲਨਾਡੂ ਤੋਂ ਆਈ ਹੈ। ਪਰ ਸਾਡੇ ਪੰਜਾਬੀਆਂ ਲਈ ਅਤੇ ਖਾਸ ਕਰਕੇ ਵਾਰਸ ਪੰਜਾਬ ਪਾਰਟੀ ਲਈ ਵੀ ਸਭ ਤੋਂ ਵੱਧ ਅਹਿਮ ਲਿਖਤ ਹੈ ਕਿਉਂਕਿ ਸੂਬਿਆਂ ਅੰਦਰ ਹਲਕਿਆਂ ਦੀ ਨਵੀਂ ਹੱਦਬੰਦੀ ਹੋ ਰਹੀ ਹੈ ਅਤੇ ਇਸ ਢੰਗ ਨਾਲ ਚੁੱਪ ਚੁਪੀਤੇ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ "ਪੰਥਕ ਰਾਜਨੀਤੀ" ਦਾ ਸੂਰਜ ਵੀ ਸਦਾ ਲਈ ਪੰਜਾਬ ਦੀ ਧਰਤੀ ਤੋਂ ਅਲੋਪ ਕਰ ਦਿੱਤਾ ਜਾਵੇ।
ਵੈਸੇ ਆਪਣੇ ਵੀ ਇੱਥੇ" ਬਾਦਲ ਕਲਚਰ" ਨੇ ਪੰਜਾਬੀਅਤ ਦੇ ਨਾਂ ਹੇਠਾਂ ਰਾਜ ਕਰਦਿਆਂ ਪੰਥਕ ਰਾਜਨੀਤੀ ਨੂੰ ਪੰਜਾਬ ਦੀ ਸਰਜ਼ਮੀਨ ਤੋਂ ਖਤਮ ਕਰਨ ਲਈ ਕੋਈ ਘੱਟ ਨਹੀਂ ਕੀਤੀ। ਅੱਜ ਵੀ ਉਨਾਂ ਦੇ ਤੌਰ ਤਰੀਕੇ ਉਹੋ ਹੀ ਹਨ।
ਹੁਣ ਸੁਣੋ ਸਾਰੀ ਗੱਲ ਅਤੇ ਬੰਨ ਲਓ ਪਲੇ।ਰਾਹੁਲ ਨੇ ਕਿਹਾ ਹੈ ਕਿ ਤਾਮਿਲ ਨਾਡੂ ਦੇ ਲੋਕੋ ਜਾਗੋ!! ਜਾਗੋ! ਕਿਉਂਕਿ ਤੁਹਾਡੇ ਸੂਬੇ ਦੀ ਨਵੀਂ ਹੱਦਬੰਦੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਤੁਹਾਡਾ ਭਵਿੱਖ,ਤੁਹਾਡੀ ਜ਼ਬਾਨ, ਅਤੇ ਤਾਮਲਨਾਡੂ ਦੇ ਲੋਕਾਂ ਦਾ ਰਾਜਨੀਤਿਕ ਅਸਰ ਰਸੂਖ ਖਤਮ ਕਰ ਦਿੱਤਾ ਜਾਵੇ।ਉਹਨਾਂ ਨੇ ਇਸ ਕਦਮ ਨੂੰ ਸਾਜਿਸ਼ ਵੀ ਕਰਾਰ ਦਿੱਤਾ ਹੈ।ਉਹਨਾਂ ਇਹ ਵੀ ਆਖਿਆ ਹੈ ਕਿ ਇਸ ਸਾਜਿਸ਼ ਦਾ ਮਨੋਰਥ ਤਾਮਲ ਲੋਕਾਂ ਤੋਂ "ਤਾਮਲ ਸ਼ਕਤੀ, ਤਾਮਿਲ ਜਾਹੋ ਜਲਾਲ" ਨੂੰ ਤੁਹਾਡੇ ਤੋਂ ਖੋਹ ਲੈਣਾ ਹੈ।
ਦੋਸਤੋ,ਵੈਸੇ ਤਾਂ ਇਹ ਹੈਰਾਨੀ ਵਾਲੀ ਗੱਲ ਹੀ ਹੈ ਕਿ ਰਾਸ਼ਟਰਵਾਦੀ ਪਾਰਟੀ ਕਾਂਗਰਸ ਵੀ ਸੂਬਿਆਂ ਦੀ ਆਪਣੀ ਪ੍ਰਭੂਸੱਤਾ ਅਤੇ ਉਨਾਂ ਦੇ ਸੱਭਿਆਚਾਰ ਦੀ ਰਾਖੀ ਲਈ ਮੈਦਾਨ ਵਿੱਚ ਉੱਤਰੀ ਹੋਈ ਹੈ। ਇਥੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਹਾਲਾਂਕਿ ਪੰਜਾਬ ਦੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਹੀ ਹੈ।
