ਪੰਥ ਦੋਖੀ ਸਾਜ਼ਿਸ਼ ਤਹਿਤ ਸਿੱਖਾਂ ਖ਼ਿਲਾਫ਼ ਮਾਹੌਲ ਸਿਰਜ ਰਹੇ ਨੇ : ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- 22 Jun, 2026 08:02 PM (Asia/Kolkata)
ਅੰਮ੍ਰਿਤਸਰ, 22 ਜੂਨ ਜੁਗਰਾਜ ਸਿੰਘ ਸਰਹਾਲੀ , ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਿਛਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਜਿਸ ਬੇਅਦਬੀ ਕਰਨ ਆਏ ਪਾਪੀ ਨੂੰ ਕਾਬੂ ਕੀਤਾ ਗਿਆ ਸੀ ਉਸ ਦੀ ਚਰਚਾ ਹੁਣ ਬਿਲਕੁਲ ਨਹੀਂ ਹੋ ਰਹੀ। ਜਿਵੇਂ ਕੁਝ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਹਮਲਾ ਕਰਨ ਆਏ ਧਾੜਵੀ ਦੇ ਸੋਧੇ ਮਗਰੋਂ ਅੱਜ ਤਕ ਚਰਚਾ ਨਹੀਂ ਹੋਈ ਕਿ ਉਹ ਕੌਣ ਸੀ ਤੇ ਕਿੱਥੋਂ ਦਾ ਸੀ ?
ਓਸ ਅਰਚਨਾ ਮਕਵਾਨਾ ਨੂੰ ਵੀ ਲੋਕ ਭੁੱਲ ਗਏ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਕਰਦਿਆਂ ਦੀ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਸੀ। ਸੁਣਿਆ ਹੈ ਕਿ ਮਗਰੋਂ ਉਸ ਨੂੰ ਕਿਸੇ ਹਿੰਦੂ ਕੱਟੜਪੰਥੀ ਜਥੇਬੰਦੀ ਨੇ ਸਨਮਾਨਿਤ ਵੀ ਕੀਤਾ ਸੀ ਕਿਉਂਕਿ ਉਸ ਨੇ ਇਹ ਕੰਮ ਸ਼ਰਤ ਲਾ ਕੇ ਕਰਕੇ ਵਿਖਾਇਆ ਸੀ। ਚਰਚਾ ਤਾਂ ਇਹ ਵੀ ਹੈ ਕਿ ਜਿਸ ਬੱਚੀ ਨੇ ਮੱਧ ਪ੍ਰਦੇਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਭੇਸ ਧਾਰ ਕੇ ਮੱਥੇ ਟਿਕਵਾਏ ਸੀ ਉਸ ਨੂੰ ਪਰਿਵਾਰ ਸਮੇਤ ਪੰਥ ਦੋਖੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਮੂੰਹ ਉਤੇ ਤਿਰੰਗਾ ਲਾ ਕੇ ਦਾਖਲ ਹੋਣ ਮੌਕੇ ਹੰਗਾਮੇ ਵਾਲੀ ਕੁੜੀ ਦੇ ਪਿਓ ਦਾ ਵੀ ਸਨਮਾਨ ਹੋਇਆ ਹੈ।
ਜਦ ਡੇਰਾ ਸਿਰਸਾ ਦੇ ਮੁਖੀ ਨੇ ਸਲਾਬਤਪੁਰੇ ਵਿੱਚ ਦਸਮ ਪਾਤਸ਼ਾਹ ਜੀ ਦਾ ਸਵਾਂਗ ਰਚਾਇਆ ਸੀ ਤਾਂ ਉਹ ਕੇਸ ਬਾਦਲ ਸਰਕਾਰ ਨੇ ਰੱਦ ਕਰਵਾ ਦਿੱਤਾ ਸੀ ਜਿਸ ਖ਼ਿਲਾਫ਼ ਹੁਣ ਵਕੀਲ ਨਵਕਿਰਨ ਸਿੰਘ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਹਾਈਕੋਰਟ ਵਿੱਚ ਚਾਰਾਜੋਈ ਕਰ ਰਹੇ ਨੇ। ਇਸ ਮਗਰੋਂ ਛੋਟੇ ਸਾਹਿਬਜ਼ਾਦਿਆਂ ਵਰਗਾ ਬਾਣਾ ਪਵਾ ਕੇ ਕੇਰਲ ਵਿੱਚ ਸਕੂਲੀ ਬੱਚਿਆਂ ਤੋਂ ਸਿੱਖਾਂ ਨੂੰ ਜ਼ਲੀਲ ਕਰਵਾਇਆ ਗਿਆ।
