ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਸਮੁੱਚੇ ਪੰਥ ਦੀ ਜ਼ਿੰਮੇਵਾਰੀ : ਅਜੇਪਾਲ ਸਿੰਘ ਬਰਾੜ
- ਰਾਜਨੀਤੀ
- 30 Jun, 2026 04:32 PM (Asia/Kolkata)
ਮਿਸਲ ਸਤਲੁਜ ਵੱਲੋਂ ਸ. ਦਲਬੀਰ ਸਿੰਘ ਜਟਾਣਾ ਨੂੰ ਬਿਨਾਂ ਸ਼ਰਤ ਸਮਰਥਨ, ਸਮੂਹ ਪੰਥਕ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਜੂਨ (ਮੰਗਤ ਸਿੰਘ ਸੈਦਪੁਰ) : ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸ. ਅਜੇ ਪਾਲ ਸਿੰਘ ਬਰਾੜ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਐਲਾਨ ਕੀਤਾ ਕਿ ਮਿਸਲ ਸਤਲੁਜ ਪਾਰਟੀ ਵੱਲੋਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਛੋਟੇ ਭਰਾ ਸਰਦਾਰ ਦਲਬੀਰ ਸਿੰਘ ਜਟਾਣਾ ਨੂੰ ਰੋਪੜ ਵਿਧਾਨ ਸਭਾ ਹਲਕੇ ਤੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਨਾਂ ਕਿਸੇ ਸ਼ਰਤ ਦੇ ਪੂਰਾ ਸਮਰਥਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਪੰਥ ਅਤੇ ਪੰਜਾਬ ਦਾ ਮਾਣ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਦੀ ਪ੍ਰਤੀਨਿਧਤਾ ਦਾ ਮੌਕਾ ਮਿਲਣਾ ਸਿਰਫ਼ ਇੱਕ ਰਾਜਨੀਤਿਕ ਮਾਮਲਾ ਨਹੀਂ, ਸਗੋਂ ਸਮੁੱਚੇ ਪੰਥ ਲਈ ਸਨਮਾਨ ਅਤੇ ਫ਼ਰਜ਼ ਦਾ ਵਿਸ਼ਾ ਹੈ। ਸਰਦਾਰ ਬਰਾੜ ਨੇ ਕਿਹਾ ਕਿ ਹੁਣ ਸ. ਦਲਬੀਰ ਸਿੰਘ ਜਟਾਣਾ ਨੂੰ ਪੰਥ ਦੇ ਸਾਂਝੇ ਉਮੀਦਵਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਮੂਹ ਪੰਥਕ, ਸਮਾਜਿਕ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਸਰਦਾਰ ਦਲਬੀਰ ਸਿੰਘ ਜਟਾਣਾ ਦੇ ਹੱਕ ਵਿੱਚ ਇੱਕਜੁੱਟ ਹੋਣ ਅਤੇ ਰੋਪੜ ਹਲਕੇ ਤੋਂ ਕੋਈ ਹੋਰ ਪੰਥਕ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਉਤਾਰਨ। ਉਨ੍ਹਾਂ ਕਿਹਾ ਕਿ ਜੇਕਰ ਸਮੂਹ ਪੰਥਕ ਤਾਕਤਾਂ ਇੱਕ ਮੰਚ 'ਤੇ ਇਕੱਠੀਆਂ ਹੋ ਜਾਣ ਤਾਂ ਇਹ ਨਾ ਸਿਰਫ਼ ਸ਼ਹੀਦ ਪਰਿਵਾਰ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ, ਸਗੋਂ ਪੰਥਕ ਏਕਤਾ ਦਾ ਵੀ ਇੱਕ ਵਿਸ਼ੇਸ਼ ਸੰਦੇਸ਼ ਜਾਵੇਗਾ। ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਪਾਰਟੀ ਸਰਦਾਰ ਦਲਬੀਰ ਸਿੰਘ ਜਟਾਣਾ ਦੀ ਜਿੱਤ ਲਈ ਹਰ ਸੰਭਵ ਯੋਗਦਾਨ ਦੇਵੇਗੀ ਅਤੇ ਮਿਸਲ ਸਤਲੁਜ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕਰਦੀ ਹੈ ਕਿ ਉਹ ਸ਼ਹੀਦਾਂ ਦੇ ਇਸ ਪਰਿਵਾਰ ਨੂੰ ਵੱਡੀ ਗਿਣਤੀ ਦੇ ਬਹੁਮਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣ, ਤਾਂ ਜੋ ਉਨ੍ਹਾਂ ਦੀ ਆਵਾਜ਼ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ 'ਤੇ ਮਜ਼ਬੂਤੀ ਨਾਲ ਗੂੰਜ ਸਕੇ।
Leave a Reply