ਖ਼ਾਲਿਸਤਾਨ ਗੁਰੀਲਾ ਫੋਰਸ ਦੇ ਮੁਖੀ ਭਾਈ ਅਜੀਤ ਸਿੰਘ ਕਾਦੀਆਂ ਦਾ ਸ਼ਹੀਦੀ ਦਿਹਾੜਾ ਖ਼ਾਲਸਾਈ ਸ਼ਾਨ ਨਾਲ ਮਨਾਇਆ
- ਅੰਤਰਰਾਸ਼ਟਰੀ
- (Asia/Kolkata)
ਖ਼ਾਲਿਸਤਾਨ ਲਈ ਸ਼ਹੀਦ ਹੋਣ ਵਾਲੇ ਸੂਰਮੇ ਸਾਡੇ ਨਾਇਕ ਹਨ : ਭਾਈ ਰਣਜੀਤ ਸਿੰਘ/ਭੁਪਿੰਦਰ ਸਿੰਘ
ਅੰਮ੍ਰਿਤਸਰ, 3 ਨਵੰਬਰ , ਨਜ਼ਰਾਨਾ ਟਾਈਮਜ ਬਿਊਰੋ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਖ਼ਾਲਿਸਤਾਨ ਗੁਰੀਲਾ ਫੋਰਸ ਦੇ ਮੁਖੀ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਦਾ ਸ਼ਹੀਦੀ ਦਿਹਾੜਾ ਉਹਨਾਂ ਦੀ ਸੁਪਤਨੀ ਬੀਬੀ ਦਲਜੀਤ ਕੌਰ ਅਤੇ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ, ਪਿੰਡ ਸ਼ਾਹਪੁਰ ਗੁਰਾਇਆ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਵਣ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੇ ਗੁਰਬਾਣੀ ਦਾ ਕੀਰਤਨ ਅਤੇ ਢਾਡੀਆਂ-ਕਵੀਸ਼ਰਾਂ ਤੇ ਪ੍ਰਚਾਰਕਾਂ ਨੇ ਸ਼ਹੀਦਾਂ ਨੂੰ ਸਮਰਪਿਤ ਇਤਿਹਾਸ ਸੁਣਾਇਆ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਆਦਿ ਨੇ ਸੰਗਤਾਂ ਨਾਲ ਸਿੱਖ ਸੰਘਰਸ਼ ਸੰਬੰਧੀ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਖ਼ਾਲਿਸਤਾਨ ਦੀ ਆਜ਼ਾਦੀ ਲਈ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸੂਰਮੇ ਸਾਡੇ ਕੌਮੀ ਨਾਇਕ ਹਨ। ਉਹਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਵੀ ਸਾਧੇ ਅਤੇ ਕਿਹਾ ਕਿ ਭਾਰਤ ਨੇ ਹਮੇਸ਼ਾਂ ਹੀ ਸਿੱਖਾਂ ਨਾਲ ਧੱਕਾ ਅਤੇ ਜ਼ੁਲਮ ਕੀਤਾ ਹੈ। ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਦੀ ਸੁਪਤਨੀ ਬੀਬੀ ਦਲਜੀਤ ਕੌਰ ਅਤੇ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਗੁਰਨਾਮ ਸਿੰਘ ਅਗਵਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਦਵਾਈਆਂ ਤੇ ਕੱਪੜੇ ਵੀ ਵੰਡੇ ਗਏ। ਇਸ ਮੌਕੇ ਚੇਅਰਮੈਨ ਹਰਦੀਪ ਸਿੰਘ, ਸਰਪੰਚ ਜਸਵੰਤ ਸਿੰਘ, ਨੰਬਰਦਾਰ ਲਖਬੀਰ ਸਿੰਘ, ਨੰਬਰਦਾਰ ਲੱਖਾ ਸਿੰਘ ਅਤੇ ਫੈਡਰੇਸ਼ਨ ਆਗੂ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।
Leave a Reply