ਸਾਨੂੰ ਖ਼ੈਰਾਤ ਨਹੀਂ ਹੱਕ ਚਾਹੀਦੇ ਨੇ...
- ਧਾਰਮਿਕ/ਰਾਜਨੀਤੀ
- 23 Apr, 2026 05:30 PM (Asia/Kolkata)
ਸ਼ੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਿੱਚ ਬਾਬਾ ਹਰਨਾਮ ਸਿੰਘ ਧੁੰਮਾਂ ਕਹਿ ਰਿਹਾ ਹੈ ਕਿ ਸੰਨ 1978 ਤੋਂ ਲੈਕੇ 1993 ਤੱਕ ਸਵਾ ਲੱਖ ਮੁੰਡਾ ਸ਼ਹੀਦ ਹੋਇਆ ਹੈ ਤੇ ਸਾਡੀਆਂ ਸਰਕਾਰਾਂ ਆਈਆਂ ਤੇ ਉੱਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ । ਦੂਜਾ ਕਹਿੰਦਾ ਹੈ ਕਿ ਮੈਂ ਕੇਂਦਰ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਭਾਵੇਂ ਸਿੱਖ ਹਿੰਦੂ ਜਾਂ ਕਿਸੇ ਹੋਰ ਦਾ ਓਸ ਸਮੇਂ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਸ ਦੀ ਭਰਪਾਈ ਕੀਤੀ ਜਾਵੇ । ਪਹਿਲੀ ਗੱਲ ਤਾਂ ਇਹ ਹੈ ਕਿ ਬਾਬਾ ਧੁੰਮਾਂ ਪੂਰੇ ਪੰਜਾਬ ਵਿੱਚੋਂ ਕਿਸੇ ਵੀ ਇੱਕ ਸ਼ਹੀਦ ਦੇ ਪਰਿਵਾਰ ਨੂੰ ਪੇਸ਼ ਕਰ ਦੇਵੇ ਕਿ ਇਸ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਕਿਸੇ ਵੀ ਸਰਕਾਰ ਵਲੋਂ ਨੌਕਰੀ ਮਿਲੀ ਹੋਵੇ । ਅਸੀਂ ਦੋ ਚਾਰ ਜਾਂ ਦਸ ਵੀਹ ਸੌ ਜਾਂ ਹਜ਼ਾਰਾਂ ਪਰਿਵਾਰਾਂ ਦੀ ਗੱਲ ਹੀ ਨਹੀਂ ਕਰਦੇ । ਨਹੀਂ ਤਾਂ ਅਸੀਂ ਹਜ਼ਾਰਾਂ ਸ਼ਹੀਦ ਸਿੰਘਾਂ ਦੇ ਪਰਿਵਾਰ ਸ਼ੋਅ ਕਰ ਦਿੰਦੇ ਹਾਂ ਜਿਹੜੇ ਅੱਜ ਵੀ ਮਾਰਚ 2026 ਵਿੱਚ ਵੀ ਰੋਟੀ ਕੱਪੜਾ ਔਰ ਮਕਾਨ ਤੋਂ ਵੀ ਅਵਾਜਾਰ ਹਨ । ਅਸੀਂ ਪੈਂਤੀ ਸਾਲਾਂ ਤੋਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰਦੇ ਆ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਕਿ ਕਿਸੇ ਸਰਕਾਰ ਨੇ ਸਾਡੇ ਕਿਸੇ ਧੀ ਪੁੱਤ ਦੀ ਮਦਦ ਕੀਤੀ ਹੈ ਜਾਂ ਕੋਈ ਨੌਕਰੀ ਦਿੱਤੀ ਹੈ। ਸਿੱਖਾਂ ਦੀਆਂ ਆਪਣੀਆਂ ਸਿੱਖ ਸੰਸਥਾਵਾਂ ਨੇ ਜਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਜਰੂਰ ਕਾਫੀ ਪਰਿਵਾਰਾਂ ਦੀ ਮਦਦ ਕੀਤੀ ਹੈ । ਜਿਹੜੀ ਹਿੰਦ ਸਰਕਾਰ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦੀ ਹੋਵੇ ਉੱਹ ਸਿੱਖਾਂ ਦੀ ਕੀ ਮਦਦ ਕਰੇਗੀ ਜੀ । ਉੱਲਟਾ ਸਰਕਾਰ ਤਾਂ ਸਿੱਖਾਂ ਨੂੰ ਦੇਸ਼ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਜਾਨੋਂ ਹੀ ਮਰਵਾ ਰਹੀ ਹੈ। ਉੱਲਟਾ ਪੰਜਾਬ ਅਤੇ ਭਾਰਤ ਸਰਕਾਰ ਤਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਹੀ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ। ਏਸ ਸਰਕਾਰ ਨੇ ਸਾਡੇ ਕਈ ਸਿੰਘਾਂ ਦੇ ਭੋਗ ਨਹੀਂ ਪੈਣ ਦਿੱਤੇ, ਉੱਹਨਾਂ ਦੀ ਯਾਦ ਵਿੱਚ ਗੁਰਦੁਆਰੇ ਨਹੀਂ ਬਣਨ ਦਿੱਤੇ, ਬਣੇ ਹੋਏ ਗੁਰਦੁਆਰਿਆਂ ਵਿੱਚੋਂ ਨਿਸ਼ਾਨ ਸਾਹਿਬ ਹੀ ਪੰਜਾਬ ਪੁਲੀਸ ਵੱਢ ਦਿੱਤੇ ਸਨ । ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਦੀ ਕਿੰਨੇ ਸਾਲ ਸਾਂਝ ਭਿਆਲੀ ਰਹੀ ਬੀਜੇਪੀ ਆਰ ਐਸ ਐਸ ਨਾਲ, ਉੱਹਨੇਂ ਇਹਨਾਂ ਝੋਟਿਆਂ ਦੇ ਘਰੋਂ ਦੱਸੋ ਕਿਹੜੀ ਲੱਸੀ ਲੈ ਕੇ ਦੇ ਦਿੱਤੀ ਸੀ ਪੰਜਾਬ ਨੂੰ ਜੀ । ਉੱਲਟਾ ਅਗਲੇ ਪੰਜਾਬ ਵਿੱਚ ਪੱਕੇ ਹੀ ਡੇਰੇ ਲਗਾ ਕੇ ਬਹਿ ਗਏ ਹਨ। ਦੂਜਾ ਬਾਬਾ ਧੁੰਮਾਂ ਜੀ ਕਹਿੰਦੇ ਹਨ ਕਿ ਮੈਂ ਕੇਂਦਰ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉੱਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਮੰਗਾਂ ਮੰਗਣੀਆਂ ਮੰਗਤਿਆਂ ਦਾ ਕੰਮ ਤਾਂ ਹੋ ਸਕਦਾ ਪਰ ਖਾਲਸੇ ਦਾ ਕੰਮ ਨਹੀਂ ਹੋ ਸਕਦਾ। ਖਾਲਸਾ ਹਮੇਸ਼ਾਂ ਆਪਣੇ ਹੱਕ ਜੁੱਤੀ ਦੇ ਜੋਰ ਨਾਲ ਲੈਂਦਾ ਆਇਆ ਹੈ। ਬਾਕੀ ਬਾਬਾ ਧੁੰਮਾਂ ਜੀ ਤੁਸੀਂ ਕੋਸ਼ਿਸ਼ ਕਰ ਕੇ ਵੇਖ ਲਓ ਪਰ ਇਹ ਪੱਥਰਾਂ ਨੂੰ ਪੂਜਦੇ ਹਨ ਅਤੇ ਏਹਨਾਂ ਦੇ ਦਿਲ ਵੀ ਪੱਥਰਾਂ ਵਰਗੇ ਹੀ ਬਣ ਗਏ ਹਨ । ਚਲੋ ਥੋੜੇ ਜਿਹੇ ਸਾਡੇ ਕੰਮ ਹੀ ਕਢਵਾ ਦਿਓ ਸਰਕਾਰ ਕੋਲੋਂ ਤਾਂ ਤੁਹਾਨੂੰ ਮੰਨ ਜਾਵਾਂਗੇ ਅਸੀਂ ਵੀ । ਇੱਕ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਕਰਵਾ ਦਿਓ ਉੱਹ ਤਾਂ ਹੁਣ ਹਸਪਤਾਲ ਵਿੱਚ ਦਾਖਲ ਹੋ ਅਤੇ ਆਪਣੇ ਆਪ ਦੀ ਸਿੱਧ ਬੁੱਧ ਨੀ ਖੋ ਬੈਠਾ ਹੈ, ਦੂਜਾ ਜਗਤਾਰ ਸਿੰਘ ਹਵਾਰਾ ਜੀ ਜਥੇਦਾਰ ਸਾਹਿਬ ਨੂੰ ਉੱਹਨਾ ਦੇ ਮਾਤਾ ਜੀ ਮਿਲਵਾ ਦਿਓ , ਤੀਜਾ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਲੱਗੀ ਨਜਾਇਜ ਐਨ ਐਸ ਏ ਹਟਵਾ ਦਿਓ ਅਤੇ ਡਿਬਰੂਗੜ੍ਹ ਤੋਂ ਪੰਜਾਬ ਦੀ ਬਦਲੀ ਵੀ ਕਰਵਾ ਦਿਓ , ਚੌਥਾ ਤੁਸੀਂ ਖੁਦ ਹੀ ਵੀਡੀਓ ਵਿੱਚ ਬੰਦੀ ਸਿੰਘਾਂ ਦਾ ਵੀ ਜਿਕਰ ਕੀਤਾ ਹੈ ਤੇ ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਤੁਹਾਡੇ ਖੱਬੇ ਹੱਥ ਦਾ ਕੰਮ ਹੈ, ਤੁਹਡੀ ਹੁਣ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨਾਲ ਨੇੜੇ ਦੀ ਸਾਂਝ ਹੈ , ਤੁਸੀਂ ਉੱਸ ਨੂੰ ਝੁੱਕ ਕੇ ਸਲਾਮ ਵੀ ਕਰਦੇ ਹੋ, ਸਿਰੋਪੇ ਸ਼ੀਲਡਾਂ ਵੀ ਦਿੰਦੇ ਹੋ , ਉੱਸ ਸਿੱਖਾਂ ਦੇ ਕਾਤਲ ਦੇ ਸਿਰ ਉੱਤੇ ਗੁਰੂਆਂ ਦੀ ਬਖਸ਼ੀ ਹੋਈ ਕੇਸਰੀ ਦਸਤਾਰ ਵੀ ਸਜਾਉਂਦੇ ਹੋ । ਪਰ ਸਾਡੀ ਗਰੰਟੀ ਹੈ ਕਿ ਤੁਸੀਂ ਅਜਿਹਾ ਕੁੱਝ ਵੀ ਨਹੀਂ ਕਰਵਾ ਸਕਦੇ । ਤੁਸੀਂ ਡਰਪੋਕ ਹੋ ਬੁੱਝਦਿਲ ਹੋ ਕਾਇਰ ਹੋ, ਤੁਸੀਂ ਸਿਰਫ ਅਤੇ ਸਿਰਫ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਜਿਸ ਚਮੜੀ ਨੇ ਇੱਕ ਨਾ ਇੱਕ ਨੇ ਸੜ ਕੇ ਸਵਾਹ ਹੋਣਾ ਹੀ ਹੋਣਾ ਹੈ। ਤੁਸੀਂ ਸਾਡੀ ਮਾਂ ਦਮਦਮੀ ਟਕਸਾਲ ਦਾ ਨਾਮ ਦੁਨੀਆਂ ਭਰ ਵਿੱਚ ਨੀਵਾਂ ਕੀਤਾ ਹੈ। ਪਰ ਸਾਡਾ ਵਾਅਦਾ ਹੈ ਤੁਹਾਡੇ ਨਾਲ ਅਤੇ ਪੰਥ ਨਾਲ ਅਸੀਂ ਆਪਣੇ ਜਿਊਂਦੇ ਜੀਅ ਉੱਸ ਦਮਦਮੀ ਟਕਸਾਲ ਦਾ ਨਾਮ ਨੀਵਾਂ ਨਹੀਂ ਹੋਣ ਦਿਆਂਗੇ ਕਿਉਂਕਿ ਅਸੀਂ ਦਮਦਮੀ ਟਕਸਾਲ ਦਾ ਲੂਣ ਖਾਧਾ ਹੋਇਆ ਹੈ। ਜਿਸ ਦਿਨ ਤੁਹਾਡੇ ਦਮਦਮੀ ਟਕਸਾਲ ਦੇ ਮੁੱਖੀ ਬਣਨ ਤੋਂ ਬਾਅਦ ਮੈਂ ਪਹਿਲੀ ਵੇਰ ਮਹਿਤਾ ਸਾਹਿਬ ਤੁਹਾਨੂੰ ਮਿਲਣ ਆਇਆ ਸੀ ਆਪਣੇ ਪਰਿਵਾਰ ਸਮੇਤ ਤੇ ਭਾਈ ਮੋਹਕਮ ਸਿੰਘ ਜੀ ਨੇ ਵੀ ਤੁਹਾਨੂੰ ਮੇਰੇ ਵਾਰੇ ਦੱਸਿਆ ਸੀ ਉੱਸ ਦਿਨ ਵੀ ਹਰਪ੍ਰੀਤ ਸਿੰਘ ਪੰਮਾ ਇੱਕ ਆਰ ਐਸ ਐਸ ਵਲੋਂ ਛਾਪੀ ਹੋਈ ਸੌ ਸਾਖੀ ਵਾਲੀ ਕਿਤਾਬ ਲਿਆਇਆ ਸੀ ਨਾਲ ਤੇ ਜਿਸ ਵਿੱਚ ਗੁਰੂ ਸਾਹਿਬਾਨ ਵਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਬਾਬਾ ਜੀ ਇਹ ਕਿਤਾਬਾਂ ਦੇ ਛਪਣ ਉੱਤੇ ਪਾਬੰਦੀ ਲਗਵਾਓ ਤਾਂ ਤੁਹਾਡਾ ਜਵਾਬ ਸੀ ਕਿ ਤੁਸੀਂ ਕੋਈ ਹੋਰ ਕਿਤਾਬਾਂ ਪੜ ਲਿਆ ਕਰੋ ਤੇ ਮੈਂ ਉੱਸ ਸਮੇਂ ਹੀ ਸਮਝ ਗਿਆ ਸੀ ਕਿ ਇਸ ਬਾਬੇ ਦੇ ਪੱਲੇ ਕੁੱਝ ਵੀ ਨਹੀਂ ਹੈ । ਤੁਹਾਡੀ ਜਗ੍ਹਾ ਸੰਤ ਜਰਨੈਲ ਸਿੰਘ ਜੀ ਹੁੰਦੇ ਤਾਂ ਨਾ ਹੀ ਕਿਤਾਬਾਂ ਛਾਪਣ ਵਾਲੇ ਲੱਭਣੇ ਸੀ ਅਤੇ ਨਾ ਹੀ ਲਿਖਣ ਲਿਖਵਾਉਣ ਵਾਲੇ। ਏਸ ਕਰਕੇ ਸਾਡੀ ਪਾਠਕਾਂ ਨੂੰ ਵੀ ਦੋਨੋ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਬਾਬੇ ਧੁੰਮੇ ਅਤੇ ਇਸਦੇ ਗੰਦ ਬਕਣ ਵਾਲੇ ਚੇਲਿਆਂ ਦਾ ਪਿੰਡਾਂ ਕਸਬਿਆਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਬਾਈਕਾਟ ਹੀ ਕਰ ਦਿਓ। ਇਹ ਵਿਕ ਚੁੱਕੇ ਹਨ ਗਰਕ ਚੁੱਕੇ ਹਨ ਰੁੜ੍ਹ ਚੁੱਕੇ ਹਨ ਕਲੰਕਿਤ ਹੋ ਚੁੱਕੇ ਹਨ ਇਹਨਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ ਇਹ ਸਿਰਫ ਜਿਊਂਦੀਆਂ ਜਾਗਦੀਆਂ ਲਾਸ਼ਾਂ ਹੀ ਬਣ ਚੁੱਕੀਆਂ ਹਨ ਜੀ।

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)