ਬੀਜੇਪੀ-ਅਕਾਲੀ ਦਲ ਗਠਜੋੜ ਦੀਆਂ ਕਨਸੋਆਂ ਨੂੰ ਬਲ ਮਿਲਣ ਲੱਗਿਆ

ਬੀਜੇਪੀ-ਅਕਾਲੀ ਦਲ ਗਠਜੋੜ ਦੀਆਂ ਕਨਸੋਆਂ ਨੂੰ ਬਲ ਮਿਲਣ ਲੱਗਿਆ

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਨ ਵਾਲੀ ਹਰ ਪਾਰਟੀ ਨਾਲ ਗਠਜੋੜ ਸੰਭਵ-ਸੁਖਬੀਰ ਸਿੰਘ ਬਾਦਲ 

ਬਿੰਦਰ ਸਿੰਘ ਖੁੱਡੀ ਕਲਾਂ 
ਬਰਨਾਲਾ 23 ਅਕਤੂਬਰ 

:​ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੌਰੇ ਉਪਰੰਤ ਪੰਜਾਬ ਬਾਰੇ ਦਿੱਤੇ ਰਾਜਸੀ ਬਿਆਨ ਨੂੰ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਦੇ ਸੰਭਾਵੀ ਗਠਜੋੜ ਵੱਲ ਇਸਾ਼ਰੇ ਵਜੋਂ ਵੇਖਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੋਂ ਠੀਕ ਦੂਜੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਰਾਜਸੀ ਗੱਠਜੋੜ ਬਾਰੇ ਦਿੱਤਾ ਬਿਆਨ ਵੀ ਅਸਿੱਧੇ ਰੂਪ ਵਿੱਚ ਭਾਜਪਾ-ਅਕਾਲੀ ਦਲ ਦੇ ਸੰਭਾਵੀ ਗਠਜੋੜ ਵੱਲ ਹੀ ਇਸਾਰਾ ਕਰ ਰਿਹਾ ਹੈ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਸਿਆਸਤ ਨੂੰ ਲੈ ਕੇ ਇੱਕ ਵੱਡਾ ਅਤੇ ਸਪੱਸ਼ਟ ਬਿਆਨ ਦਿੰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਦੋ ਸਭ ਤੋਂ ਵੱਡੀਆਂ ਦੁਸ਼ਮਣ ਧਿਰਾਂ ਗਰਦਾਨਿਆ ਹੈ।ਉਨ੍ਹਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਨਾਲ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ ਸਮਝੌਤੇ ਜਾਂ ਗਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀਆਂ ਖੇਤਰੀ ਭਾਵਨਾਵਾਂ, ਹੱਕਾਂ ਅਤੇ ਵਿਕਾਸ ਦਾ ਪਹਿਰੇਦਾਰ ਹੈ, ਜਦੋਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਪੰਜਾਬ ਦੇ ਸ੍ਰੋਤਾਂ, ਖੇਤੀਬਾੜੀ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਹੈ।

​ਆਪਣੇ ਬਿਆਨ ਨੂੰ ਹੋਰ ਵਿਸਥਾਰ ਦਿੰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਉਨ੍ਹਾਂ ਪਾਰਟੀਆਂ ਨਾਲ ਹੱਥ ਨਹੀਂ ਮਿਲਾ ਸਕਦਾ ਜਿਨ੍ਹਾਂ ਦਾ ਇਤਿਹਾਸ ਜਾਂ ਮੌਜੂਦਾ ਨੀਤੀਆਂ ਪੰਜਾਬ ਵਿਰੋਧੀ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਹਾਈਕਮਾਂਡ ਦੇ ਇਸ਼ਾਰਿਆਂ 'ਤੇ ਚੱਲ ਕੇ ਪੰਜਾਬੀ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਜਦਕਿ ਕਾਂਗਰਸ ਦਾ ਇਤਿਹਾਸ ਪੰਜਾਬ ਦੇ ਧਾਰਮਿਕ, ਆਰਥਿਕ ਅਤੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਰਿਹਾ ਹੈ। ਇਸ ਲਈ ਇਨ੍ਹਾਂ ਦੋਵਾਂ ਧਿਰਾਂ ਨਾਲ ਅਕਾਲੀ ਦਲ ਦਾ ਕਿਸੇ ਵੀ ਮੰਚ 'ਤੇ ਇਕੱਠੇ ਹੋਣਾ ਅਸੰਭਵ ਹੈ।

​ਭਵਿੱਖ 'ਚ ਰਾਜਨੀਤਿਕ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਹੋਰਨਾਂ ਸਿਆਸੀ ਧਿਰਾਂ ਨਾਲ ਗਠਜੋੜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਹਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਜੋ ਵੀ ਧਿਰਾਂ ਅਕਾਲੀ ਦਲ ਦੇ ਮੁੱਖ ਸਿਧਾਂਤਾਂ 'ਤੇ ਨਾਲ ਚੱਲਣਗੀਆਂ, ਉਨ੍ਹਾਂ ਨਾਲ ਮਿਲ ਕੇ ਅੱਗੇ ਵਧਣ ਦਾ ਰਸਤਾ ਹਮੇਸ਼ਾ ਖੁੱਲ੍ਹਾ ਰਹੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.