ਤਹ ਹਮ ਅਧਿਕ ਤਪਸਿਆ ਸਾਧੀ - ਗੁਰਚਰਨਜੀਤ ਸਿੰਘ ਲਾਂਬਾ
- ਗੁਰਬਾਣੀ-ਇਤਿਹਾਸ
- 09 Jul, 2026 06:09 PM (Asia/Kolkata)
(ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ)
ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰਬਲੇ ਜਨਮ ਦਾ ਵਰਣਨ ਅਤੇ ਇਸ ਮਾਤ ਲੋਕ ਵਿਚ ਜਨਮ ਲੈਣ ਦਾ ਮਕਸਦ ਆਪਣੀ ਕਲਮ ਨਾਲ ‘ਅਪਨੀ ਕਥਾ’ ਵਿਚ ਬਿਆਨ ਕਰਦੇ ਹਨ। ਗੁਰਮਤਿ ਪੁਨਰ-ਜਨਮ ਅਤੇ ਇਸ ਤਰ੍ਹਾਂ ਪੂਰਬਲੇ ਜਨਮਾਂ ਦੀ ਨਿਰੰਤਰਾ ਦੇ ਬੁਨਿਆਦੀ ਸਿਧਾਂਤ ਨੂੰ ਪ੍ਰਵਾਨ ਕਰਦੀ ਹੈ।
ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥
ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਕਾ ਅਰਾਧੀ ॥੨॥
ਇਸ ਚੌਪਈ ਵਿਚ ਸਤਿਗੁਰੂ ਜੀ ਨੇ ਦੱਸਿਆ ਕਿ ਹੇਮ ਕੁੰਟ ਪਰਬਤ ਦੇ ਸਥਾਨ ਤੇ ਮੈਂ ਅਧਿਕ ਤਪਸਿਆ ਕੀਤੀ। ਇਸ ਵਿਚ ਕਾਲ ਕੇ ਮਹਾਕਾਲ ਦੀ ਅਰਾਧਨਾ ਕੀਤੀ। ਮਹਾਕਾਲ ਸਤਿਗੁਰੂ ਜੀ ਨੇ ਕਈ ਥਾਵੇਂ ਵਾਹਿਗੁਰੂ ਲਈ ਵਰਤਿਆ ਹੈ। ਸਤਿਗੁਰੂ ਜੀ ਦਸਦੇ ਹਨ ਕਿ ਇਸ ਸਾਧੀ ਹੋਈ ਅਧਿਕ ਤਪਸਿਆ ਦਾ ਫਲ ਪ੍ਰਾਪਤ ਹੋਇਆ, ਇਹ ਬਿਧਿ ਕਰਤ ਤਪਸਿਆ ਭਯੋ।। ਦ੍ਵੈ ਤੇ ਏਕ ਰੂਪ ਹ੍ਵੈ ਗਯੋ।।
ਕੀ ਤਪਸਿਆ ਕਰਨੀ ਗੁਰਮਤਿ ਸਿਧਾਂਤ ਦੇ ਅਨਰੂਪ ਹੈ? ਹਰ ਸਿੱਖ ਨਿਤਾਪ੍ਰਤਿ ਅਰਦਾਸ ਵਿਚ ਹਠੀਆਂ, ਜਪੀਆਂ ਅਤੇ ਤਪੀਆਂ ਦੀ ਕਮਾਈ ਦਾ ਧਿਆਨ ਧਰ ਕੇ ਜੈਕਾਰ ਕਰਦਾ ਹੈ। ਅਰਦਾਸ ਦੇ ਇਹ ਬੋਲ ਸਿੱਖੀ ਭਾਵਨਾ ਦੀ ਤਰਜਮਾਨੀ ਕਰਦੇ ਹਨ,
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ !
ਕੀਰਤਨ, ਪੂਜਾ, ਅਰਾਧਨਾ, ਸਿਮਰਨ, ਜਪ ਤਪ ਆਦਿ ਪੌਰਾਣਕ ਕਾਲ ਵਿਚ ਕੀਤਾ ਜਾਂਦਾ ਸੀ। ਪਰ ਇੱਥੇ ਆਰਾਧਯ ਯਾ ਨਿਰੰਕਾਰ ਦੀ ਪੂਜਾ ਨਹੀਂ ਸੀ ਕੀਤੀ ਜਾ ਰਹੀ ਬਲਿਕ ਦੇਵੀ, ਦੇਵਤਿਆਂ, ਅਵਤਾਰਾਂ ਆਦਿ ਦੀ ਕੀਤੀ ਜਾ ਰਹੀ ਸੀ। ਕਰਤੇ ਨੂੰ ਛਡ ਕਿਰਤਮ ਦੀ ਪੂਜਾ ਕੀਤੀ ਜਾ ਰਹੀ ਸੀ। ਸਤਿਗੁਰੂ ਜੀ ਨੇ ਸ਼ਬਦਾਵਲੀ ਤਾਂ ਇਹੀ ਪੁਰਾਤਨ ਵਰਤੀ ਹੈ ਪਰ ਇੱਥੇ ਆਰਾਧਯ ਕੇਵਲ ਅਤੇ ਕੇਵਲ ਨਿਰੰਕਾਰ ਜਾਂ ਅਕਾਲ ਪੁਰਖ ਨਿਸਚਤ ਕਰ ਦਿੱਤਾ। ਪੂਜਾ ਅਰਚਨਾ ਦੇ ਆਯਾਮ ਨੂੰ ਬਦਲ ਕੇ ਕਿਰਤਮ ਦੀ ਬਜਾਇ ਕਰਤਾਰ ਦੀ ਅਰਾਧਨਾ ਨਿਸਚਤ ਕਰ ਦਿੱਤੀ। ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।। (ਮ:੧ ੬੩੫) । ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸੰਸਾਰ ਸਾਗਰ ਤੋਂ ਤਰਨ ਲਈ ਜਪ ਤਪ ਲਾਜ਼ਮੀ ਕਰਾਰ ਦਿੱਤਾ। ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।। ਨਾ ਸਰਵਰੁ ਨਾ ਊਛਲੈ ਐਸਾ ਪੰਥ ਸੁਹੇਲਾ।। (ਮ:੧ ੭੨੯) । ਜਪੁ ਤਪੁ ਗੁਰਮਤਿ ਦਾ ਬੁਨਿਆਦੀ ਅਤੇ ਅਹਿਮ ਅੰਗ ਹੈ। ਜਪੁ ਤਪੁ ਹੀਣ ਮਾਨਸ ਲਈ ਗੁਰੂ ਅਰਜਨ ਦੇਵ ਜੀ ਜੋਦੜੀ ਕਰਦੇ ਹਨ,
ਜਪੁ ਤਪੁ ਸੰਜਮੁ ਧਰਮੁ ਨਾ ਕਮਾਇਆ।। ਸੇਵਾ ਸਾਧ ਨ ਜਾਨਿਆ ਹਰਿ ਰਾਇਆ।।
ਕਹੁ ਨਾਨਕ ਹਮ ਨੀਚ ਕਰੰਮਾ।। ਸਰਣਿ ਪਰ ਕੀ ਰਾਖਹੁ ਸਰਮਾ।।੨।।੪।। (ਮ:੫ ੧੨)
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੀਤੀ ਤਪਸਿਆ ਦਾ ਹਵਾਲਾ ਭਾਈ ਗੁਰਦਾਸ ਜੀ ਦਿੰਦੇ ਹਨ, ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।। ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।। (ਵਾਰ ੧ ਪਉੜੀ ੨੪) । ਗੁਰੂ ਨਾਨਕ ਦੇਵ ਜੀ ਵਲੋਂ ਕੀਤੀ ਭਾਰੀ ਤਪਸਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ਅਧਿਕ ਤਪਸਿਆ ਵਿਚ ਕੀ ਅੰਤਰ ਹੈ? ਇਹ ਗੁਰਮਤਿ ਦੇ ਰਹੱਸਵਾਦ ਦਾ ਇਕ ਸਿਖਰ ਦਾ ਹਵਾਲਾ ਹੈ ਜਦੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ, ਢਾਢੀ ਸਚੈ ਮਹਲਿ ਖਸਮਿ ਬੁਲਾਇਆ।। ਸਚੀ ਸਿਫਤਿ ਸਾਲਾਹ ਕਪੜਾ ਪਾਇਆ।। (ਮ:੧ ੧੫੦) ।
ਦੂਸਰਾ ਨੁਕਤਾ ਸਤਿਗੁਰੂ ਜੀ ਦੇ ਤਪ ਸਥਾਨ ਸ੍ਰੀ ਹੇਮਕੁੰਟ ਦਾ। ਹਿਮਾਲਾ ਜਾਂ ਪਹਾੜਾਂ ਵਿਚ ਕਈ ਥਾਵੇਂ ਸੱਤ ਚੋਟੀਆਂ ਮੌਜੂਦ ਹਨ। ਰੋਮ ਵੀ ਸੱਤ ਪਹਾੜੀ ਚੋਟੀਆਂ ਦੇ ਵਿਚਕਾਰ ਵੱਸਿਆ ਹੈ। ਜਿਹਨਾਂ ਸੱਤ ਚੋਟੀਆਂ ਦੀ ਪਛਾਣ ਕਰ ਕੇ ਗੁਰਦੁਆਰਾ ਸ੍ਰੀ ਹੇਮ ਕੁੰਟ ਸਾਹਿਬ ਦੀ ਸਥਾਪਨਾ ਪਿਛਲੀ ਸਦੀ ਵਿਚ ਕੀਤੀ ਗਈ ਹੈ ਉਸ ਬਾਰੇ ਤਾਂ ਕੋਈ ਰਾਏ ਦੇ ਸਕਦਾ ਹੈ। ਪਰ ਸਤਿਗੁਰੂ ਜੀ ਵਲੋਂ ਵਰਣਤ ਤਪ ਸਥਾਨ ‘ਸ੍ਰੀ ਹੇਮ ਕੁੰਟ’ ਬਾਰੇ ਕੋਈ ਵਿਵਾਦ ਨਹੀਂ ਹੋ ਸਕਦਾ।
ਅਣਗਿਣਤ ਹਵਾਲੇ ਹਨ ਗੁਰਬਾਣੀ ਵਿਚ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਦੇ ਕਰਤਾ ਪੁਰਖ ਨਾਲ ਪ੍ਰਤੱਖ ਮੁਲਾਕਾਤਾਂ ਦੇ। ਕੀ ਉਹਨਾਂ ਸਥਾਨਾਂ ਨੂੰ ਦੁਨੀਆ ਦੇ ਨਕਸ਼ੇ ਤੇ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ? ਮਸ਼ਹੂਰ ਸ਼ਾਇਰ ਅਕਬਰ ਅਲ੍ਹਾਹਬਾਦੀ ਨੇ ਇਸ ਤੇ ਤਨਜ਼ ਕੀਤਾ ਹੈ,
ਕਯੋਂ ਕਰ ਖ਼ੁਦਾ ਕੇ ਅਰਸ਼ ਕੇ ਕਾਯਲ ਹੋਂ ਯੇਹ ਅਜ਼ੀਜ਼?
ਜੁਗਰਾਫੀਆ ਮੇਂ ਅਰਸ਼ ਕਾ ਨਕਸ਼ਾ ਨਹੀਂ ਮਿਲਾ॥
ਗੁਰਚਰਨਜੀਤ ਸਿੰਘ ਲਾਂਬਾ
ਫੋਨ:+1 973 583 1971
[email protected]
Leave a Reply