ਦੋਸਤੋ,ਰਾਹੁਲ ਨੇ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਤਾਮਿਲਨਾਡੂ ਦੇ ਇਤਿਹਾਸ ਨਾਲ ਜੋੜਿਆ ਹੈ ਜਿੱਥੇ ਈਸਟ ਇੰਡੀਆ ਕੰਪਨੀ ਦੀ ਹਕੂਮਤ ਦੌਰਾਨ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਇਲਾਕੇ ਈਟਾਪੁਰ ਵਿੱਚ ਇਟਾਪਾ ਦਾ ਰਾਜ ਸੀ। ਉਹ ਇਕ ਵੱਡਾ ਜਗੀਰਦਾਰ ਸੀ।ਜਗੀਰਦਾਰ ਤਾਂ ਛੱਡੋ ਜਗੀਰਦਾਰਾਂ ਦਾ ਵੀ ਸਰਦਾਰ ਸੀ ਅਤੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ?ਜਬਰੀ ਟੈਕਸ ਵਸੂਲਦਾ ਸੀ, ਲੋਕ ਉਸ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਦੇ ਸਨ। ਉਹ ਇਸਟ ਇੰਡੀਆ ਕੰਪਨੀ ਦਾ ਪਿੱਠੂ ਵੀ ਸੀ ਪਰ ਨਾਲ ਹੀ ਇੱਕ ਹੋਰ ਖੇਤਰ ਸੀ ਜਿੱਥੇ ਤਾਮਿਲ ਲੋਕਾਂ ਦੇ ਜਜ਼ਬਿਆਂ ਦਾ ਨਾਇਕ, ਹਰਮਨ ਪਿਆਰਾ ਤੇ ਆਜ਼ਾਦੀ ਘੁਲਾਟੀਆਂ ਕੱਟਾ ਬੋਮਨ ਸੀ ਜਿਸ ਤੋਂ ਈਸਟ ਇੰਡੀਆ ਕੰਪਨੀ ਬਹੁਤ ਔਖੀ ਸੀ। ਪਰ ਅਟਾਪਾ ਨੇ ਉਸ ਨੂੰ ਫੜ ਕੇ ਕੰਪਨੀ ਦੇ ਹਵਾਲੇ ਕੀਤਾ ਅਤੇ 1799 ਵਿੱਚ ਕੰਪਨੀ ਨੇ ਕੱਟਾ ਬੋਮਨ ਨੂੰ ਸਦਾ ਲਈ ਖਤਮ ਕਰ ਦਿੱਤਾ।
ਪਰ ਦੋਸਤੋ, ਤਾਮਲ ਲੋਕਾਂ ਦੀ ਤਾਂ ਉਹ ਜਿੰਦ ਜਾਨ ਸੀ,ਉਹਨਾਂ ਦੇ ਦਿਲਾਂ ਦੀ ਦੀ ਧੜਕਣ ਸੀ,ਜਾਨ ਤੋਂ ਵੀ ਪਿਆਰਾ ਸੀ ਬਿਲਕੁਲ ਇਵੇਂ ਜਿਵੇਂ ਆਪਾਂ ਸੰਤ ਜਰਨੈਲ ਸਿੰਘ,ਦੀਪ ਸਿੱਧੂ ਤੇ ਅੰਮ੍ਰਿਤਪਾਲ ਨੂੰ ਪਿਆਰ ਕਰਦੇ ਹਾਂ।ਗੱਲ ਕੀ ਜੇਕਰ ਕਿਸੇ ਨੂੰ ਗਦਾਰ ਕਹਿਣਾ ਹੋਵੇ ਤਾਂ ਤਾਮਿਲਨਾਡੂ ਵਿੱਚ ਅਟਾਪਾ ਗਦਾਰੀ ਦਾ ਅਲਟੀਮੇਟ ਸਿੰਬਲ ਯਾਨੀ ਕਿ ਆਖਰੀ ਪ੍ਰਤੀਕ ਬਣ ਚੁੱਕਾ ਹੈ? ਲੋਕ ਗੀਤਾਂ ਵਿੱਚ ਉਸ ਨੂੰ ਲਾਅਨਤਾਂ ਮਿਲਦੀਆਂ ਹਨ ਅਤੇ ਹੁਣ ਵੀ ਜਦੋਂ ਤਾਮਿਲਨਾਡੂ ਵਿੱਚ ਕੋਈ ਆਗੂ ਗਦਾਰੀ ਕਰਦਾ ਹੈ, ਪਾਰਟੀ ਛੱਡ ਜਾਂਦਾ ਹੈ ਜਾਂ ਪਾਰਟੀ ਦੇ ਅੰਦਰਲੇ ਭੇਤ ਜਗ ਜਾਹਰ ਕਰਦਾ ਹੈ ਤਾਂ ਉਸ ਨੂੰ ਅਟਾਪਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ? ਉਹ ਨਫਰਤ ਦੇ ਰੂਪ ਵਿੱਚ ਲੋਕ ਗੀਤਾਂ ਅੰਦਰ ਡੂੰਘਾ ਧਸ ਗਿਆ ਹੈ।