ਸਿੱਖ ਜਦ ਮਸਲਾ ਭੁੱਲ ਜਾਂਦੇ ਨੇ ਤਾਂ ਸਿੱਖਾਂ ਦੇ ਦੁਸ਼ਮਣ ਬਾਅਦ ਵਿੱਚ ਉਹਨਾਂ ਨੂੰ ਸਨਮਾਨਿਤ ਕਰਦੇ ਨੇ। ਅਸਲ ਵਿੱਚ ਇਹ ਭਗਵਾਂ ਹਮਲਾ ਹੈ, ਪਰ ਨਾ ਪੁਲਿਸ ਤੇ ਨਾ ਹੀ ਸ਼੍ਰੋਮਣੀ ਕਮੇਟੀ ਹੀ ਦੋਸ਼ੀਆਂ ਖ਼ਿਲਾਫ਼ ਕੁਝ ਕਰਦੀ-ਕਰਾਉਂਦੀ ਹੈ।
ਸ਼੍ਰੋਮਣੀ ਕਮੇਟੀ ਅਤੇ ਬਾਦਲ ਧੜਾ ਹੋਰ ਬੇਕਾਰ ਜਿਹੇ ਮਸਲਿਆਂ ਉੱਤੇ ਬੜਾ ਪਿੱਟਦਾ ਰਹਿੰਦਾ ਹੈ, ਪਰ ਇਹੋ ਜਿਹੇ ਸੰਵੇਦਨਸ਼ੀਲ ਮਸਲੇ ਉੱਤੇ ਦੜ ਕਿਉਂ ਵੱਟੀ ਰੱਖਦਾ ਹੈ ? ਕੀ ਇਓਂ ਨਹੀਂ ਲੱਗਦਾ ਕਿ ਡੇਰਾ ਸਿਰਸਾ ਦੇ ਮੁਖੀ ਵੱਲੋਂ ਜੋ ਦਸਮ ਪਾਤਸ਼ਾਹ ਵਰਗੇ ਬਸਤਰ ਪਹਿਨ ਕੇ ਖ਼ਾਲਸਾ ਸਜਾਉਣ ਦੀ ਰਵਾਇਤ ਦਾ ਸਿੱਖਾਂ ਨੂੰ ਚਿੜਾਉਣ ਵਾਲਾ ਡਰਾਮਾ ਕਰਨ ਮਗਰੋਂ ਹੀ ਓਸ ਕੁੜੀ ਨੇ ਗੁਰੂ ਨਾਨਕ ਸਾਹਿਬ ਵਰਗੇ ਬਸਤਰ ਤੇ ਛੋਟੇ ਸਕੂਲੀ ਬੱਚਿਆਂ ਨੂੰ ਸਾਹਿਬਜ਼ਾਦਿਆਂ ਵਰਗੇ ਬਸਤਰ ਪਵਾਉਣ ਦੀ ਸਾਜਿਸ਼ ਬਣਾਈ ਗਈ ਹੋਵੇਗੀ ਕਿ ਜੇ ਸਿੱਖ ਇਨ੍ਹਾਂ ਖ਼ਿਲਾਫ਼ ਕੁਝ ਕਰਨਗੇ ਤਾਂ ਦੁਨੀਆਂ ਵਿੱਚ ਬਦਨਾਮ ਹੋਣਗੇ ਕਿ ਸਿੱਖ ਤਾਂ ਛੋਟੇ ਜਿਹੇ ਨਿਆਣਿਆਂ ਦੇ ਦੁਆਲੇ ਹੀ ਹੋ ਗਏ, ਕਿੰਨੇ ਵਹਿਸ਼ੀ ਨੇ।
ਪੰਜਾਬ ਵਿੱਚ ਬੇਅਦਬੀਆ ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਪਿੱਛੇ ਵੀ ਇਹੀ ਸੋਚ ਹੈ ਕਿ ਲਗਾਤਾਰ ਸਿੱਖਾਂ ਨੂੰ ਉਕਸਾਇਆ ਜਾਵੇ ਤੇ ਸਾਰੀ ਦੁਨੀਆਂ ਵਿੱਚ ਜਰਾਇਮ ਪੇਸ਼ਾ ਕਹਿ ਕੇ ਭੰਡਿਆ ਜਾਵੇ ਕਿ ਮਾਮੂਲੀ ਗੱਲ ਪਿਛੇ ਅੱਗ-ਬਗੂਲਾ ਹੋ ਜਾਂਦੇ ਨੇ। ਹਿਮਾਚਲ, ਉਤਰਾਂਚਲ, ਮਹਾਂਰਾਸ਼ਟਰ, ਯੂ.ਪੀ. ਆਦਿਕ ਵਿੱਚ ਸਿੱਖਾਂ ਦੀਆਂ ਕਿਰਪਾਨਾਂ ਦਾ ਮਸਲਾ ਵੀ ਭੜਕਾਉਣ ਲਈ ਹੀ ਹੈ। ਸਿੱਖਾਂ ਖ਼ਿਲਾਫ਼ ਮਹੌਲ ਬਣਾਇਆ ਜਾ ਰਿਹਾ ਹੈ। ਸਿੱਖਾਂ ਨੂੰ ਇਸ ਗੱਲ ਨੂੰ ਸਮਝਣਾ, ਵਿਚਾਰਨਾ ਅਤੇ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ।
Leave a Reply