ਰਾਹੁਲ ਹੋਕਾ ਦੇ ਕੇ ਕਹਿ ਰਿਹਾ ਹੈ ਕਿ ਬਚ ਜਾਓ,ਹਦਬੰਦੀ ਦਾ ਵਿਰੋਧ ਕਰੋ, ਕਿਤੇ 21ਵੀਂ ਸਦੀ ਦੇ ਅਟਾਪਾ ਨਾ ਬਣ ਜਾਇਓ। ਦੋਸਤੋ,ਆਪਣੇ ਵੀ ਇਥੇ ਪੰਜਾਬ ਵਿੱਚ ਪੰਜਾਬੀ ਬੋਲੀ ਇੱਕ ਤਰਾਂ ਨਾਲ ਪੂਰੀ ਤਰਾਂ ਰੁਲ ਗਈ ਹੈ। ਗਵਾਂਢੀ ਰਾਜਾਂ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਦੇ 20-20 ਕਿਲੋਮੀਟਰ ਵਿਚ ਹਿੰਦੀ ਦਾ ਬੋਲਬਾਲਾ ਹੈ,ਯਾਨੀ ਸਨਾਤਨੀ ਕਲਚਰ ਨਵੇਂ ਰੂਪ ਵਿੱਚ ਸਾਹਮਣੇ ਆ ਰਿਹਾ ਹੈ।ਪ੍ਰਵਾਸੀ ਇਹਨਾਂ ਇਲਾਕਿਆਂ ਵਿੱਚ ਛਾਏ ਹੋਏ ਹਨ, ਉਨਾਂ ਦੇ ਧੜਾ ਧੜ ਰਾਸ਼ਨ ਕਾਰਡ ਬਣ ਰਹੇ ਹਨ। ਅਸੀਂ ਸਰਬੱਤ ਦੇ ਭਲੇ ਦੇ ਨਾਂ ਹੇਠਾਂ "ਆਪਣਾ ਭਲਾ" ਦੁਸ਼ਮਣਾਂ ਦੀ ਵਿਆਖਿਆ ਲਈ ਛੱਡ ਦਿੱਤਾ ਹੈ । ਸਿੱਖਾਂ ਵਿੱਚੋਂ ਵੀ ਚੁਣ ਚੁਣ ਕੇ "ਅਟਾਪਾ" ਭਾਰਤੀ ਜਨਤਾ ਪਾਰਟੀ ਵਿੱਚ ਅੱਜ ਕੱਲ ਸ਼ਾਮਿਲ ਕੀਤੇ ਜਾ ਰਹੇ ਹਨ। ਉੱਚ ਕੋਟੀ ਦੇ ਕੁਝ ਸਿੱਖ ਬੁੱਧੀਜੀਵੀ ਜੀਵੀ ਵੀ ਬੜੇ ਖੂਬਸੂਰਤ ਅੰਦਾਜ਼ ਵਿੱਚ ਸਨਾਤਨ ਦਾ ਪ੍ਰਚਾਰ ਕਰ ਰਹੇ ਹਨ। ਇਹ ਨਵੇਂ ਲੁਕੇ ਆਰੀਆ ਸਮਾਜੀ ਹਨ ਜਿਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਕਦੇ ਆਪਣੀ ਮਾਂ ਬੋਲੀ ਹਿੰਦੀ ਲਿਖਾਉਣ ਲਈ ਸਾਰਾ ਜੋਰ ਲਾ ਦਿੱਤਾ ਸੀ।
ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਡੀਲੇ ਘਾਹ ਵਾਂਗ ਹੌਲੀ ਹੌਲੀ ਵਧ ਰਹੇ "ਅਟਾਪਾ ਕਲਚਰ"ਦੇ ਭਿੰਨ ਭਿੰਨ ਰੰਗਾਂ ਬਾਰੇ ਕੋਈ ਬਰੀਕ, ਸੂਖਮ ਅਤੇ ਤਰਕ ਭਰਪੂਰ ਸਮਝ ਹੋਵੇਗੀ।
ਦਰਜੀ ਦੀਆਂ ਲੀਰਾਂ ਵਾਂਗ ਖਿਲਰੇ ਪੰਜਾਬੀ ਭਰਾਵੋ! ਜਾਗ ਜਾਓ, ਅਟਾਪਾ ਕਲਚਰ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਲਈ ਉਤਾਵਲਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.